ਮੁਹਾਲੀ ਪ੍ਰਸ਼ਾਸਨ ਵਲੋਂ ‘ਕੋਵੀਡ ਸਪਾਈਕ ਮੈਨੇਜਮੈਂਟ ਪਲਾਨ’ ਸ਼ੁਰੂ

TeamGlobalPunjab
3 Min Read

ਐਸ ਏ ਐਸ ਨਗਰ: ਜ਼ਿਲ੍ਹੇ ਵਿੱਚ ਕੋਵਿਡ -19 ਦੇ ਕੇਸਾਂ ਵਿੱਚ ਹੋ ਰਹੇ ਨਿਰੰਤਰ ਵਾਧੇ ਦੇ ਮੱਦੇਨਜ਼ਰ ਮੁਹਾਲੀ ਪ੍ਰਸ਼ਾਸਨ ਨੇ ‘ਕੋਵੀਡ ਸਪਾਈਕ ਮੈਨੇਜਮੈਂਟ ਪਲਾਨ’ ਨੂੰ ਸ਼ੁਰੂ ਕਰ ਦਿੱਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮਹਾਂਮਾਰੀ ਫੈਲਣ ਦੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ।

ਦਿਆਲਨ ਨੇ ਕਿਹਾ “ਵਿਸ਼ਵਵਿਆਪੀ ਮਹਾਂਮਾਰੀ ਫੈਲਣ ਤੋਂ ਸਿੱਖਦਿਆਂ, ਸਾਨੂੰ ਕਿਸੇ ਵੀ ਸਮੇਂ ਕੇਸਾਂ ਵਿਚ ਵਾਧੇ ਦੀ ਉਮੀਦ ਸੀ। ਇਸ ਲਈ, ਅਸੀਂ ਆਪਣਾ ਕੋਵਿਡ ਸਪਾਈਕ ਮੈਨੇਜਮੈਂਟ ਪਲਾਨ ਸਮੇਂ ਸਿਰ ਤਿਆਰ ਕੀਤਾ ਅਤੇ ਹੁਣ ਇਸ ਨੂੰ ਅਮਲ ਵਿੱਚ ਲਿਆਂਦਾ ਹੈ। ”

ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਗਿਆਨ ਸਾਗਰ ਹਸਪਤਾਲ ਤੋਂ ਇਲਾਵਾ, ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕੋਵਿਡ ਦੇ ਬਿਨ੍ਹਾਂ ਲੱਛਣਾਂ ਵਾਲੇ 200 ਮਰੀਜਾਂ ਲਈ ਕੋਵਿਡ ਕੇਅਰ ਸੈਂਟਰ (ਸੀ.ਸੀ.ਸੀ.) ਸ਼ੁਰੂ ਕੀਤਾ ਗਿਆ ਹੈ ਅਤੇ ਸਾਡੇ ਕੋਲ 800 ਹੋਰ ਬੈਡਾਂ ਦਾ ਵੀ ਇਥੇ ਪ੍ਰਬੰਧ ਹੈ, ਜਿਸ ਨੂੰ ਜਰੂਰਤ ਪੈਣ ‘ਤੇ ਵਰਤਿਆ ਜਾ ਸਕਦਾ ਹੈ। ਡੇਰਾਬਸੀ ਵਿੱਚ ਇੱਕ ਹੋਰ ਸੀ.ਸੀ.ਸੀ. ਸਥਾਪਤ ਕੀਤਾ ਜਾਵੇਗਾ। ਪ੍ਰਾਈਵੇਟ ਹਸਪਤਾਲਾਂ ਨੂੰ ਵੀ ਚੌਕਸੀ ‘ਤੇ ਰੱਖਿਆ ਗਿਆ ਹੈ ਅਤੇ ਇਕਾਂਤਵਾਸ ਦੇ ਕੇਸਾਂ ਲਈ ਵਧੇਰੇ ਬੈਡ ਰਾਖਵੇਂ ਰੱਖਣ ਲਈ ਕਿਹਾ ਗਿਆ ਹੈ। ਕੋਵਿਡ ਪਾਜੇਟਿਵ ਗਰਭਵਤੀ ਮਾਵਾਂ ਦੇ ਜਣੇਪੇ ਅਤੇ ਪ੍ਰਬੰਧਨ ਲਈ ਜ਼ਿਲ੍ਹਾ ਹਸਪਤਾਲ ਵਿੱਚ ਇੱਕ ਵਿਸ਼ੇਸ਼ ਸਹੂਲਤ ਬਣਾਈ ਗਈ ਹੈ।

ਬੁਨਿਆਦੀ ਢਾਂਚੇ ਤੋਂ ਇਲਾਵਾ, ਟੈਸਟਿੰਗ ਸਮਰੱਥਾ ਨੂੰ ਅਪਗ੍ਰੇਡ ਕੀਤਾ ਗਿਆ ਹੈ। ਐਂਟੀਜੇਨ ਟੈਸਟਿੰਗ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਟੈਸਟ ਦੇ ਨਤੀਜੇ ਅੱਧੇ ਘੰਟੇ ਦੇ ਅੰਦਰ ਉਪਲਬਧ ਹੁੰਦੇ ਹਨ। ਡੀਸੀ ਨੇ ਕਿਹਾ, “ਅਸੀਂ ਪਾਜੇਟਿਵ ਮਰੀਜ਼ਾਂ ਦੇ ਸੰਪਰਕਾਂ ਦੇ ਇਕ ਦਿਨ ਵਿਚ ਘੱਟੋ ਘੱਟ ਸੌ ਟੈਸਟ ਕਰਨ ਦਾ ਟੀਚਾ ਮਿੱਖਿਆ ਹੈ ਤਾਂ ਜੋ ਉਨ੍ਹਾਂ ਦੇ ਸੰਪਰਕਾਂ ਤੋਂ ਕੇਸਾਂ ਵਿਚ ਹੋਰ ਵਾਧੇ ਦੀ ਰੋਕ ਕਰ ਸਕੀਏ।” ਉਹਨਾਂ ਅੱਗੇ ਕਿਹਾ ਕਿ ਟੈਸਟਿੰਗ ਲਈ ਦੂਜੀ ਟਰੂਨਾਟ ਮਸ਼ੀਨ ਡੇਰਾਬਸੀ ਵਿਖੇ ਲਗਾਈ ਗਈ ਹੈ।

- Advertisement -

ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਨੂੰ ਤੁਰੰਤ ਡਾਕਟਰੀ ਸਲਾਹ-ਮਸ਼ਵਰਾ ਪ੍ਰਦਾਨ ਕਰਨ ਲਈ, ਇੱਕ ਸਮਰਪਿਤ ਕਾਲ ਸੈਂਟਰ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਕਾਲ ਸੈਂਟਰ ਦੇ ਡਾਕਟਰ ਰੋਜ਼ਾਨਾ ਇਹਨਾਂ ਮਰੀਜ਼ਾਂ ਦੇ ਸੰਪਰਕ ਵਿੱਚ ਰਹਿਣਗੇ ਅਤੇ ਮਰੀਜ਼ ਵੀ ਸਿਹਤ ਸੰਬੰਧੀ ਕੋਈ ਅਸੁਵਿਧਾ ਜਾਂ ਸਿਹਤ ਖਰਾਬ ਹੋਣ ਦੀ ਸੂਰਤ ਵਿਚ ਸਲਾਹ ਮਸ਼ਵਰਾ ਕਰਨ ਲਈ ਡਾਕਟਰਾਂ ਨਾਲ ਸੰਪਰਕ ਕਰ ਸਕਦੇ ਹਨ। ਜੇ ਲੋੜ ਪਈ ਤਾਂ ਵੀਡੀਓ ਕਾਲਿੰਗ ਦੀ ਸਹੂਲਤ ਵੀ ਮਰੀਜ਼ਾਂ ਨੂੰ ਦਿੱਤੀ ਜਾਵੇਗੀ।

ਆਸ਼ਿਕਾ ਜੈਨ ਏਡੀਸੀ (ਜ) ਅਤੇ ਰਾਜੀਵ ਗੁਪਤਾ ਏਡੀਸੀ (ਡੀ) ਤੋਂ ਇਲਾਵਾ, ਮੀਟਿੰਗ ਵਿੱਚ ਹਿਮਾਂਸ਼ੂ ਜੈਨ, ਕੁਲਦੀਪ ਬਾਵਾ, ਜਗਦੀਪ ਸਹਿਗਲ (ਸਾਰੇ ਐਸਡੀਐਮਜ਼), ਮਨਜੀਤ ਸਿੰਘ ਸਿਵਲ ਸਰਜਨ ਅਤੇ ਜ਼ਿਲ੍ਹਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

Share this Article
Leave a comment