ਵਿਗਿਆਨੀਆਂ ਨੇ ਇਸ ਤਕਨੀਕ ਨਾਲ ਮਾਂ ਨੂੰ 4 ਸਾਲ ਪਹਿਲਾ ਮਰ ਚੁੱਕੀ ਧੀ ਨਾਲ ਮਿਲਵਾਇਆ

TeamGlobalPunjab
3 Min Read

ਸਿਓਲ: ਵਿਗਿਆਨ ਅਤੇ ਤਕਨੀਕੀ ਖੇਤਰ ਹਰ ਦਿਨ ਤਰੱਕੀ ਕਰਦੇ ਹੋਏ ਵੱਡੀ ਕਾਮਯਾਬੀ ਹਾਸਲ ਕਰ ਰਿਹਾ ਹੈ ਤੇ ਇਨ੍ਹਾਂ ਤਕਨੀਕਾਂ ਦੀ ਸਹਾਇਤਾ ਨਾਲ ਅੱਜ ਅਜਿਹੇ ਕੰਮ ਕੀਤੇ ਜਾ ਸਕਦੇ ਹਨ ਜੋ ਆਮ ਇਨਸਾਨ ਦੀ ਸੋਚ ਤੋਂ ਵੀ ਕਿਤੇ ਪਰੇ ਹਨ। ਵਿਗਿਆਨ ਅਤੇ ਤਕਨੀਕ ਦੇ ਵਿਕਾਸ ਦਾ ਇੱਕ ਅਜਿਹਾ ਹੀ ਨਮੂਨਾ ਸਾਹਮਣੇ ਆਇਆ ਹੈ, ਜਿਸ ਵਾਰੇ ਆਮ ਇਨਸਾਨੀ ਦਿਮਾਗ ਕਦੇ ਸੋਚ ਵੀ ਨਹੀਂ ਸਕਦਾ।

ਵਿਗਿਆਨੀਆਂ ਦੀ ਇਸ 7ਡੀ ਤਕਨੀਕ ਨਾਲ ਤਾਂ ਹੁਣ ਇੰਨਾ ਵੀ ਸੰਭਵ ਹੋ ਗਿਆ ਹੈ ਕਿ ਕਿਸੇ ਵੀ ਮਰੇ ਹੋਏ ਇਨਸਾਨ ਦੇ ਕਿਰਦਾਰ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕੇ। ਅਜਿਹੇ ਹੀ ਇੱਕ ਮਾਮਲੇ ਵਿੱਚ ਇੱਕ ਮਾਂ ਨੂੰ ਇਸ ਤਕਨੀਕ ਦੇ ਸਹਾਰੇ ਉਸ ਦੀ 4 ਸਾਲ ਪਹਿਲਾਂ ਮਰ ਚੁੱਕੀ ਧੀ ਨਾਲ ਮਿਲਵਾਇਆ ਗਿਆ। ਇਸ ਲੜਕੀ ਦੀ ਮੌਤ 2016 ਵਿੱਚ ਹੋ ਗਈ ਸੀ ਪਰ ਇਸ ਤਕਨੀਕ ਦੀ ਮਦਦ ਨਾਲ ਹੁਬਹੂ ਧੀ ਦਾ ਮਾਡਲ ਤਿਆਰ ਕੀਤਾ ਗਿਆ ਅਤੇ ਮਾਂ ਨਾਲ ਉਸ ਦੀ ਮੁਲਾਕ਼ਾਤ ਕਰਵਾਈ ਗਈ।

ਮਿਰਰ ਦੀ ਵੈਬਸਾਈਟ ‘ਤੇ ਛਪੀ ਇੱਕ ਰਿਪੋਰਟ ਦੇ ਮੁਤਾਬਕ ਵਿਗਿਆਨ ਦਾ ਇਹ ਕਾਰਨਾਮਾ ਸਾਉਥ ਕੋਰੀਆ ਵਿੱਚ ਸੰਭਵ ਹੋ ਸਕਿਆ ਹੈ। ਇੱਥੋਂ ਦੇ ਇੱਕ ਟੀਵੀ ਸ਼ੋਅ ‘ਮੀਟਿੰਗ ਯੂ’ ਵਿੱਚ ਇੱਕ ਮਾਂ ਨੂੰ ਉਨ੍ਹਾਂ ਦੀ ਮ੍ਰਿਤ ਧੀ ਨਾਲ ਮਿਲਵਾਇਆ ਗਿਆ। ਦਰਅਸਲ, ਇਹ ਸਭ 7ਡੀ ਤਕਨੀਕ ਕਾਰਨ ਹੀ ਸੰਭਵ ਹੋ ਸਕਿਆ ਇੱਥੋਂ ਤੱਕ ਕਿ ਇਸ ਸ਼ੋਅ ਦੌਰਾਨ ਮਾਂ ਅਤੇ ਉਨ੍ਹਾਂ ਦੀ ਧੀ ਨੇ ਇੱਕ-ਦੂੱਜੇ ਨੂੰ ਛੂਇਆ ਵੀ। ਦੋਵਾਂ ਨੇ ਦੇਰ ਤੱਕ ਇੱਕ-ਦੂੱਜੇ ਨਾਲ ਖੂਬ ਗੱਲਾਂ ਕੀਤੀਆਂ ਅਤੇ ਬਹੁਤ ਪਿਆਰ ਕੀਤਾ।

ਇਸ ਵਿੱਚ ਮ੍ਰਿਤ ਧੀ ਨੇ ਜਾਂਦੇ ਸਮੇਂ ਆਪਣੀ ਮਾਂ ਨਾਲ ਇਹ ਵਾਅਦਾ ਵੀ ਕੀਤਾ ਕਿ ਉਹ ਉਨ੍ਹਾਂ ਨੂੰ ਫਿਰ ਮਿਲਣ ਆਵੇਗੀ। ਉਸਨੇ ਆਪਣੀ ਮਾਂ ਨੂੰ ਇਹ ਵੀ ਦੱਸਿਆ ਕਿ ਹੁਣ ਉਸਨੂੰ ਉਹ ਦਰਦ ਵੀ ਨਹੀਂ ਹੈ ਜਿਸਦੀ ਵਜ੍ਹਾ ਕਾਰਨ ਉਸਦੀ ਮੌਤ ਹੋਈ ਸੀ। ਦੋਵੇਂ ਮਾਂ-ਧੀ ਦੀ ਮੁਲਾਕਾਤ ਵਰਚੁਅਲ ਰਿਅਲਿਟੀ ( Virtual Reality ) ਜ਼ਰਿਏ ਹੋਈ। ਇਸ ਕੋਰੀਅਨ ਮਾਂ ਦਾ ਨਾਮ ਜਾਂਗ ਜੀ ਸੁੰਗ ਹੈ ਅਤੇ ਧੀ ਦਾ ਨਾਮ ਨੇਇਯਾਨ (Nayeon) ਦੱਸਿਆ ਗਿਆ ਹੈ।

ਇਸ ਸ਼ੋਅ ‘ਤੇ ਮਾਂ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਬਹੁਤ ਯਾਦ ਕਰਦੀ ਹੈ। ਇਸ ‘ਤੇ ਧੀ ਨੇਇਯਾਨ ਨੇ ਵੀ ਜਵਾਬ ਵਿੱਚ ਕਿਹਾ ਕਿ ਉਹ ਵੀ ਆਪਣੀ ਮਾਂ ਨੂੰ ਯਾਦ ਕਰਦੀ ਹੈ। ਉਸ ਸਮੇਂ ਮਾਂ – ਧੀ ਦੀ ਮੁਲਾਕਾਤ ਵਿੱਚ ਭਾਵੁਕਤਾ ਆ ਗਈ ਜਦੋਂ ਇਸ ਮੁਲਾਕਾਤ ਦੌਰਾਨ ਧੀ ਦੀਆਂ ਅੱਖਾਂ ‘ਚੋਂ ਹੰਝੂ ਡਿੱਗਣ ਲੱਗੇ। ਉੱਥੇ ਹੀ ਦਰਸ਼ਕਾਂ ਵਿੱਚ ਬੈਠੇ ਨੇਇਯਾਨ ਦੇ ਪਿਤਾ ਅਤੇ ਭਰਾ, ਭੈਣ ਵੀ ਮਾਂ – ਧੀ ਦੀ ਇਸ ਮੁਲਾਕਾਤ ਨੂੰ ਵੇਖ ਰਹੇ ਸਨ।

Share this Article
Leave a comment