MLA ਅੰਗਦ ਸਿੰਘ ਸੈਣੀ ਨੇ ਦਿੱਲੀ ਵਿੱਚ ਲਏ ਫੇਰੇ, ਨਵਾਂਸ਼ਹਿਰ ‘ਚ ਹੋਏ ਆਨੰਦ ਕਾਰਜ

TeamGlobalPunjab
3 Min Read

ਅਵਤਾਰ ਸਿੰਘ
ਸੀਨੀਅਰ ਪੱਤਰਕਾਰ
ਹਲਕਾ ਨਵਾਂ ਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਸੈਣੀ ਅਤੇ ਉੱਤਰ ਪ੍ਰਦੇਸ਼ ਦੇ ਹਲਕਾ ਰਾਏਬਰੇਲੀ ਤੋਂ ਵਿਧਾਇਕਾ ਆਦਿੱਤੀ ਸਿੰਘ ਵਿਆਹ ਦੇ ਬੰਧਨ ਵਿੱਚ ਬੰਨ੍ਹ ਗਏ ਹਨ। ਦੋਵਾਂ ਦਾ ਵਿਆਹ 21 ਨਵੰਬਰ ਨੂੰ ਹਿੰਦੂ ਰੀਤੀ ਰਿਵਾਜ਼ਾਂ ਨਾਲ ਦਿੱਲੀ ਵਿੱਚ ਹੋਇਆ ਅਤੇ 23 ਨਵੰਬਰ ਨੂੰ ਨਵਾਂਸ਼ਹਿਰ ਦੇ ਪਿੰਡ ਸਲੋਹ ਅੰਗਦ ਸਿੰਘ ਦੀ ਰਿਹਾਇਸ਼ ‘ਤੇ ਸਿੱਖ ਮਰਯਾਦਾ ਤਹਿਤ ਆਨੰਦ ਕਾਰਜ ਹੋਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਦੇ ਗ੍ਰੰਥੀ ਭਾਈ ਜਸਵਿੰਦਰ ਸਿੰਘ ਨੇ ਆਨੰਦ ਕਾਰਜ ਕਰਵਾਏ। ਜੋੜੀ ਨੇ ਗੁਰੂ ਗਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਭਾਈ ਕੁਲਦੀਪ ਸਿੰਘ ਟਾਂਡੇ ਵਾਲਿਆਂ ਦੇ ਰਾਗੀ ਜਥੇ ਨੇ ਰਸਭਿੰਨਾ ਕੀਰਤਨ ਕੀਤਾ।
ਇਸ ਮੌਕੇ ਅੰਗਦ ਸਿੰਘ ਸੈਣੀ ਦੀ ਮਾਤਾ ਸਾਬਕਾ ਵਿਧਾਇਕਾ ਗੁਰਇਕਬਾਲ ਕੌਰ, ਅਦਿਤੀ ਸਿੰਘ ਦੀ ਮਾਤਾ ਵੈਸ਼ਾਲੀ ਸਿੰਘ, ਭੈਣ ਦਿਵੰਸ਼ੀ ਸਿੰਘ ਅਤੇ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਨੇ ਸੁਭਾਗ ਜੋੜੀ ਨੂੰ ਅਸ਼ੀਰਵਾਦ ਦਿੱਤਾ।

ਰਿਪੋਰਟਾਂ ਮੁਤਾਬਿਕ ਵਿਆਹ ਸਮਾਗਮ ਵਿੱਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਸੰਸਦ ਮੈਂਬਰ ਪ੍ਰਨੀਤ ਕੌਰ, ਐੱਮਪੀ ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਚੇਅਰਮੈਨ ਲਾਲ ਸਿੰਘ, ਵਿਧਾਇਕ ਧਰਮਵੀਰ ਅਗਨੀਹੋਤਰੀ, ਵਿਧਾਇਕ ਸੁਰਜੀਤ ਸਿੰਘ ਧੀਮਾਨ, ਨੱਥੂ ਰਾਮ, ਹਰਦੇਵ ਸਿੰਘ, ਦਰਸ਼ਨ ਸਿੰਘ ਮੰਗੂਪੁਰ, ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਵਿਧਾਇਕ ਜੋੜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਅੰਗਦ ਸਿੰਘ ਸੈਣੀ ਅਤੇ ਆਦਿੱਤੀ ਸਿੰਘ ਦੋਵੇਂ ਆਪੋ ਆਪਣੇ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ 2017 ‘ਚ ਪਹਿਲੀ ਵਾਰ ਵਿਧਾਨ ਸਭਾ ਦੀ ਨੁਮਾਇੰਦਗੀ ਕਰਨ ਪੁੱਜੇ ਸਨ। ਦੋਵਾਂ ਦਾ ਪਰਿਵਾਰਕ ਪਿਛੋਕੜ ਪੀੜ੍ਹੀ ਦਰ ਪੀੜ੍ਹੀ ਰਾਜਨੀਤੀ ਨਾਲ ਸੰਬੰਧਤ ਹੈ। ਜਿੱਥੇ ਅੰਗਦ ਸਿੰਘ ਦੇ ਬਾਬਾ, ਪਿਤਾ, ਮਾਤਾ, ਚਾਚਾ ਸਾਰੇ ਨਵਾਂ ਸ਼ਹਿਰ ਹਲਕੇ ਤੋਂ ਲੜੀਵਾਰ ਵਿਧਾਇਕ ਰਹੇ ਉੱਥੇ ਆਦਿੱਤੀ ਸਿੰਘ ਦੇ ਪਿਤਾ ਨੂੰ ਵੀ ਕਈ ਵਾਰ ਵਿਧਾਇਕ ਬਣਨ ਦਾ ਮਾਣ ਹਾਸਲ ਹੋਇਆ। ਅੰਗਦ ਸਿੰਘ ਸੈਣੀ ਦੇ ਦਾਦਾ ਦਿਲਬਾਗ ਸਿੰਘ ਸੈਣੀ ਕੈਬਨਿਟ ਮੰਤਰੀ ਰਹੇ, ਪਿਤਾ ਪ੍ਰਕਾਸ਼ ਸਿੰਘ ਪਾਰਲੀਮਾਨੀ ਸਕੱਤਰ ਅਤੇ ਮਾਤਾ ਗੁਰਇਕਬਾਲ ਕੌਰ ਵਿਧਾਇਕਾ ਵਜੋਂ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਹੁਣ ਵਿਧਾਇਕ ਅੰਗਦ ਸਿੰਘ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 25 ਨਵੰਬਰ ਨੂੰ ਹੋ ਰਹੀ ਹੈ। ਇਸ ਮੌਕੇ ਵਿਰੋਧੀ ਧਿਰ ਦੇ ਵੱਡੇ ਆਗੂਆਂ ਦੇ ਪਹੁੰਚਣ ਦੀਆਂ ਵੀ ਕਨਸੋਆਂ ਹਨ।

Share this Article
Leave a comment