ਰੂਸੀ ਰਾਸ਼ਟਰਪਤੀ ਨੇ ਕਿਹਾ ਮੋਦੀ ਅਤੇ ਸ਼ੀ ਜਿਨਪਿੰਗ ਜ਼ਿੰਮੇਵਾਰ ਆਗੂ, ਭਾਰਤ-ਚੀਨ ਦੇ ਮੁੱਦੇ ਹੱਲ ਕਰਨ ‘ਚ ਸਮਰੱਥ’

TeamGlobalPunjab
2 Min Read

ਸੇਂਟ ਪੀਟਰਜ਼ਬਰਗ (ਰੂਸ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਜ਼ਿੰਮੇਵਾਰ’ ਆਗੂ ਦੱਸਦਿਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਦੋਵੇਂ ਆਗੂ ਭਾਰਤ ਅਤੇ ਚੀਨ ਵਿਚਕਾਰਲੇ ਮਸਲਿਆਂ ਨੂੰ ਸੁਲਝਾਉਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਖੇਤਰ ਤੋਂ ਬਾਹਰ ਕਿਸੇ ਵੀ ਤਾਕਤ ਨੂੰ ਇਸ ਪ੍ਰਕਿਰਿਆ ਵਿੱਚ ਦਖਲ ਨਹੀਂ ਦੇਣਾ ਚਾਹੀਦਾ।

 ਪੁਤਿਨ ਨੇ ਸ਼ੁੱਕਰਵਾਰ ਨੂੰ ਸੈਂਟ ਪੀਟਰਸਬਰਗ ਇੰਟਰਨੈਸ਼ਨਲ ਇਕੋਨਾਮਿਕ ਫੋਰਮ (ਐਸ.ਪੀ.ਆਈ.ਈ.ਐਫ.) ਵਿਚ ਅੰਤਰਰਾਸ਼ਟਰੀ ਸਮਾਚਾਰ ਏਜੰਸੀਆਂ ਦੇ ਪ੍ਰਮੁੱਖਾਂ ਨਾਲ ਬੈਠਕ ਦੌਰਾਨ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬਹੁਤ ਜ਼ਿੰਮੇਦਾਰ ਲੋਕ ਹਨ ਅਤੇ ਇਕ-ਦੂਜੇ ਨਾਲ ਵਿਅਕਤੀਗਤ ਰੂਪ ਨਾਲ ਬਹੁਤ ਸਨਮਾਨ ਨਾਲ ਵਿਵਹਾਰ ਕਰਦੇ ਹਨ।ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਹ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਹੱਲ ਕਰਨ ਦੇ ਉਪਾਅ ਲੱਭ ਲੈਣਗੇ। ਮੁੱਖ ਗੱਲ ਇਹ ਹੈ ਕਿ ਗੈਰ-ਖੇਤਰੀ ਸ਼ਕਤੀਆਂ ਇਸ ਵਿਚ ਦਖ਼ਲਅੰਦਾਜ਼ੀ ਨਾ ਕਰਨ।’ ਪੂਰਬੀ ਲੱਦਾਖ ਵਿਚ ਸਰਹੱਦ ਸਬੰਧਤ ਮੌਜੂਦਾ ਰੁਕਾਵਟ ਨੂੰ ਖ਼ਤਮ ਕਰਨ ਲਈ ਭਾਰਤ ਅਤੇ ਚੀਨ ਵਿਚਾਲੇ ਹੁਣ ਤੱਕ ਕੋਰ ਕਮਾਂਡਰ-ਪੱਧਰ ਦੀ ਗੱਲਬਾਤ ਦੇ 10 ਤੋਂ ਜ਼ਿਆਦਾ ਦੌਰ ਹੋ ਚੁੱਕੇ ਹਨ।

ਰੂਸ ਵੱਲੋਂ ਭਾਰਤ, ਅਮਰੀਕਾ, ਜਪਾਨ ਅਤੇ ਆਸਟਰੇਲੀਆ ਵੱਲੋਂ ਬਣਾਏ ਗਏ ਕੁਆਡ ਗਰੁੱਪ ਦੀ ਜਨਤਕ ਤੌਰ ’ਤੇ ਆਲੋਚਨਾ ਕੀਤੇ ਜਾਣ ਬਾਰੇ ਪੂਤਿਨ ਨੇ ਕਿਹਾ ਕਿ ਮਾਸਕੋ ਨੇ ਇਸ ਦਾ ਮੁਲਾਂਕਣ ਨਹੀਂ ਕਰਨਾ ਹੈ ਕਿ ਕੋਈ ਮੁਲਕ ਹੋਰ ਮੁਲਕਾਂ ਨਾਲ ਆਪਣੇ ਸਬੰਧ ਕਿਥੋਂ ਤੱਕ ਸੁਧਾਰੇ ਪਰ ਮੁਲਕਾਂ ਨੂੰ ਕਿਸੇ ਇਕ ਖ਼ਿਲਾਫ਼ ਇਕਜੁੱਟ ਨਹੀਂ ਹੋਣਾ ਚਾਹੀਦਾ ਹੈ।

ਕਵਾਡ ਅਤੇ ਇਸ ਸਮੂਹ ਵਿੱਚ ਭਾਰਤ ਦੇ ਸ਼ਾਮਿਲ ਹੋਣ ‘ਤੇ ਮਾਸਕੋ ਦੀ ਰਾਏ ਦੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਪੁਤਿਨ ਦੀ ਇਹ ਟਿੱਪਣੀ ਚੀਨ ਦੇ ਉਸ ਦਾਅਵੇ ਦੇ ਪਿਛੋਕੜ ਵਿੱਚ ਆਈ ਹੈ ਕਿ ਰਾਸ਼ਟਰਾਂ ਦਾ ਇਹ ਸਮੂਹ ਰਣਨੀਤਕ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਬੀਜਿੰਗ ਦੇ ਪ੍ਰਭਾਵ ਨੂੰ ਕੰਟਰੋਲ ਕਰਨ ਲਈ ਬਣਾਇਆ ਗਿਆ ਹੈ । ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰੂਸ ਦੀ ਭਾਰਤ ਨਾਲ ਸਾਂਝੇਦਾਰੀ, ਮਾਸਕੋ ਅਤੇ ਬੀਜਿੰਗ ਵਿਚਾਲੇ ਸਬੰਧ ਵਿੱਚ ਕੋਈ ਵਿਰੋਧ ਨਹੀਂ ਹੈ ।

- Advertisement -

Share this Article
Leave a comment