ਚੰਡੀਗੜ੍ਹ: ਕੌਮੀ ਸੁਰੱਖਿਆ ਅਤੇ ਖੇਤਰੀ ਅਖੰਡਤਾ ਨੂੰ ਖ਼ਤਰੇ ਵਿਚ ਪਾਉਣ ਲਈ ਮੋਦੀ ਨੂੰ ਆੜੇ ਹੱਥੀਂ ਲੈਂਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਕਿਹਾ ਕਿ ਜੇ ਪ੍ਰਧਾਨ ਮੰਤਰੀ ਸਮੇਂ ਸਿਰ ਆਪਣੀ ਗੂੜ੍ਹੀ ਨੀਂਦ ਤੋਂ ਉੱਠੇ ਹੁੰਦੇ ਤਾਂ ਗਲਵਾਨ ਵਾਦੀ ਵਿੱਚ ਸੈਨਿਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਸਨ।
ਇੱਥੇ ਸੈਕਟਰ 15 ਦੇ ਕਾਂਗਰਸ ਭਵਨ ਵਿਖੇ ਗਲਵਾਨ ਵਾਦੀ ਵਿੱਚ ਸ਼ਹੀਦ ਹੋਏ ਬਹਾਦਰ ਸੈਨਿਕਾਂ ਨੂੰ ਸਰਧਾਂਜਲੀ ਭੇਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੀ ਜਵਾਨਾਂ ਦੀਆਂ ਕੀਮਤਾਂ ਜਾਨਾਂ ਦੇ ਹੋਏ ਨੁਕਸਾਨ ਲਈ ਪ੍ਰਧਾਨ ਮੰਤਰੀ ਜ਼ਿੰਮੇਵਾਰ ਹਨ। ਇਸ ਮੌਕੇ ਜਾਖੜ ਨਾਲ ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਸਿੰਘ ਆਵਲਾ ਵੀ ਮੌਜੂਦ ਸਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਐਨਐਸਯੂਆਈ ਪੰਜਾਬ ਅਤੇ ਚੰਡੀਗੜ੍ਹ ਦੀਆਂ ਇਕਾਈਆਂ ਵੱਲੋਂ ਅੱਜ ਇਥੇ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੌਰਾਨ 300 ਯੂਨਿਟ ਖੂਨ ਇਕੱਤਰ ਕਰਕੇ ਪੀਜੀਆਈ ਨੂੰ ਸੌਂਪਿਆ ਗਿਆ।
ਇਸ ਮੌਕੇ ਬੋਲਦਿਆਂ ਐਨਐਸਯੂਆਈ ਪੰਜਾਬ ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਕਿਹਾ ਕਿ ਇਹ ਉਨ੍ਹਾਂ ਲਈ ਸਾਡਾ ਸਤਿਕਾਰ ਅਤੇ ਸ਼ੁਕਰਾਨਾ ਹੈ ਜਿਨ੍ਹਾਂ ਨੇ ਗਲਾਵਾਨ ਝੜਪ ਦੌਰਾਨ ਚੀਨੀਆਂ ਨਾਲ ਲੜਦਿਆਂ ਸਾਡੇ ਲਈ ਆਪਣੀਆਂ ਕੀਮਤੀ ਜਾਨਾਂ ਦੀ ਕੁਰਬਾਨੀ ਦਿੱਤੀ। ਉਨ੍ਹਾਂ ਇਹ ਕਹਿੰਦਿਆਂ ਕਿ ਬਹਦਾਰ ਸੈਨਿਕਾਂ ਦੀਆਂ ਕੀਮਤੀ ਜਾਨਾਂ ਦਾ ਨੁਕਸਾਨ ਅਸਵੀਕਾਰਯੋਗ ਹੈ ਅਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਰਾਸ਼ਟਰ ਨੂੰ ਜਵਾਬ ਦੇਣਾ ਚਾਹੀਦਾ। ਜਦੋਂ ਸਾਡੇ ਸੈਨਿਕਾਂ `ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਤਾਂ ਸੈਨਿਕਾਂ ਨੂੰ ਦੁਸ਼ਮਣ `ਤੇ ਗੋਲੀਆਂ ਚਲਾਉਣ ਦੀ ਆਗਿਆ ਕਿਉਂ ਨਹੀਂ ਦਿੱਤੀ ਗਈ।ਉਨ੍ਹਾਂ ਨੂੰ ਕਿਸਨੇ ਰੋਕ ਕੇ ਰੱਖਿਆ? ਅਕਸ਼ੈ ਨੇ ਮੰਗ ਕੀਤੀ ਕਿ ਮੋਦੀ ਨੂੰ ਜਵਾਬ ਦੇਣਾ ਪਵੇਗਾ।
ਖੂਨ ਦਾਨ ਕੈਂਪ ਦੌਰਨ 300 ਤੋਂ ਵੱਧ ਯੂਨਿਟ ਖੂਨ ਇਕੱਤਰ ਕਰਕੇ ਪੀਜੀਆਈ ਨੂੰ ਸੌਂਪਿਆ ਗਿਆ। ਅਕਸ਼ੈ ਨੇ ਪੀਜੀਆਈ ਡਾਕਟਰਾਂ ਅਤੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨੇਕ ਕਾਰਜ ਵਿਚ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣ ਵਾਸਤੇ ਪ੍ਰੇਰਿਤ ਕਰਨ ਲਈ ਐਨ.ਐਸ.ਯੂ.ਆਈ. ਕੇਡਰ ਦੀ ਭਾਵਨਾ ਅਤੇ ਉਤਸ਼ਾਹ ਦੀ ਵੀ ਸ਼ਲਾਘਾ ਕੀਤੀ।
ਐਨਐਸਯੂਆਈ ਚੰਡੀਗੜ੍ਹ ਦੇ ਇੰਚਾਰਜ ਸ਼ੌਰਿਆਵੀਰ ਕਾਦਿਆਨ ਨੇ ਵੀ ਮੀਡੀਆ ਅਤੇ ਵਾਲੰਟੀਅਰਾਂ ਦਾ ਸਮਾਗਮ ਦੇ ਆਯੋਜਨ ਵਿੱਚ ਦਿਲੋਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਮੁਖੀ ਬਰਿੰਦਰ ਸਿੰਘ ਢਿੱਲੋਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੰਡੀਗੜ੍ਹ ਦੇ ਪ੍ਰਧਾਨ ਪ੍ਰਦੀਪ ਛਾਬੜਾ ਅਤੇ ਐਨਐਸਯੂਆਈ ਦੇ ਸ਼ੋਸ਼ਲ ਮੀਡੀਆ ਦੇ ਚੇਅਰਮੈਨ ਮਨੋਜ ਲੁਬਾਣਾ ਮੌਜੂਦ ਸਨ।