ਮਿਸੀਸਾਗਾ ਵਿੱਚ ਦੂਜੇ ਭਾਰਤੀ ਨੂੰ ਬਚਾਉਣ ਗਿਆ ਪੰਜਾਬੀ ਨੌਜਵਾਨ, ਖੁਦ ਨਸਲੀ ਹਮਲੇ ਦਾ ਬਣਿਆ ਸ਼ਿਕਾਰ

Global Team
4 Min Read

ਮਿਸੀਸਾਗਾ: ਕੈਨੇਡਾ ਦੇ ਮਿਸੀਸਾਗਾ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਗਰਦਨ ’ਤੇ ਚਾਕੂ ਨਾਲ ਹਮਲਾ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਗਈ। 29 ਸਾਲਾ ਜਗਜੀਤ ਸਿੰਘ ਸੰਧੂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ 42 ਸਾਲਾ ਲੋਰੇਨਾ ਸਾਂਚੇਜ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਸ਼ੁਰੂ ਵਿੱਚ ਉਸ ’ਤੇ ਫਰਸਟ ਡਿਗਰੀ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ, ਪਰ ਜਗਜੀਤ ਦੀ ਮੌਤ ਤੋਂ ਬਾਅਦ ਇਹ ਚਾਰਜ ਸੈਕਿੰਡ ਡਿਗਰੀ ਕਤਲ ਦੇ ਮਾਮਲੇ ਵਿੱਚ ਬਦਲ ਦਿੱਤਾ ਗਿਆ।

ਦੂਜੇ ਭਾਰਤੀ ਨੌਜਵਾਨ ਨੂੰ ਬਚਾਉਣ ਗਿਆ ਸੀ ਜਗਜੀਤ

ਜਗਜੀਤ ਦੀ ਭੈਣ ਜਸਪ੍ਰੀਤ ਕੌਰ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਘਟਨਾ 6 ਸਤੰਬਰ ਨੂੰ ਡੰਡਾਸ ਸਟ੍ਰੀਟ ਈਸਟ ਸਥਿਤ ਇੱਕ ਸ਼ੈਲਟਰ ਦੇ ਬਾਹਰ ਵਾਪਰੀ। ਉਨ੍ਹਾਂ ਦਾ ਦਾਅਵਾ ਹੈ ਕਿ ਇੱਕ ਭਾਰਤੀ ਨੌਜਵਾਨ ਨੂੰ ਇੱਕ ਵਿਅਕਤੀ ਵੱਲੋਂ ਘੇਰ ਕੇ ਉਸ ’ਤੇ ਨਸਲੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਉਸ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਜਾ ਰਿਹਾ ਸੀ।

ਜਸਪ੍ਰੀਤ ਕੌਰ ਮੁਤਾਬਕ ਜਗਜੀਤ ਨੇ ਮਾਮਲਾ ਦੇਖ ਕੇ ਵਿਚ ਆ ਗਿਆ ਤੇ ਉਸ ਭਾਰਤੀ ਨੌਜਵਾਨ ਨੂੰ ਉਥੋਂ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਦੀ ਉੱਥੇ ਮੌਜੂਦ ਵਿਅਕਤੀ ਨਾਲ ਬਹਿਸ ਹੋ ਗਈ। ਇਸੇ ਦੌਰਾਨ ਮਹਿਲਾ ਨੇ ਪਿੱਛਿਓਂ ਆ ਕੇ ਜਗਜੀਤ ਦੀ ਗਰਦਨ ਦੇ ਸੱਜੇ ਪਾਸੇ ਚਾਕੂ ਮਾਰ ਦਿੱਤਾ।

ਪੀਲ ਪੁਲਿਸ ਮੁਤਾਬਕ 6 ਸਤੰਬਰ ਨੂੰ ਸ਼ਾਮ ਲਗਭਗ 5:30 ਵਜੇ ਪੁਲਿਸ ਨੂੰ ਡਿਕਸੀ ਰੋਡ ਅਤੇ ਡੰਡਾਸ ਸਟ੍ਰੀਟ ਈਸਟ ਇਲਾਕੇ ਵਿੱਚ ਚਾਕੂ ਮਾਰੇ ਜਾਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਇੱਕ ਵਿਅਕਤੀ ਗਰਦਨ ’ਤੇ ਗੰਭੀਰ ਸੱਟ ਨਾਲ ਮਿਲਿਆ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।

10 ਸਤੰਬਰ ਨੂੰ ਹੋਈ ਮੌਤ, ਮਾਮਲਾ ਕਤਲ ਵਿੱਚ ਬਦਲਿਆ

ਪੁਲਿਸ ਨੇ ਅਗਲੇ ਦਿਨ ਮਿਸੀਸਾਗਾ ਦੀ 42 ਸਾਲਾ ਲੋਰੇਨਾ ਸਾਂਚੇਜ਼ ਨੂੰ ਗ੍ਰਿਫ਼ਤਾਰ ਕਰਕੇ ਫਰਸਟ ਡਿਗਰੀ ਕਤਲ ਦਾ ਚਾਰਜ ਲਾਇਆ ਸੀ। ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਉਹ ਮੌਕੇ ਤੋਂ ਪੈਦਲ ਫਰਾਰ ਹੋ ਗਈ ਸੀ। ਜਾਂਚ ਦੌਰਾਨ ਇੱਕ ਹੋਰ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ, ਪਰ ਬਾਅਦ ਵਿੱਚ ਉਸ ਦੀ ਇਸ ਚਾਕੂਬਾਜ਼ੀ ਵਿੱਚ ਭੂਮਿਕਾ ਨਾ ਹੋਣ ਕਾਰਨ ਉਸ ਨੂੰ ਰਿਹਾਅ ਕਰ ਦਿੱਤਾ ਗਿਆ।

10 ਸਤੰਬਰ ਨੂੰ ਜਗਜੀਤ ਨੇ ਹਸਪਤਾਲ ਵਿੱਚ ਇਲਾਜ ਦੌਰਾਨ  ਦਮ ਤੋੜ ਦਿੱਤਾ। ਇਸ ਤੋਂ ਬਾਅਦ Homicide and Missing Persons Bureau ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ। 18 ਸਤੰਬਰ ਨੂੰ ਸਾਂਚੇਜ਼ ਨੂੰ ਬਰੈਂਪਟਨ ਦੀ Ontario Court of Justice ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਖ਼ਿਲਾਫ਼ ਚਾਰਜ Second-Degree Murder ਵਿੱਚ ਅਪਗ੍ਰੇਡ ਕਰ ਦਿੱਤਾ ਗਿਆ।

ਪਰਿਵਾਰ ਨੇ ਪੁਲਿਸ ਦੀ ਕਾਰਵਾਈ ’ਤੇ ਚੁੱਕੇ ਸਵਾਲ

ਜਗਜੀਤ ਦੀ ਭੈਣ ਜਸਪ੍ਰੀਤ ਕੌਰ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਵਾਈ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਘਟਨਾ ਤੋਂ ਬਾਅਦ ਕਈ ਦਿਨਾਂ ਤੱਕ ਪਰਿਵਾਰ ਨਾਲ ਪੁਲਿਸ ਵੱਲੋਂ ਸੰਪਰਕ ਨਹੀਂ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁਲਜ਼ਮ ਮਹਿਲਾ ਦੀ ਅਦਾਲਤੀ ਪੇਸ਼ੀ ਬਾਰੇ ਪਰਿਵਾਰ ਨੂੰ ਜਾਣਕਾਰੀ ਨਹੀਂ ਦਿੱਤੀ ਗਈ।

ਜਸਪ੍ਰੀਤ ਕੌਰ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਪਹਿਲਾਂ First-Degree Murder ਦੇ ਚਾਰਜ ਬਾਰੇ ਭਰੋਸਾ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਮਾਮਲਾ Second-Degree Murder ਦੇ ਚਾਰਜ ਹੇਠ ਚੱਲ ਰਿਹਾ ਹੈ। ਪੁਲਿਸ ਦੇ ਅਧਿਕਾਰਤ ਬਿਆਨ ਮੁਤਾਬਕ ਵੀ 18 ਸਤੰਬਰ ਨੂੰ ਚਾਰਜ ਨੂੰ Second-Degree Murder ਵਿੱਚ ਅਪਗ੍ਰੇਡ ਕੀਤਾ ਗਿਆ ਸੀ।

ਜਸਪ੍ਰੀਤ ਕੌਰ ਨੇ ਇਸ ਘਟਨਾ ਨੂੰ ਲੈ ਕੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਨੂੰ ਇਕੱਠੇ ਹੋ ਕੇ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਵਾਪਰੀ ਇਸ ਤ੍ਰਾਸਦੀ ਤੋਂ ਬਾਅਦ ਉਹ ਚਾਹੁੰਦੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣੇ।

Share This Article
Leave a Comment