ਚੰਡੀਗੜ੍ਹ: (ਅਵਤਾਰ ਸਿੰਘ): ਪਿਛਲੇ 3-4 ਦਿਨਾਂ ਤੋਂ ਮਾਨਸੂਨ ਦੀ ਰਫਤਾਰ ਕੁਝ ਮੱਧਮ ਜਿਹੀ ਚੱਲ ਰਹੀ ਸੀ ਅਤੇ ਤਾਪਮਾਨ ਦੇ ਨਾਲ-ਨਾਲ ਨਮੀ ਵੱਧਣ ਨਾਲ ਵੀ ਕਾਫੀ ਗਰਮੀ ਅਤੇ ਹੁੰਮਸ ਵਾਲ ਮੌਸਮ ਹੋ ਗਿਆ ਸੀ। ਪਰ ਅੱਜ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ 3-4 ਦਿਨ ਰਾਹਤ ਮਿਲਣ ਦੀ ਸੰਭਾਵਨਾ ਹੈ। ਮਾਨਸੂਨ ਫਿਰ ਤੋਂ ਕਿਰਿਆਸ਼ੀਲ ਹੋ ਗਿਆ ਹੈ ਅਤੇ ਪੰਜਾਬ ਵਿੱਚ ਕਈ ਥਾਂਈ ਅਗਲੇ 48-72 ਘੰਟਿਆਂ ਦੌਰਾਨ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਪ੍ਰਕਿਰਿਆ 4 ਜੁਲਾਈ ਸ਼ਾਮ ਤੋਂ ਹੀ ਸ਼ੁਰੂ ਹੋ ਜਾਵੇਗੀ ਅਤੇ ਪੰਜਾਬ ਦੇ ਉਤਰ-ਦੱਖਣੀ ਭਾਗਾਂ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ, ਅੰਮਿ੍ਰਤਸਰ, ਤਰਨਤਾਰਨ, ਫਿਰੋਜ਼ਪੁਰ, ਜਲੰਧਰ ਅਤੇ ਨਾਲ ਲੱਗਦੇ ਭਾਗਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। 4 ਜੁਲਾਈ ਤੋਂ ਬਾਅਦ ਅਗਲੇ 48-72 ਘੰਟਿਆਂ ਵਿੱਚ ਇਸ ਦੀ ਤੀਬਰਤਾ ਪੰਜਾਬ ਦੇ ਹੋਰ ਭਾਗਾਂ ਵਿੱਚ ਵੀ ਤੇਜ਼ ਹੋਣ ਦੀ ਸੰਭਾਵਨਾ ਹੈ।
ਜਿਸ ਦੇ ਚੱਲਦਿਆਂ ਪੰਜਾਬ ਦੇ ਉੱਤਰੀ ਭਾਗਾਂ ਦੇ ਕੁਝ ਖੇਤਰਾਂ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ, ਅੰਮਿ੍ਰਤਸਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਆਦਿ ਦੇ ਕੁਝ ਇਲਾਕਿਆਂ ਵਿੱਚ 5-6 ਜੁਲਾਈ ਨੂੰ ਭਾਰੀ ਵਰਖਾ (7 ਸੈਂਟੀਮੀਟਰ) ਵੀ ਹੋ ਸਕਦੀ ਹੈ। ਇਸਦੇ ਨਾਲ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਵਰਖਾ ਦੇ ਨਾਲ ਇਨ੍ਹਾਂ ਦਿਨਾਂ ਵਿੱਚ ਤੇਜ਼ ਰਫਤਾਰ ਹਵਾਵਾਂ ( ਲਗਭਗ 45 ਕਿਲੋਮੀਟਰ ਪ੍ਰਤੀ ਘੰਟਾ) ਵੀ ਚੱਲ ਸਕਦੀਆਂ ਹਨ ਅਤੇ ਕਿਤੇ-ਕਿਤੇ ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ।