ਪੰਜਾਬ ਵਿੱਚ ਸ਼ਨੀਵਾਰ ਨੂੰ 5 ਲੱਖ ਤੋਂ ਵੱਧ ਲੋਕਾਂ ਨੂੰ ਦਿੱਤੀ ਗਈ ਵੈਕਸੀਨ

TeamGlobalPunjab
3 Min Read

ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੇ ‘ਮਿਸ਼ਨ ਫ਼ਤਿਹ’ ਤਹਿਤ ਕੋਵਿਡ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਕਰਨ ਤੋਂ ਬਾਅਦ ਹੁਣ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਵਿੱਚ ਟੀਕਾਕਰਨ ਮੁਹਿੰਮ ਨੇ ਵੀ ਤੇਜ਼ੀ ਫੜੀ ਹੋਈ ਹੈ।
ਕੋਵਿਡ ਟੀਕਾਕਰਨ ਦੇ ਸਟੇਟ ਨੋਡਲ ਅਫਸਰ ਵਿਕਾਸ ਗਰਗ ਨੇ  ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਅੱਜ (3 ਜੁਲਾਈ) ਨੂੰ ਇਕ ਦਿਨ ਵਿੱਚ 5.14 ਲੱਖ ਟੀਕੇ ਲਗਾਉਣ ਦੇ ਨਿਰਧਾਰਤ ਕੀਤੇ ਟੀਚੇ ਨੂੰ ਕਰੀਬ ਕਰੀਬ ਪੂਰਾ ਕਰਦਿਆਂ ਸੂਬੇ ਵਿੱਚ 5 ਲੱਖ ਤੋਂ ਵੱਧ ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਹੁਣ ਤੱਕ ਪੰਜਾਬ ਵਿੱਚ ਟੀਕਿਆਂ ਦੀਆਂ 78 ਲੱਖਾਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਅੰਕੜੇ 18 ਸਾਲ ਤੋਂ ਵੱਧ ਹਰ ਉਮਰ ਵਰਗ ਤੇ ਤਰਜੀਹੀ ਵਰਗਾਂ ਨੂੰ ਮਿਲਾ ਕੇ ਕੁੱਲ ਗਿਣਤੀ ਦੇ ਹਨ।

ਸਟੇਟ ਨੋਡਲ ਅਫਸਰ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾਕਟਰੀ ਅਮਲੇ ਅਤੇ ਸਿਹਤ ਕਾਮਿਆਂ ਨੂੰ ਦਿੱਤੀ ਹੱਲਾਸ਼ੇਰੀ ਨਾਲ ਸੂਬੇ ਵਿੱਚ ਟੀਕਾਕਰਨ ਲਈ ਨਿਰਧਾਰਤ ਟੀਚਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਟੀਕਿਆਂ ਦੀ ਹੋਰ ਸਪਲਾਈ ਦੇਣ ਦੀ ਵੀ ਗੁਜ਼ਾਰਿਸ਼ ਕੀਤੀ ਹੈ ਤਾਂ ਜੋ ਸੂਬੇ ਵਿੱਚ ਸਫਲਤਾ ਨਾਲ ਚੱਲ ਰਹੀ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਕੋਵਿਡ ਉਤੇ ਫ਼ਤਿਹ ਪਾਈ ਜਾ ਸਕੇ।

ਬੁਲਾਰੇ ਨੇ ਅੱਗੇ ਕਿਹਾ ਕਿ ਇਸ ਵੱਡੀ ਪ੍ਰਾਪਤੀ ਲਈ ਮੁੱਖ ਮੰਤਰੀ ਨੇ ਜ਼ਿਲਾ ਪ੍ਰਸ਼ਾਸਨ ਦੇ ਨਾਲ ਸਿਹਤ ਵਿਭਾਗ ਦੇ ਹਰੇਕ ਡਾਕਟਰ, ਪੈਰਾ ਮੈਡੀਕਲ ਸਟਾਫ ਤੇ ਕਰਮਚਾਰੀ ਨੂੰ ਸਰਗਰਮੀ ਨਾਲ ਨਿਭਾਈ ਜਾ ਰਹੀ ਭੂਮਿਕਾ ਲਈ ਵਧਾਈ ਵੀ ਦਿੱਤੀ ਹੈ। ਉਨ੍ਹਾਂ ਕਿਹਾ, ”ਇਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਲੋਕ ਅੱਗੇ ਹੋ ਕੇ ਵਧ-ਚੜ੍ਹ ਕੇ ਟੀਕਾਕਰਨ ਮੁਹਿੰਮ ਨੂੰ ਸਫਲ ਬਣਾ ਰਹੇ ਹਨ ਅਤੇ ਟੀਕਾਕਰਨ ਪ੍ਰਤੀ ਕਿਸੇ ਵਿੱਚ ਕੋਈ ਵੀ ਸ਼ੰਕਾ ਨਹੀਂ ਹੈ। ਪੰਜਾਬ ਦੀ ਇਸ ਮੁਹਿੰਮ ਨੂੰ ਹੋਰ ਸਫਲ ਬਣਾਉਣ ਲਈ ਭਾਰਤ ਸਰਕਾਰ ਦਾ ਸਿਹਤ ਮੰਤਰਾਲਾ ਟੀਕਿਆਂ ਦੀ ਸਪਲਾਈ ਵਿੱਚ ਹੋਰ ਤੇਜ਼ੀ ਲਿਆਈ ਜਾਵੇ।”

ਵਿਕਾਸ ਗਰਗ ਅਨੁਸਾਰ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਤਾਂ ਤੈਅ ਕੀਤੇ ਟੀਚਿਆਂ ਤੋਂ ਵੱਧ ਟੀਕੇ ਲਗਾਏ ਜਾ ਰਹੇ ਹਨ ਜੋ ਇਨ੍ਹਾਂ ਸਬੰਧਤ ਜ਼ਿਲ੍ਹਿਆਂ ਦੇ ਸਥਾਨਕ ਸਿਵਲ ਤੇ ਮੈਡੀਕਲ ਪ੍ਰਸਾਸਨ ਦੀ ਸਖਤ ਮਿਹਨਤ ਸਦਕਾ ਸੰਭਵ ਹੋਇਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਮੁਕਤਸਰ, ਗੁਰਦਾਸਪੁਰ, ਐਸ.ਏ.ਐਸ. ਨਗਰ (ਮੁਹਾਲੀ), ਕਪੂਰਥਲਾ ਤੇ ਪਠਾਨਕੋਟ ਸ਼ਾਮਲ ਹਨ ਜਿਨ੍ਹਾਂ ਨੇ ਨਿਰਧਾਰਤ ਟੀਚੇ ਤੋਂ ਵੱਧ ਖੁਰਾਕਾਂ ਲਗਾਈਆਂ ਹਨ। ਇਸ ਤੋਂ ਲੱਗਦਾ ਹੈ ਕਿ ਪੰਜਾਬ ਜਲਦ ਹੀ ਆਪਣੇ ਤੈਅ ਕੀਤੀ ਆਬਾਦੀ ਨੂੰ ਟੀਕਾਕਰਨ ਤਹਿਤ ਕਵਰ ਕਰ ਲਵੇਗਾ। ਕੋਵਿਨ ਉਤੇ ਹਾਲੇ ਡਾਟਾ ਅਪਲੋਡ ਹੋ ਰਿਹਾ ਹੈ ਜਿਸ ਕਾਰਨ ਜਾਪਦਾ ਹੈ ਕਿ ਪੰਜਾਬ ਇਕ ਦਿਨ ਵਿੱਚ 6 ਲੱਖ ਤੋਂ ਵੱਧ ਖੁਰਾਕਾਂ ਦਾ ਅੰਕੜਾ ਪਾਰ ਕਰ ਜਾਵੇਗਾ।

- Advertisement -

Share this Article
Leave a comment