ਨਿਊਜ਼ ਡੈਸਕ: ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਪਬਲਿਕ ਸਰਵਿਸ ਹੜਤਾਲ ਚੱਲ ਰਹੀ ਹੈ। 150,000 ਤੋਂ ਵੱਧ ਫ਼ੈਡਰਲ ਪਬਲਿਕ ਸਰਵਿਸ ਕਰਮਚਾਰੀਆਂ ਨੇ ਹੜਤਾਲ ਮੁੜ ਤੋਂ ਸ਼ੁਰੂ ਕਰ ਦਿਤੀ ਹੈ। ਇਸ ਗਿਣਤੀ ਵਿੱਚ ਕੈਨੇਡਾ ਰੈਵੇਨਿਊ ਏਜੰਸੀ (CRA) ਦੇ 35,000 ਕਾਮੇ ਹਨ। ਦਸ ਦਈਏ ਕਿ ਫ਼ੈਡਰਲ ਮੁਲਾਜ਼ਮਾਂ ਦੀ ਵੱਡੀ ਯੂਨੀਅਨ, ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ (PSAC) ਅਤੇ ਫ਼ੈਡਰਲ ਸਰਕਾਰ ਦਰਮਿਆਨ ਗੱਲਬਾਤ ਦਾ ਕੋਈ ਸਿਟਾ ਨਹੀਂ ਨਿਲਕਿਆ ਹੈ।ਜਿਸ ਤੋਂ ਬਾਅਦ ਯੂਨੀਅਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਕਾਨਫ਼੍ਰੰਸ ‘ਚ ਐਲਾਨ ਕੀਤਾ ਕਿ ਬੁੱਧਵਾਰ ਸਵੇਰੇ 12:01 ਵਜੇ ਤੋਂ ਹੜਤਾਲ ਪ੍ਰਭਾਵੀ ਹੋ ਜਾਵੇਗੀ।
ਕ੍ਰਿਸ ਨੇ ਇਹ ਨਹੀਂ ਦੱਸਿਆ ਕਿ ਸਰਕਾਰ ਅਤੇ ਯੂਨੀਆਨ ਵਿਚਕਾਰ ਗੱਲਬਾਤ ਦੌਰਾਨ ਕਿਹੜੇ ਮੁੱਦਿਆਂ ‘ਤੇ ਚਰਚਾ ਕੀਤੀ ਗਈ ਹੈ। ਪਰ ਉਨ੍ਹਾਂ ਕਿਹਾ ਕਿ ਜਦੋਂ ਤੱਕ ਯੂਨੀਅਨ ਦੇ ਅਹਿਮ ਮੁੱਦਿਆਂ ਦਾ ਨਿਪਟਾਰਾ ਨਹੀਂ ਹੁੰਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ।ਟ੍ਰੈਜ਼ਰੀ ਬੋਰਡ ਔਫ਼ ਕੈਨੇਡਾ ਦੇ ਸਕੱਤਰੇਤ ਨੇ ਮੰਗਲਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਸਮਝੌਤੇ ‘ਤੇ ਪਹੁੰਚਣ ਲਈ ਉਨ੍ਹਾਂ ਨੇ ਉਹ ਸਭ ਕੀਤਾ ਜੋ ਉਹ ਕਰ ਸਕਦੇ ਸਨ
।ਸਰਕਾਰ ਨੇ PSAC ਨੂੰ ਇੱਕ ਨਿਰਪੱਖ ਅਤੇ ਚੰਗੇ ਆਫ਼ਰ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਦਾ ਜਵਾਬ ਦਿੱਤਾ
। ਸਕੱਤਰੇਤ ਨੇ ਕਿਹਾ ਕਿ ਸਰਕਾਰ ਵੱਲੋਂ ਨਿਰਪੱਖ ਅਤੇ ਚੰਗੀ ਆਫ਼ਰ ਪੇਸ਼ ਕੀਤੇ ਜਾਣ ਦੇ ਬਾਵਜੂਦ ਯੂਨੀਅਨ ਉਨ੍ਹਾਂ ਮੰਗਾਂ ‘ਤੇ ਅੜੀ ਹੋਈ ਹੈ ਜੋਕਿ ਬਰਦਾਸ਼ਤਯੋਗ ਨਹੀਂ ਹਨ ਅਤੇ ਕੈਨੇਡੀਅਨਜ਼ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਸਰਕਾਰ ਦੀ ਸਮਰੱਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੀਆਂ।
ਪਹਿਲਾ ਗਰੁੱਪ, PSAC ਦਾ ਟ੍ਰੈਜ਼ਰੀ ਬੋਰਡ ਗਰੁੱਪ ਹੈ, ਜਿਸ ਵਿਚ ਮੁਲਕ ਭਰ ਦੇ 20 ਵਿਭਾਗਾਂ ਅਤੇ ਮਹਿਕਮਿਆਂ ਦੇ ਵਰਕਰ ਸ਼ਾਮਿਲ ਹਨ।ਦੂਸਰਾ ਗਰੁੱਪ, PSAC ਅਤੇ ਇਸਦੀ ਛੋਟੀ ਇਕਾਈ, ਯੂਨੀਅਨ ਔਫ਼ ਟੈਕਸੇਸ਼ਨ ਇੰਪਲੋਇਜ਼ ਦੀ ਨੁਮਾਇੰਦਗੀ ਹੇਠ ਹੈ, ਜਿਸ ਵਿਚ ਕੈਨੇਡਾ ਰੈਵਨਿਊ ਏਜੰਸੀ (CRA) ਦੇ ਵਰਕਰ ਸ਼ਾਮਿਲ ਹਨ। ਯੂਨੀਅਨ ਤਿੰਨ ਸਾਲਾਂ ਦੇ ਇਕਰਾਰਨਾਮੇ ਵਿੱਚ ਪ੍ਰਤੀ ਸਾਲ 4.5 ਪ੍ਰਤੀਸ਼ਤ ਵਾਧੇ ਦੀ ਮੰਗ ਕਰ ਰਹੀ ਹੈ। ਪਿਛਲੀ ਰਿਪੋਰਟ ‘ਤੇ ਸਰਕਾਰ ਨੇ ਤਿੰਨ ਸਾਲਾਂ ਦੌਰਾਨ ਪ੍ਰਤੀ ਸਾਲ ਤਿੰਨ ਫੀਸਦੀ ਦੀ ਪੇਸ਼ਕਸ਼ ਕੀਤੀ ਸੀ। ਤਨਖਾਹ ਵਾਧੇ ਤੋਂ ਇਲਾਵਾ, ਯੂਨੀਅਨ ਠੇਕੇ ਦੇ ਕੰਮ ‘ਤੇ ਵੱਧ ਸੀਮਾਵਾਂ ਅਤੇ ਸਮੂਹਿਕ ਸਮਝੌਤੇ ਵਿੱਚ ਲਿਖੇ ਰਿਮੋਟ ਕੰਮ ਲਈ ਪ੍ਰਬੰਧ ਵੀ ਚਾਹੁੰਦੀ ਹੈ।
ਫ਼ੈਡਰਲ ਸਰਕਾਰ ਅਤੇ PSAC ਦੇ ਦੋਵੇਂ ਗਰੁੱਪਾਂ ਦਰਮਿਆਨ ਗੱਲਬਾਤ 2021 ਵਿਚ ਸ਼ੁਰੂ ਹੋਈ ਸੀ। ਯੂਨੀਅਨ ਨੇ ਪਿਛਲੇ ਸਾਲ ਦੋਵੇਂ ਗਰੁੱਪਾਂ ਨਾਲ ਗੱਲਬਾਤ ਠੁੱਸ ਹੋਣ ਦਾ ਐਲਾਨ ਕੀਤਾ ਸੀ।ਸਰਕਾਰ ਵੱਲੋਂ ਪ੍ਰਸਤਾਵਿਤ ਵੇਜ ਵਾਧੇ ਪ੍ਰਤੀ ਅਸਹਿਮਤੀ ਕਾਰਨ ਟ੍ਰੈਜ਼ਰੀ ਬੋਰਡ ਗਰੁੱਪ ਨੇ ਜਨਵਰੀ ਵਿਚ ਹੜਤਾਲ ਦੇ ਪੱਖ ਵਿਚ ਵੋਟਾਂ ਕਰਾਉਣ ਦਾ ਐਲਾਨ ਕੀਤਾ ਸੀ।ਇਸ ਗਰੁੱਪ ਲਈ 22 ਫ਼ਰਵਰੀ ਤੋਂ 11 ਅਪ੍ਰੈਲ ਤੱਕ ਹੜਤਾਲ ਲਈ ਵੋਟਿੰਗ ਹੋਈ ਅਤੇ ਸੀਆਰਏ ਗਰੁੱਪ ਨੇ 31 ਜਨਵਰੀ ਤੋਂ 6 ਅਪ੍ਰੈਲ ਤੱਕ ਹੜਤਾਲ ਲਈ ਵੋਟਾਂ ਪਵਾਈਆਂ।ਯੂਨੀਅਨ ਨੇ ਇਹ ਨ੍ਹੀਂ ਦੱਸਿਆ ਕਿ ਕਿੰਨੇ ਮੈਂਬਰਾਂ ਨੇ ਹੜਤਾਲ ਦੇ ਪੱਖ ਵਿਚ ਵੋਟ ਪਾਈ, ਪਰ ਉਸਨੇ ਕਿਹਾ ਕਿ ਉਸਨੂੰ ਵਰਕਰਾਂ ਦਾ ਬੇਤਹਾਸ਼ਾ ਸਮਰਥਨ ਮਿਲਿਆ ਹੈ।ਯੂਨੀਅਨ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਜੇ ਮੰਗਲਵਾਰ ਰਾਤ 9 ਵਜੇ ਤੱਕ ਫ਼ੈਡਰਲ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਹੁੰਦਾ, ਤਾਂ ਬੁੱਧਵਾਰ ਤੋਂ ਯੂਨੀਅਨ ਹੜਤਾਲ ਕਰੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.