ਮਹਾਨ ਸੂਝਵਾਨ ਅਦਾਕਾਰਾ ਤੇ ਨ੍ਰਤਕੀ ਸੀ: ਜ਼ੋਹਰਾ ਸਹਿਗਲ

TeamGlobalPunjab
4 Min Read

-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਰੰਗਮੰਚ, ਟੈਲੀਵਿਜ਼ਨ ਤੇ ਫ਼ਿਲਮ ਜਗਤ ਦੀ ਮਹਾਨ ਹਸਤੀ ਜ਼ੋਹਰਾ ਸਹਿਗਲ ਦਾ ਜਨਮ 27 ਅਪ੍ਰੈਲ,1912 ਨੂੰ ਉਤਰ ਪ੍ਰਦੇਸ਼ ਦੇ ਕਸਬਾ ਰਾਮਪੁਰ ਵਿਖੇ ਹੋਇਆ ਸੀ ਤੇ ਉਸਦਾ ਅਸਲ ਨਾਂ ਸਾਹਿਬਜ਼ਾਦੀ ਜ਼ੋਹਰਾ ਮੁਮਤਾਜ਼ੁੱਲਾਹ ਖ਼ਾਨ ਬੇਗ਼ਮ ਸੀ।

ਬਚਪਨ ਤੋਂ ਲੜਕਿਆਂ ਵਾਲੇ ਸ਼ੌਕ ਪਾਲਣ ਵਾਲੀ ਤੇ ਸੁਭਾਅ ਦੀ ਅਤਿ ਸ਼ਰਾਰਤੀ ਜ਼ੋਹਰਾ ਦੀ ਪੜ੍ਹਾਈ ਲਿਖਾਈ ਤੇ ਪਾਲਣ ਪੋਸ਼ਣ ਦੇਹਰਾਦੂਨ ਨੇੜਲੇ ਕਸਬਾ ਚਕਾਰਤਾ ਵਿਖੇ ਹੋਇਆ ਸੀ। ਰੁੱਖਾਂ ‘ਤੇ ਚੜ੍ਹ ਕੇ ਛਲਾਂਗਾਂ ਲਗਾਉਣੀਆਂ, ਬਾਗ਼ ‘ਚੋਂ ਚੋਰੀ ਨਾਲ ਅੰਬ ਤੋੜ ਕੇ ਦੌੜਨਾ ਤੇ ਆਉਂਦੇ ਜਾਂਦੇ ਰਾਹੀਆਂ ਨੂੰ ਪ੍ਰੇਸਾਨ ਕਰਨ ਉਸਨੂੰ ਬੜਾ ਚੰਗਾ ਲੱਗਦਾ ਸੀ।

ਜ਼ੋਹਰਾ ਅਜੇ ਬਹੁਤ ਛੋਟੀ ਸੀ ਕਿ ਉਸਦੀ ਮਾਂ ਦਾ ਦੇਹਾਂਤ ਹੋ ਗਿਆ। ਮਾਂ ਦੀ ਇੱਛਾ ਅਨੁਸਾਰ ਜ਼ੋਹਰਾ ਅਤੇ ਉਸਦੀ ਭੈਣ ਨੂੰ ਲਾਹੌਰ ਦੇ ਕੁਈਨ ਮੈਰੀ ਕਾਲਜ ਵਿਖੇ ਪੜ੍ਹਨ ਲਈ ਭੇਜਿਆ ਗਿਆ।

- Advertisement -

ਬੀ.ਏ.ਦੀ ਡਿਗਰੀ ਹਾਸਿਲ ਕਰਨ ਉਪਰੰਤ ਜ਼ੋਹਰਾ ਦੇ ਮਾਮੇ ਨੇ ਉਸਨੂੰ ਅਦਾਕਾਰੀ ਦੀ ਕਲਾ ਸਿੱਖਣ ਲਈ ਇੱਕ ਬਰਤਾਨਵੀ ਅਦਾਕਾਰ ਕੋਲ ਭੇਜ ਦਿੱਤਾ। ਇੱਕ ਵਾਰ ਜਦੋਂ ਉਸ ਜ਼ਮਾਨੇ ਦੇ ਮਸ਼ਹੂਰ ਨ੍ਰਿਤ ਉਸਤਾਦ ਪੰਡਿਤ ਉਦੇ ਸ਼ੰਕਰ ਜੋ ਕਿ ਭਾਰਤ ਦੇ ਮਸ਼ਹੂਰ ਸਿਤਾਰਵਾਦਕ ਪੰਡਿਤ ਰਵੀ ਸ਼ੰਕਰ ਦੇ ਵੱਡੇ ਭਾਈ ਸਨ, ਯੂਰਪ ਦੇ ਦੌਰੇ ‘ਤੇ ਸਨ ਤਾਂ ਜ਼ੋਹਰਾ ਉਨ੍ਹਾ ਦੀ ਨ੍ਰਿਤ-ਨਾਟਿਕਾ ‘ਸ਼ਿਵ-ਪਾਰਵਤੀ’ ਵੇਖ਼ ਕੇ ਬੜੀ ਪ੍ਰਭਾਵਿਤ ਹੋਈ ਤੇ ਉਸਨੇ ਪੰਡਿਤ ਜੀ ਨੂੰ ਮਿਲ ਕੇ ਉਨ੍ਹਾ ਦੇ ਗਰੁੱਪ ਵਿੱਚ ਸ਼ਾਮਿਲ ਹੋਣ ਦੀ ਇੱਛਾ ਪ੍ਰਗਟਾਈ।

ਸੰਨ 1940 ਵਿੱਚ ਜਦੋਂ ਅਠਾਈ ਸਾਲ ਦੀ ਸੀ ਤਾਂ ਪੰਡਿਤ ਉਦੇ ਸ਼ੰਕਰ ਨੇ ਉਸਨੂੰ ਉੱਤਰ ਪ੍ਰਦੇਸ਼ ਦੇ ਅਲਮੋੜਾ ਵਿਖੇ ਸਥਿਤ ਆਪਣੇ ਸੱਭਿਆਚਾਰਕ ਕੇਂਦਰ ਵਿਖੇ ਅਧਿਆਪਕਾ ਨਿਯੁਕਤ ਕਰ ਦਿੱਤਾ। ਇੱਥੇ ਹੀ ਜ਼ੋਹਰਾ ਦੀ ਮੁਲਾਕਾਤ ਸ੍ਰੀ ਕਾਮੇਸ਼ਵਰ ਸਹਿਗਲ ਨਾਮਕ ਸ਼ਖ਼ਸ ਨਾਲ ਹੋਈ ਜੋ ਕਿ ਇੱਕ ਸੂਝਵਾਨ ਵਿਗਿਆਨੀ,ਚਿੱਤਰਕਾਰ ਅਤੇ ਅਦਾਕਾਰ ਸੀ। ਜ਼ੋਹਰਾ ਨੂੰ ਛੇਤੀ ਹੀ ਕਾਮੇਸ਼ਵਰ ਨਾਲ ਮੁਹੱਬਤ ਹੋ ਗਈ ਤੇ ਬਾਅਦ ਵਿੱਚ ਦੋਵਾਂ ਨੇ ਸ਼ਾਦੀ ਕਰਵਾ ਲਈ।

ਸੰਨ 1945 ਵਿੱਚ ਰੰਗਮੰਚ ਦੀ ਦੀਵਾਨੀ ਜ਼ੋਹਰਾ ਨੇ ਅਦਾਕਾਰ ਪ੍ਰਿਥਵੀ ਰਾਜ ਕਪੂਰ ਦੇ ਪ੍ਰਿਥਵੀ ਥੀਏਟਰ ਗਰੁੱਪ ਵਿੱਚ ਸ਼ਾਮਿਲ ਹੋ ਕੇ ਲਗਪਗ ਪੰਦਰ੍ਹਾਂ ਸਾਲ ਤੱਕ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਨਾਟਕ ਖੇਡੇ ਤੇ ਨਾਲ ਦੀ ਨਾਲ ਉਹ ਨਾਟ ਸੰਸਥਾ ‘ਇਪਟਾ’ ਦਾ ਵੀ ਹਿੱਸਾ ਬਣੀ।

ਇਪਟਾ ਵੱਲੋਂ ਲੇਖਕ-ਨਿਰਦੇਸ਼ਕ ਖ਼ਵਾਜਾ ਅਹਿਮਦ ਅੱਬਾਸ ਦੀ ਅਗਵਾਈ ਵਿੱਚ ਬਣਾਈ ਗਈ ਪਹਿਲੀ ਫ਼ੀਚਰ ਫ਼ਿਲਮ ‘ ਧਰਤੀ ਕੇ ਲਾਲ ‘ ਵਿੱਚ ਵੀ ਜ਼ੋਹਰਾ ਨੇ ਆਪਣੀ ਅਦਾਕਾਰੀ ਤੇ ਨਾਚ ਕਲਾ ਦੇ ਜੌਹਰ ਵਿਖਾਏ ਤੇ ਇਸ ਤੋਂ ਬਾਅਦ ਇਪਟਾ ਦੀ ਦੂਜੀ ਪੇਸ਼ਕਸ਼ ‘ਨੀਚਾ ਨਗਰ’ ਵਿੱਚ ਵੀ ਉਸਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਉਘੇ ਨਿਰਦੇਸ਼ਕ ਚੇਤਨ ਅਨੰਦ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਭਾਰਤ ਹੀ ਨਹੀਂ ਵਿਸ਼ਵ ਪੱਧਰ ‘ਤੇ ਨਾਮਣਾ ਖੱਟਣ ‘ਚ ਕਾਮਯਾਬ ਰਹੀ ਤੇ ਕਾਨਜ਼ ਫ਼ਿਲਮ ਮੇਲੇ ਵਿੱਚ ਇਸ ਫ਼ਿਲਮ ਨੂੰ ਭਾਰੀ ਪ੍ਰਸ਼ੰਸ਼ਾ ਹਾਸਿਲ ਹੋਈ ਸੀ।

ਇਸ ਤੋਂ ਬਾਅਦ ਜ਼ੋਹਰਾ ਸਹਿਗਲ ਨੇ ਮਸ਼ਹੂਰ ਫ਼ਿਲਮਕਾਰ ਗੁਰੂਦੱਤ ਦੀ ਫ਼ਿਲਮ ‘ ਬਾਜ਼ੀ ‘ ਲਈ ਬਤੌਰ ਕੋਰੀਓਗ੍ਰਾਫ਼ਰ ਕੰਮ ਕੀਤਾ ਤੇ ਰਾਜ ਕਪੂਰ ਦੀ ਪ੍ਰਸਿੱਧ ਫ਼ਿਲਮ ‘ਅਵਾਰਾ ‘ ਦੇ ਸੁਪਨ ਦ੍ਰਿਸ਼ ਦੀ ਸਿਰਜਣਾ ਵੀ ਕੀਤੀ ਸੀ। ਲੰਦਨ ਵਿਖੇ ਕਈ ਟੀ.ਵੀ.ਲੜੀਵਾਰਾਂ ਵਿੱਚ ਜ਼ੋਹਰਾ ਮੁੱਖ ਭੂਮਿਕਾਵਾਂ ਨਿਭਾਉਣ ਵਾਲੀ ਜ਼ੋਹਰਾ ਨੇ ਭਾਰਤੀ ਸਿਨੇਮਾ ਵਿੱਚ ਜਿਹੜੀਆਂ ਮਹੱਤਵਪੂਰਨ ਫ਼ਿਲਮਾਂ ਕੀਤੀਆਂ ਸਨ ਉਨ੍ਹਾ ਵਿੱਚ ‘ ਫ਼ਰੇਬ,ਹੀਰ,ਪੈਸਾ, ਦਿਲ ਸੇ,ਹਮ ਦਿਲ ਦੇ ਚੁਕੇ ਸਨਮ,ਦਿਲਲਗੀ, ਬੈਂਡ ਇਟ ਲਾਈਕ ਬੈਕਹਮ,ਚਲੋ ਇਸ਼ਕ ਲੜਾਏਂ, ਸਾਇਆ, ਕਲ ਹੋ ਨਾ ਹੋ,ਚੀਨੀ ਕਮ,ਵੀਰ-ਜ਼ਾਰਾ ਅਤੇ ਸਾਂਵਰੀਆ ‘ ਦੇ ਨਾਂ ਪ੍ਰਮੁੱਖ ਸਨ।

- Advertisement -

ਥੀਏਟਰ ਅਤੇ ਫ਼ਿਲਮ ਜਗਤ ਦੀ ਇਸ ਮਹਾਨ ਫ਼ਨਕਾਰ ਨੂੰ ਕਈ ਸਾਰੇ ਇਨਾਮਾਂ-ਸਨਮਾਨਾਂ ਨਾਲ ਨਿਵਾਜਿਆ ਗਿਆ ਸੀ ਜਿਨ੍ਹਾ ਵਿੱਚ ‘ ਸੰਗੀਤ ਨਾਟਕ ਅਕਾਦਮੀ ਪੁਰਸਕਾਰ, ਪਦਮ ਸ੍ਰੀ, ਕਾਲੀਦਾਸ ਸਨਮਾਨ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ’ ਵੀ ਸ਼ਾਮਿਲ ਸਨ। ਹਸਮੁੱਖ ਸੁਭਾਅ ਦੀ ਇਸ ਸੁਲਝੀ ਹੋਈ ਫ਼ਨਕਾਰ ਦਾ 10 ਜੁਲਾਈ, 2014 ਨੂੰ ਦੇਹਾਂਤ ਹੋ ਗਿਆ ਸੀ।

ਮੋਬਾਇਲ: 97816-46008

Share this Article
Leave a comment