ਗੁਰਦਾਸਪੁਰ: ਬੀਤੇ ਦਿਨੀਂ ਗੁਰਦਾਸਪੁਰ ਡੀਸੀ ਦਫਤਰ ਵਿੱਚ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ ਤੇ ਡਿਪਟੀ ਕਮਿਸ਼ਨ ਵਿਚਾਲੇ ਹੋਈ ਬਹਿਸ ਤੋਂ ਬਾਅਦ ਹੁਣ ਰੰਧਾਵਾ ਨੇ ਵੱਡਾ ਐਕਸ਼ਨ ਲਿਆ ਹੈ । ਉਨ੍ਹਾਂ ਨੇ ਡੀਸੀ ਓਮਾ ਸ਼ੰਕਰ ਗੁਪਤਾ ਖਿਲਾਫ਼ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ’ਚ ਉਨ੍ਹਾਂ ਅਤੇ ਸਾਥੀਆਂ ਦਾ ਕਥਿੱਤ ਨਿਰਾਦਰ ਕਰਨ ਲਈ ਵਿਸ਼ੇਸ਼ ਅਧਿਕਾਰ ਦਾ ਮਤਾ ਪਾਇਆ ਹੈ।
ਉਨ੍ਹਾਂ ਨੇ ਐੱਸਪੀ ਜੁਗਰਾਜ ਸਿੰਘ, ਏਡੀਸੀ ਵਿਕਾਸ ਗੁਰਪ੍ਰੀਤ ਸਿੰਘ ਭੁੱਲਰ ਤੇ ਏਡੀਸੀ ਨੂੰ ਸੁਰਿੰਦਰ ਸਿੰਘ ਨੂੰ ਗਵਾਹ ਬਣਾਇਆ ਹੈ। ਡੀਸੀ ਦੇ ਦਫ਼ਤਰ ਵਿੱਚ ਘਟਨਾ ਵਾਪਰਨ ਸਮੇਂ ਇਹ ਸਾਰੇ ਅਧਿਕਾਰੀ ਮੌਜੂਦ ਸਨ। ਉਧਰ ਡੀਸੀ ਦਫਤਰ ਯੂਨੀਅਨ ਨੇ ਇਲਜ਼ਾਮ ਲਗਾਇਆ ਹੈ ਕਿ ਸਿਆਸੀ ਆਗੂਆਂ ਨੇ ਡੀਸੀ ਦੇ ਅਹੁਦੇ ਦੇ ਅਕਸ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਕਿਹਾ ਲੀਡਰਾਂ ਨੇ ਹੰਗਾਮਾ ਕੀਤਾ ਅਤੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਹੈ ।
ਵਿਸ਼ੇਸ਼ ਅਧਿਕਾਰ ਮਤਾ, ਸੰਸਦ ਮੈਂਬਰਾਂ ਵੱਲੋਂ ਕੀਤੀ ਜਾਣ ਵਾਲੀ ਰਸਮੀ ਸ਼ਿਕਾਇਤ ਹੈ ਜੋ ਉਨ੍ਹਾਂ ਦੇ ਅਧਿਕਾਰਾਂ, ਸ਼ਕਤੀਆਂ ਅਤੇ ਸਨਮਾਨ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਚੁਣੌਤੀ ਦਿੰਦੀ ਹੈ। ਬੀਤੇ ਦਿਨੀ BDPO ਵੱਲੋਂ ਉਮੀਦਵਾਰਾਂ ਨੂੰ NOC ਨਾ ਮਿਲਣ ਦੇ ਖਿਲਾਫ਼ ਸੁਖਜਿੰਦਰ ਰੰਧਾਵਾ,ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ,ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵ ਅਤੇ ਬਰਿੰਦਰ ਮੀਤ ਸਿੰਘ ਪਾਹੜਾ ਨੇ ਧਰਨਾ ਦਿੱਤਾ ਸੀ । ਇਸ ਤੋਂ ਬਾਅਦ ਜਦੋਂ ਉਹ ਡੀਸੀ ਨੂੰ ਉਹ ਮਿਲਣ ਪਹੁੰਚੇ ਤਾਂ ਇਲਜ਼ਾਮਾਂ ਮੁਤਾਬਿਕ ਡਿਪਟੀ ਕਮਿਸ਼ਨ ਨੇ ਉਨ੍ਹਾਂ ਨੂੰ ਦਫਤਰ ਤੋਂ ਜਾਣ ਦੇ ਆਦੇਸ਼ ਦਿੱਤੇ ਜਿਸ ‘ਤੇ ਭੜਕੇ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਚਿਤਾਵਨੀ ਦਿੰਦੇ ਹੋ ਕਿਹਾ ਜੇਕਰ ਲੱਤਾਂ ਵਿੱਚ ਦਮ ਹੈ ਤਾਂ ਬਾਹਰ ਕੱਢ ਕੇ ਵਿਖਾਉ,ਸਿਰਫ਼ ਇੰਨਾਂ ਹੀ ਨਹੀਂ ਰੰਧਾਵਾ ਨੇ ਡੀਸੀ ਨੂੰ ਕਰੱਪਟ ਤੱਕ ਕਹਿਕੇ ਸੰਬੋਧਿਤ ਕੀਤਾ ।
ਉਧਰ ਡਿਪਟੀ ਕਮਿਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਨੂੰ ਬਾਹਰ ਜਾਣ ਲਈ ਨਹੀਂ ਕਿਹਾ ਸੀ । ਅਜਿਹੇ ਇਲਜ਼ਾਮ ਲਗਾ ਕੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ। ਡੀਸੀ ਨੇ ਕਿਹਾ ਮੈਂ ਸੁਖਜਿੰਦਰ ਰੰਧਾਵਾ ਨੂੰ ਚਾਹ ਆਫਰ ਕੀਤੀ, ਉਹ ਕਦੇ ਵੀ ਕਿਸੇ ਐੱਮਪੀ ਅਤੇ ਐਲਓਪੀ ਨੂੰ ਆਪਣਾ ਦਫ਼ਤਰ ਛੱਡਣ ਲਈ ਕਹਿਣ ਬਾਰੇ ਸੋਚ ਵੀ ਨਹੀਂ ਸਕਦੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।