ਨਵੀਂ ਦਿੱਲੀ : ਬੀਜੇਪੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਇੱਕ ਵਾਰ ਫ਼ਿਰ ਤੋਂ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਆਪਣੀ ਹੀ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਹੈ। ਵਰੁਣ ਗਾਂਧੀ ਨੇ ਵੀਰਵਾਰ ਨੂੰ ਟਵਿੱਟਰ ‘ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ 1980 ਦੇ ਭਾਸ਼ਣ ਦੀ ਇਕ ਛੋਟੀ ਜਿਹੀ ਕਲਿੱਪ ਪੋਸਟ ਕੀਤੀ ਹੈ। ਇਸ ਵਿਚ ਵਾਜਪਾਈ ਨੇ ਕਿਸਾਨਾਂ ਨੂੰ ਆਪਣੀ ਹਮਾਇਤ ਦਿੰਦੇ ਹੋਏ, ਤਤਕਾਲੀਨ ਇੰਦਰਾ ਗਾਂਧੀ ਦੀ ਸਰਕਾਰ ਨੂੰ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਖ਼ਿਲਾਫ਼ ਚਿਤਾਵਨੀ ਦਿੱਤੀ ਸੀ।
ਵਰੁਣ ਗਾਂਧੀ ਨੇ ਟਵੀਟ ਕੀਤਾ ਕਿ ‘ਵੱਡੇ ਦਿਲ ਵਾਲੇ ਨੇਤਾ ਦੇ ਸਮਝਦਾਰੀ ਭਰੇ ਸ਼ਬਦ’…
Wise words from a big-hearted leader… pic.twitter.com/xlRtznjFAx
— Varun Gandhi (@varungandhi80) October 14, 2021
ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀ ਲਗਾਤਾਰ ਹਮਾਇਤ ਕਰਦੇ ਆ ਰਹੇ ਹਨ। ਵਾਜਪਾਈ ਦੇ ਭਾਸ਼ਣ ਵਾਲਾ ਇਹ ਟਵੀਟ ਕੇਂਦਰ ਸਰਕਾਰ ਲਈ ਉਨ੍ਹਾਂ ਦੇ ਸੰਦੇਸ਼ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ।
ਵੀਡੀਓ ਕਲਿੱਪ ‘ਚ ਅਟਲ ਬਿਹਾਰੀ ਵਾਜਪਾਈ ਨੂੰ ਇਕ ਸਭਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ “ਕਿਸਾਨਾਂ ਨੂੰ ਡਰਾਇਆ ਨਹੀਂ ਜਾ ਸਕਦਾ… ਜੇਕਰ ਸਰਕਾਰ ਕਿਸਾਨਾਂ ਨੂੰ ਦਬਾਏਗੀ, ਕਾਨੂੰਨਾਂ ਦੀ ਦੁਰਵਰਤੋਂ ਕਰੇਗੀ ਅਤੇ ਸ਼ਾਂਤੀਪੂਰਨ ਅੰਦੋਲਨ ਦਾ ਦਮਨ ਕਰੇਗੀ ਤਾਂ ਅਸੀਂ ਕਿਸਾਨਾਂ ਦੇ ਸੰਘਰਸ਼ ’ਚ ਸ਼ਾਮਲ ਹੋਣ ਅਤੇ ਉਨ੍ਹਾਂ ਨਾਲ ਖੜ੍ਹੇ ਹੋਣ ਤੋਂ ਝਿਜਕਾਂਗੇ ਨਹੀਂ।”
ਆਪਣੀ ਹੀ ਪਾਰਟੀ ਦੀਆਂ ਨੀਤੀਆਂ ਖ਼ਿਲਾਫ਼ ਲਗਾਤਾਰ ਬੋਲਦੇ ਆ ਰਹੇ ਵਰੁਣ ਗਾਂਧੀ ਨੂੰ ਹਾਲ ਹੀ ਵਿਚ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਹਟਾ ਦਿੱਤਾ ਗਿਆ, ਇੰਨਾ ਹੀ ਨਹੀਂ ਉਨ੍ਹਾਂ ਦੀ ਮਾਤਾ ਲੋਕ ਸਭਾ ਮੈਂਬਰ ਮੇਨਕਾ ਗਾਂਧੀ ਨੂੰ ਵੀ ਬੀਜੇਪੀ ਨੇ ਆਪਣੀ ਰਾਸ਼ਟਰੀ ਕਾਰਜਕਾਰਨੀ ਤੋਂ ਬਾਹਰ ਕਰ ਦਿੱਤਾ ਹੈ। ਕਿਉਂਕਿ ਉਹ ਕਿਸਾਨਾਂ ਦੀ ਹਮਾਇਤ ’ਚ ਖੁੱਲ੍ਹ ਕੇ ਬੋਲਦੇ ਹਨ।