ਚੰਡੀਗੜ੍ਹ : ਮਨੀ ਲਾਂਡਰਿੰਗ ਮਾਮਲੇ ਵਿਚ ਈ.ਡੀ. ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਵੀਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਡਿਊਟੀ ਮੈਜਿਸਟਰੇਟ ਰੰਜਨ ਕੁਮਾਰ ਖੁੱਲਰ ਦੀ ਅਦਾਲਤ ਵਿੱਚ ਈ.ਡੀ. ਨੇ ਖਹਿਰਾ ਦਾ 14 ਦਿਨ ਦਾ ਹੋਰ ਰਿਮਾਂਡ ਮੰਗਿਆ, ਇਸ ਦਾ ਬਚਾਅ ਪੱਖ ਨੇ ਵਿਰੋਧ ਕੀਤਾ। ਅਦਾਲਤ ਨੇ ਇਸ ‘ਤੇ ਫੈਸਲਾ ਦਿੰਦੇ ਹੋਏ ਖਹਿਰਾ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਸੁਖਪਾਲ ਖਹਿਰਾ ਨੂੰ ਪਟਿਆਲਾ ਜੇਲ੍ਹ ਭੇਜਿਆ ਗਿਆ ਹੈ।
ਇਸ ਤੋਂ ਪਹਿਲਾਂ ਮੁਹਾਲੀ ਕੋਰਟ ਵਿੱਚ ਵੱਡੀ ਗਿਣਤੀ ‘ਚ ਖਹਿਰਾ ਸਮਰਥਕ ਮੌਜੂਦ ਸਨ। ਪੇਸ਼ੀ ਤੋਂ ਪਹਿਲਾਂ ਹੀ ਖਹਿਰਾ ਸਮਰਥਕਾਂ ਨੇ ਕੋਰਟ ਕੰਪਲੈਕਸ ਦੇ ਅੰਦਰ ਹੀ ਖਹਿਰਾ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਉਧਰ ਖਹਿਰਾ ਨੇ ਆਪਣੀ ਪਾਰਟੀ ਕਾਂਗਰਸ ‘ਤੇ ਮੁਸੀਬਤ ਸਮੇਂ ਸਾਥ ਨਾ ਦੇਣ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਉਹ ਬਾਹਰ ਆ ਕੇ ਵੱਡਾ ਖੁਲਾਸਾ ਕਰਨਗੇ ।
ਜ਼ਿਕਰਯੋਗ ਹੈ ਕਿ ਈ.ਡੀ. ਨੇ ਬੀਤੇ ਹਫ਼ਤੇ ਵੀਰਵਾਰ ਨੂੰ ਸੁਖਪਾਲ ਖਹਿਰਾ ਨੂੰ ਦਫ਼ਤਰ ਵਿੱਚ ਪੁੱਛਗਿੱਛ ਲਈ ਸੱਦਿਆ ਸੀ ਅਤੇ ਉਸ ਸਮੇਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।