ਨਿਊਜ਼ ਡੈਸਕ : ਗਰਮੀਆਂ ਦੇ ਦਿਨਾਂ ਵਿੱਚ ਸਰੀਰ ਨੂੰ ਠੰਢਾ ਅਤੇ ਹਾਈਡ੍ਰੇਟਡ ਰੱਖਣ ਲਈ ਖ਼ੂਬ ਸਾਰਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਉਦੋਂ ਕੀ ਕੀਤਾ ਜਾਵੇ, ਜਦੋਂ ਪਾਣੀ ਪੀਣ ਤੋਂ ਬਾਅਦ ਵੀ ਸਿਹਤ ਵਿਗੜ ਜਾਵੇ ਅਤੇ ਡਾਕਟਰ ਕੋਲ ਜਾਣ ‘ਤੇ ਉਹ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਦੱਸ ਦੇਣ!
ਗਰਮੀਆਂ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਸਹੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ, ਪਰ ਜੇਕਰ ਇਸ ਵਿੱਚ ਕੁਝ ਚੀਜ਼ਾਂ ਹੋਰ ਮਿਲਾ ਦਿੱਤੀਆਂ ਜਾਣ ਤਾਂ ਨਾ ਸਿਰਫ਼ ਪੋਸ਼ਕ ਤੱਤ ਵੱਧ ਜਾਂਦੇ ਹਨ, ਬਲਕਿ ਤਾਜ਼ਗੀ ਵੀ ਮਿਲਦੀ ਹੈ। ਸਰੀਰ ਠੰਢਾ ਰਹਿੰਦਾ ਹੈ ਅਤੇ ਪਾਣੀ ਦੀ ਕਮੀ ਵੀ ਪੂਰੀ ਹੁੰਦੀ ਰਹਿੰਦੀ ਹੈ। ਤਾਂ ਚੱਲੋ ਜਾਣ ਲੈਂਦੇ ਹਾਂ ਕਿ ਗਰਮੀਆਂ ਵਿੱਚ ਪਾਣੀ ਵਿੱਚ ਕੀ-ਕੀ ਮਿਲਾ ਕੇ ਪੀਣਾ ਚਾਹੀਦਾ ਹੈ।
ਨਿੰਬੂ
ਸਭ ਤੋਂ ਪਹਿਲੀ ਚੀਜ਼ ਹੈ ਨਿੰਬੂ। ਅੱਧਾ ਨਿੰਬੂ ਦਾ ਰਸ ਇੱਕ ਗਲਾਸ ਪਾਣੀ ਵਿੱਚ ਪਾ ਕੇ ਪੀਤਾ ਜਾਵੇ ਤਾਂ ਤੁਰੰਤ ਤਾਜ਼ਗੀ ਮਿਲਦੀ ਹੈ। ਇਹ ਸਰੀਰ ਨੂੰ ਠੰਢਾ ਵੀ ਰੱਖੇਗਾ ਅਤੇ ਹਾਈਡ੍ਰੇਟ ਰਹਿਣ ਦਾ ਇੱਕ ਬਿਹਤਰੀਨ ਤਰੀਕਾ ਹੈ। ਇਸ ਨਾਲ ਸਰੀਰ ਨੂੰ ਵਿਟਾਮਿਨ ਸੀ ਵੀ ਮਿਲਦਾ ਰਹਿੰਦਾ ਹੈ, ਜਿਸ ਨਾਲ ਚਮੜੀ ਸਿਹਤਮੰਦ ਰਹੇਗੀ ਅਤੇ ਇਮਿਊਨਿਟੀ ਵੀ ਬੂਸਟ ਹੋਵੇਗੀ।
ਚੀਆ ਸੀਡਜ਼
ਗਰਮੀ ਦੇ ਦਿਨਾਂ ਵਿੱਚ ਪਾਣੀ ਵਿੱਚ ਚੀਆ ਸੀਡਜ਼ (Chia seeds) ਪਾ ਕੇ ਪੀਣਾ ਵੀ ਇੱਕ ਵਧੀਆ ਆਪਸ਼ਨ ਹੈ। ਇਹ ਬੀਜ ਗੁੱਡ ਫੈਟਸ ਤੋਂ ਲੈ ਕੇ ਫਾਈਬਰ ਤੱਕ ਭਰਪੂਰ ਹੁੰਦੇ ਹਨ ਅਤੇ ਇਹਨਾਂ ਦੀ ਤਾਸੀਰ ਵੀ ਠੰਢੀ ਹੁੰਦੀ ਹੈ। ਧਿਆਨ ਰੱਖੋ ਕਿ ਪਹਿਲਾਂ ਤੋਂ ਹੀ ਇਹਨਾਂ ਬੀਜਾਂ ਨੂੰ ਪਾਣੀ ਵਿੱਚ ਕੁਝ ਘੰਟਿਆਂ ਲਈ ਭਿਓਂ ਕੇ ਰੱਖ ਦੇਣਾ ਚਾਹੀਦਾ ਹੈ। ਇਹ ਪਾਣੀ ਨੂੰ ਸੋਖ ਕੇ ਆਪਣੇ ਅੰਦਰ ਰੋਕ ਲੈਂਦੇ ਹਨ।
ਗੂੰਦ ਕਤੀਰਾ
ਗੂੰਦ ਕਤੀਰਾ ਨੂੰ ਕੈਲਸ਼ੀਅਮ ਦਾ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ, ਇਸ ਲਈ ਇਹ ਹੱਡੀਆਂ ਲਈ ਫਾਇਦੇਮੰਦ ਰਹਿੰਦਾ ਹੈ। ਠੰਢੀ ਤਾਸੀਰ ਕਰਕੇ ਗਰਮੀਆਂ ਵਿੱਚ ਇਸਦਾ ਸੇਵਨ ਕੀਤਾ ਜਾਂਦਾ ਹੈ। ਗੂੰਦ ਕਤੀਰਾ ਨੂੰ ਪਾਣੀ ਵਿੱਚ ਭਿਓਂ ਕੇ ਰੱਖ ਦਿਓ। ਜਦੋਂ ਇਹ ਜੈੱਲ ਵਰਗਾ ਹੋ ਜਾਵੇ ਤਾਂ ਇਸਨੂੰ ਪਾਣੀ ਵਿੱਚ ਘੋਲ ਕੇ ਪੀ ਸਕਦੇ ਹੋ।
ਪੁਦੀਨਾ
ਪੁਦੀਨੇ ਦੀਆਂ ਕੁਝ ਪੱਤੀਆਂ ਤੁਹਾਡੇ ਪਾਣੀ ਦੇ ਸਵਾਦ ਨੂੰ ਬਦਲ ਦਿੰਦੀਆਂ ਹਨ ਅਤੇ ਤੁਰੰਤ ਰਿਫ੍ਰੈਸ਼ਿੰਗ ਫੀਲ ਦਿੰਦੀਆਂ ਹਨ। ਨਿੰਬੂ ਅਤੇ ਕਾਲੇ ਨਮਕ ਦੇ ਨਾਲ ਇਸ ਦਾ ਸੁਆਦ ਕਮਾਲ ਦਾ ਲੱਗਦਾ ਹੈ। ਇਹ ਗਰਮੀਆਂ ਵਿੱਚ ਤੁਹਾਡੀ ਸਿਹਤ ਲਈ ਬੇਹੱਦ ਫਾਇਦੇਮੰਦ ਰਹਿੰਦਾ ਹੈ। ਮਿੰਟ ਯਾਨੀ ਪੁਦੀਨੇ ਦੀਆਂ ਪੱਤੀਆਂ ਵੀ ਵਿਟਾਮਿਨ ਸੀ ਸਮੇਤ ਕਈ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ।

