ਪੰਜਾਬੀਓ ਵਿਸਾਖੀ ਦੇ ਦਿਹਾੜੇ ‘ਤੇ ਛੱਡੀਏ ਜੈਕਾਰੇ! ਮਹਾਮਾਰੀ ਦੀ ਜੰਗ ਖੇਤਾਂ ‘ਚ ਲੜੇਗਾ ਸਾਡਾ ਕਿਸਾਨ

TeamGlobalPunjab
7 Min Read

-ਜਗਤਾਰ ਸਿੰਘ ਸਿੱਧੂ

ਪੰਜਾਬੀਓ! ਆਓ ਆਪਾਂ ਵੀ ਆਪੋ-ਆਪਣੇ ਘਰਾਂ ‘ਚ ਰਹਿ ਕੇ ਬਕਾਇਦਾ ਕੋਵਿਡ-19 ਵਿਰੁੱਧ ਲੜਾਈ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡੀਏ! ਇਹ ਸਮੁੱਚੇ ਪੰਜਾਬੀਆਂ ਦੀ ਬੁਲੰਦੀ ਦਾ ਜੈਕਾਰਾ ਹੈ। ਅਸੀਂ ਆਪੋ-ਆਪਣੇ ਘਰਾਂ ‘ਚ ਸਾਡੇ ਸੂਰਵੀਰ ਕਿਸਾਨਾਂ ਦੇ ਹੌਂਸਲੇ ਬੁਲੰਦ ਰੱਖਣ ਅਤੇ ਉਨ੍ਹਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰੀਏ ਕਿਉਂ  ਜੋ ਠੀਕ ਵਿਸਾਖੀ ਤੋਂ ਅਗਲੇ ਦਿਨ 15 ਅਪ੍ਰੈਲ ਨੂੰ ਪੰਜਾਬ ਦਾ ਕਿਸਾਨ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਕਣਕ ਦੀ ਫਸਲ ਦੀ ਕਟਾਈ ਵਾਸਤੇ ਮੈਦਾਨ ‘ਚ ਉਤਰ ਰਿਹਾ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਇਸ ਦੇਸ਼ ਦਾ ਕੋਈ ਵੀ ਵਿਅਕਤੀ ਇਸ ਸੰਕਟ ਦੀ ਘੜੀ ਭੁੱਖਾ ਨਾ ਰਹੇ। ਸਾਡੇ ਸੁਪਨਿਆਂ ਨੂੰ ਸਾਕਾਰ ਕਰੇਗਾ ਪੰਜਾਬ ਅਤੇ ਦੇਸ਼ ਦਾ ਕਿਸਾਨ। ਧਰਤੀ ਨੂੰ ਅਸੀਂ ਮਾਂ ਦਾ ਦਰਜਾ ਦਿੰਦੇ ਹਾਂ। ਸਾਡੀ ਮਾਂ ਆਉਣ ਵਾਲੇ ਦਿਨਾਂ ‘ਚ ਅਨਾਜ ਨਾਲ ਸਾਡੀਆਂ ਝੋਲੀਆਂ ਭਰੇਗੀ। ਸਿਆਣੇ ਆਖਦੇ ਹਨ ਕਿ ਭੁੱਖੇ ਪੇਟ ਤਾਂ ਭਗਤੀ ਵੀ ਨਹੀਂ ਹੁੰਦੀ। ਰੱਜਿਆ ਹਿੰਦੋਸਤਾਨ ਪੂਰੀ ਸ਼ਕਤੀ ਨਾਲ ਲੜੇਗਾ ਮਹਾਮਾਰੀ ਦੇ ਖਿਲਾਫ।

ਇਸ ਵੇਲੇ ਜਦੋਂ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਮਹਾਮਾਰੀ ਦੀ ਦਹਿਸ਼ਤ ਨਾਲ ਸਹਿਮੀ ਹੋਈ ਹੈ ਤਾਂ ਪੰਜਾਬ ਦਾ ਕਿਸਾਨ ਪੂਰੇ ਹੌਂਸਲੇ ਅਤੇ ਬੁਲੰਦੀ ਨਾਲ ਹੋਰ ਦੋ ਦਿਨਾਂ ਨੂੰ ਕਣਕ ਦੀ ਕਟਾਈ ਲਈ ਖੇਤਾਂ ‘ਚ ਉਤਰਨ ਵਾਲਾ ਹੈ। ਇਹ ਇਤਫਾਕ ਕਹੋ ਕਿ ਜਦੋਂ ਮਹਾਮਾਰੀ ਪੰਜਾਬ ਅਤੇ ਭਾਰਤ ਨੂੰ ਵੱਡੀਆਂ ਚੁਣੌਤੀਆਂ ਦੇ ਰਹੀ ਹੈ ਤਾਂ ਐਨ ਉਸ ਵੇਲੇ ਵਿਸਾਖੀ ਦਾ ਦਿਹਾੜਾ ਆ ਪੁੱਜਾ ਹੈ। ਇਹ ਤਾਂ ਸਹੀ ਹੈ ਕਿ ਵਿਸਾਖੀ ਦੇ ਮੌਕੇ ‘ਤੇ ਸਾਡੇ ਇਤਿਹਾਸਕ ਤਖਤ ਸ੍ਰੀ ਦਮਦਮਾ ਸਾਹਿਬ ਵਿਸਾਖੀ ਦੇ ਵੱਡੇ ਇੱਕਠ ਨਹੀਂ ਹੋਣਗੇ ਅਤੇ ਸ਼ਰਧਾਲੂਆਂ ਨੂੰ ਸਬਰ ਦਾ ਘੁੱਟ ਭਰ ਕੇ ਆਪਣੇ ਘਰਾਂ ‘ਚ ਹੀ ਉਸ ਪਵਿੱਤਰ ਦਿਹਾੜੇ ਲਈ ਨਤਮਸਤਕ ਹੋਣਾ ਹੋਵੇਗਾ। ਪਰ ਪੰਜਾਬੀਆਂ ਦੇ ਹੌਂਸਲੇ ਬੁਲੰਦ ਹੋਣਗੇ। ਉਹ ਪੂਰੀ ਤਿਆਰੀ ਦੇ ਨਾਲ 15 ਅਪ੍ਰੈਲ ਤੋਂ ਕਣਕ ਦੀ ਵਾਢੀ ਸ਼ੁਰੂ ਕਰਨ ਲੱਗੇ ਹਨ। ਕਾਫੀ ਲੰਮੇ ਦਿਨਾਂ ਬਾਅਦ ਪੰਜਾਬ ਦਾ ਸਨਾਟਾ ਟੁਟੇਗਾ। ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ‘ਤੇ ਜਾਬਤੇ ‘ਚ ਰਹਿ ਕੇ ਕਿਸਾਨਾਂ ਦੇ ਟਰੈਕਟਰ ਅਤੇ ਟਰਾਲੀਆਂ ਸੋਨ ਰੰਗੀ ਕਣਕ ਨਾਲ ਘੁੰਮਣਗੇ। ਕਿਸਾਨ ਦੀ ਕੋਈ ਵੀ ਫਸਲ ਉਸ ਦੀ ਸਭ ਤੋਂ ਵੱਡੀ ਆਸ ਦੀ ਕਿਰਨ ਹੁੰਦੀ ਹੈ। ਅਕਸਰ ਇਹ ਕਿਹਾ ਜਾਂਦਾ ਹੈ ਕਿ ਕਿਸਾਨ ਪੋਹ ਮਾਘ ਦੀਆਂ ਕੜਾਕੇ ਵਾਲੀਆਂ ਸਰਦੀਆਂ ‘ਚ ਕਣਕ ਦੀ ਫਸਲ ਨੂੰ ਪੁੱਤਾਂ ਵਾਂਗ ਪਾਲਦਾ ਹੈ। ਉਸ ਨੂੰ ਲੰਮੇ ਦਿਨਾਂ ਤੋਂ ਵਿਸਾਖੀ ਦੇ ਦਿਹਾੜੇ ਦਾ ਇੰਤਜ਼ਾਰ ਹੁੰਦਾ ਹੈ ਕਿਉਂ ਜੋ ਵਿਸਾਖੀ ਤੇ ਕਣਕ ਦੀ ਕਟਾਈ ਰਵਾਇਤੀ ਤੌਰ ‘ਤੇ ਇੱਕ ਦੂਜੇ ਨਾਲ ਜੁੜੇ ਹੋਏ ਹਨ। ਬੇਸ਼ੱਕ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਬਾਕੀ ਦੁਨੀਆ ਵਾਂਗ ਪੰਜਾਬ ਦੇ ਪਿੰਡ ਅਤੇ ਸ਼ਹਿਰ ਵੀ ਦਹਿਲੇ ਹੋਏ ਹਨ। ਪਰ ਵਿਸਾਖੀ ਦਾ ਦਿਹਾੜਾ ਇਨ੍ਹਾਂ ਪ੍ਰਸਥਿਤੀਆਂ ਦੇ ਬਾਵਜੂਦ ਜ਼ਿੰਦਗੀ ਜਿਉਣ ਦਾ ਨਵਾਂ ਸੁਨੇਹਾ ਦੇਵੇਗਾ ਕਿ ਅਸੀਂ ਮੁਸ਼ਕਲ ‘ਚ ਰਹਿ ਕੇ ਵੀ ਜ਼ਿੰਦਗੀ ਜਿਉਣਾ ਜਾਣਦੇ ਹਾਂ।

15 ਅਪ੍ਰੈਲ ਨੂੰ ਪੰਜਾਬ ਦੇ ਖੇਤਾਂ ‘ਚ ਕੰਬਾਇਨਾਂ ਦੀ ਕਣਕ ਦੀ ਕਟਾਈ ਨਾਲ ਧੂੜ ਉੱਡੇਗੀ, ਟਰਾਲੀਆਂ ਕਣਕ ਨਾਲ ਲੱਦੀਆਂ ਜਾਣਗੀਆਂ ਅਤੇ ਪੰਜਾਬ ਦੀਆਂ 4000 ਮੰਡੀਆਂ ‘ਚ ਜੀਵਨ ਧੜਕੇਗਾ। ਇਸ ਮੰਤਵ ਲਈ ਪੰਜਾਬ ਦੇ ਕਿਸਾਨ ਅਤੇ ਸਰਕਾਰ ਮੁਸ਼ਕਲਾਂ ਦੇ ਬਾਵਜੂਦ ਮੈਦਾਨ ‘ਚ ਡਟ ਗਏ ਹਨ। ਮੰਡੀਆਂ ਦੇ ਪ੍ਰਬੰਧਾਂ ਦੀ ਤਿਆਰੀ ਬਾਰੇ ਖੇਤੀਬਾੜੀ ਕਮਿਸ਼ਨਰ ਕਾਹਨ ਸਿੰਘ ਪੰਨੂ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਆਮ ਤੌਰ ‘ਤੇ 1700 ਦੇ ਲਗਭਗ ਖਰੀਦ ਕੇਂਦਰ ਹੁੰਦੇ ਹਨ। ਪਰ ਇਸ ਵਾਰ 4000 ਮੰਡੀਆਂ ਕਣਕ ਦੀ ਖਰੀਦ ਲਈ ਤਿਆਰ ਕੀਤੀਆਂ ਗਈਆਂ ਹਨ। 135 ਲੱਖ ਟਨ ਕਣਕ ਪੰਜਾਬ ਦੀਆਂ ਮੰਡੀਆਂ ‘ਚ ਆਉਣ ਦੀ ਉਮੀਦ ਹੈ। ਇਸ ਤਰ੍ਹਾਂ ਕਿਸਾਨਾਂ ਵੱਲੋਂ ਕੁਝ ਹੀ ਦਿਨਾਂ ‘ਚ 85 ਲੱਖ ਏਕੜ ਕਣਕ ਦੀ ਕਟਾਈ ਕੀਤੀ ਜਾਵੇਗੀ। ਆਪਣੇ ਆਪ ‘ਚ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਹੈ। ਗਿਣਤੀ ਦੇ ਦਿਨਾਂ ‘ਚ ਪੰਜਾਬ ਦੇ ਸਾਰੇ ਖੇਤ ਕਟਾਈ ਨਾਲ ਖਾਲੀ ਹੋ ਜਾਣਗੇ ਅਤੇ ਕਣਕ ਮੰਡੀਆਂ ‘ਚ ਪੁੱਜ ਜਾਏਗੀ। ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਮੰਡੀਆਂ ‘ਚ ਕਣਕ ਦੀ ਖਰੀਦ ਦਾ ਨਿਵੇਕਲਾ ਪ੍ਰਬੰਧ ਕੀਤਾ ਗਿਆ ਹੈ। ਖੇਤੀ ਕਮਿਸ਼ਨਰ ਸਮੁੱਚੇ ਤੌਰ ‘ਤੇ ਇਨ੍ਹਾਂ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ। ਸੂਬਾ ਪੱਧਰ ‘ਤੇ 30 ਮੈਂਬਰੀ ਹੈਲਪ ਸੈਂਟਰ ਕਾਇਮ ਕੀਤਾ ਗਿਆ ਹੈ। ਸੂਬਾ ਪੱਧਰ ‘ਤੇ ਪੰਜਾਬ ਰਾਜ ਮੰਡੀ ਬੋਰਡ ਇਸ ਦਾ ਮੁੱਖ ਦਫਤਰ ਹੋਵੇਗਾ। ਜ਼ਿਲ੍ਹਾ ਪੱਧਰ ‘ਤੇ ਮੰਡੀ ਬੋਰਡ ਮੰਡੀਆਂ ਨਾਲ ਤਾਲਮੇਲ ਕਰਨਗੇ। ਸਕੱਤਰ ਮੰਡੀ ਬੋਰਡ ਜ਼ਿਲ੍ਹਾ ਪੱਧਰ ‘ਤੇ ਆਪਣੇ ਖੇਤਰ ਦੀਆਂ ਮੰਡੀਆਂ ਦੀ ਸਮੁੱਚੀ ਵਿਕਰੀ ਲਈ ਜ਼ਿੰਮੇਵਾਰੀ ਹੋਵੇਗਾ। ਇਸੇ ਤਰ੍ਹਾਂ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਕਿਸਾਨਾਂ ਨੂੰ ਮੰਡੀ ‘ਚ ਕਣਕ ਲੈ ਕੇ ਆਉਣ ਲਈ ਟੋਕਨ ਜਾਰੀ ਕੀਤੇ ਜਾ ਰਹੇ ਹਨ। ਇਹ ਟੋਕਨ ਕਿਸਾਨ ਦੇ ਸਬੰਧਤ ਆੜ੍ਹਤੀਆਂ ਵੱਲੋਂ ਦਿੱਤੇ ਜਾਣਗੇ। ਆੜ੍ਹਤੀਆਂ ਹੀ ਆਪਣੇ ਕਿਸਾਨਾਂ ਨਾਲ ਤਾਲਮੇਲ ਕਰੇਗਾ ਕੇ ਮੰਡੀ ਅੰਦਰ ਕਣਕ ਕਿਵੇਂ ਲੈ ਕੇ ਆਉਣੀ ਹੈ। ਸਰਕਾਰ ਨੇ ਕੋਵਿਡ-19 ਦੇ ਟਾਕਰੇ ਲਈ ਕਿਸਾਨਾਂ ਦੇ ਬਚਾਅ ਵਾਸਤੇ ਸਬੰਧਤ ਮੰਡੀਆਂ ‘ਚ ਵੀ ਬਕਾਇਦਾ ਇੰਤਜਾਮ ਕੀਤੇ ਹੋਏ ਹਨ। ਜਿਸ ਮੁਤਾਬਕ ਕੇਵਲ ਸਬੰਧਤ ਕਿਸਾਨ ਹੀ ਮੰਡੀ ‘ਚ ਟਰਾਲੀ ਲੈ ਕੇ ਜਾ ਸਕਦਾ ਹੈ ਅਤੇ ਉਸ ਨਾਲ ਕੋਈ ਸਹਾਇਕ ਵੀ ਲੈ ਜਾਣ ਦੀ ਆਗਿਆ ਨਹੀਂ ਹੈ। ਆੜ੍ਹਤੀਆਂ ਨੂੰ ਬਕਾਇਦਾ ਮੰਡੀ ‘ਚ ਸੈਨੇਟਾਈਜ਼ਰ ਅਤੇ ਮਾਸਕ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਸਰਕਾਰ ਵੱਲੋਂ ਤੈਅ ਪ੍ਰੋਗਰਾਮ ਮੁ਼ਤਾਬਾਕ ਕਿਸਾਨ ਆਪਣੀ ਫਸਲ ਵੇਚ ਕੇ ਘਰ ਪਰਤ ਜਾਵੇਗਾ। ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਦਾ ਖਦਸ਼ਾ ਹੈ ਕਿ ਕਿਸਾਨ ਦੀ ਖੱਜਲਖੁਆਰੀ ਹੋਵੇਗੀ! ਰਾਜਸੀ ਨੇਤਾ ਆਪਣੇ ਚਹੇਤਿਆਂ ਦਾ ਮੰਡੀ ਲਈ ਨੰਬਰ ਪਹਿਲਾਂ ਲਾਉਣਗੇ। ਆੜ੍ਹਤੀਏ ਕਿਸਾਨ ਨੂੰ ਪ੍ਰੇਸ਼ਾਨ ਕਰਨਗੇ ਅਤੇ ਕਿਸਾਨ ਨੂੰ ਮਰਜ਼ੀ ਨਾਲ ਅਦਾਇਗੀ ਕਰਨਗੇ! ਅਫਸਰਸ਼ਾਹੀ ਆਮ ਤੌਰ ‘ਤੇ ਕਿਸਾਨ ਦੀ ਸੁਣਦੀ ਨਹੀਂ! ਇਸ ਤਰ੍ਹਾਂ ਕਿਸਾਨ ਦੇ ਹਿੱਤ ਦੀ ਰਾਖੀ ਦੀ ਜ਼ਿੰਮੇਵਾਰੀ ਸਰਕਾਰ ਲਈ ਕਈ ਗੁਣਾਂ ਵੱਧ ਗਈ ਹੈ! ਇਸ ਦਾ ਪਤਾ ਤਾਂ ਹੁਣ ਮੰਡੀਆਂ ‘ਚ ਹੀ ਲੱਗੇਗਾ। ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਵੀਡੀਓ ਕਾਨਫਰੰਸ ‘ਚ ਇਹ ਸੰਕੇਤ ਦਿੱਤਾ ਹੈ ਕਿ ਮਹਾਮਾਰੀ ਦੇ ਟਾਕਰੇ ਲਈ 14 ਅਪ੍ਰੈਲ ਤੋਂ ਬਾਅਦ ਵੀ ਦੇਸ਼ ‘ਚ ਲਾਕਡਾਊਨ ਦੀ ਸਥਿਤੀ ਜਾਰੀ ਰਹੇਗੀ। ਇਸ ਤੋਂ ਪਹਿਲਾਂ ਪੰਜਾਬ ਅਤੇ ਉਡੀਸਾ ਆਪਣੇ ਤੌਰ ‘ਤੇ ਹੀ 21 ਦਿਨ ਲਈ ਕਰਫਿਊ ਦਾ ਐਲਾਨ ਕਰ ਚੁੱਕੇ ਹਨ। ਸਰਕਾਰਾਂ ਮਹਾਮਾਰੀ ਦੇ ਟਾਕਰੇ ਲਈ ਸਖਤੀ ਨਾਲ ਨਿਯਮਾਂ ਦੀ ਪਾਲਣਾ ਕਰਨ ਲਈ ਸਾਰੀ ਮਸ਼ੀਨਰੀ ਨੂੰ ਚੁਸਤ ਦੁਰੱਸਤ ਕਰ ਚੁੱਕੇ ਹਨ। ਪਰ ਨਿਯਮਾਂ ਦੀ ਪਾਲਣਾ ਕਰਨਾ ਹਰ ਨਾਗਰਕਿ ਤੇ ਦੇਸ਼ ਦੇ ਹਿੱਤ ‘ਚ ਹੈ। ਇਹੋ ਜਿਹੀ ਔਖੀ ਸਥਿਤੀ ‘ਚ ਵੀ ਜਦੋਂ ਕਿਸਾਨ ਨੂੰ ਫਸਲ ਦੀ ਕਟਾਈ ਕਰਨ ਦੀ ਆਗਿਆ ਦਿੱਤੀ ਗਈ ਹੈ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਮਿਆਂ ‘ਚ ਕੀਤੇ ਗਏ ਵੱਡੇ ਦਾਅਵਿਆਂ ਦੇ ਬਾਵਜੂਦ ਦੇਸ਼ ਦੀ ਨਿਰਭਰਤਾ ਅੱਜ ਵੀ ਕਿਸਾਨ ‘ਤੇ ਨਿਰਭਰ ਹੈ।

- Advertisement -

ਸੰਪਰਕ : 9814002186

Share this Article
Leave a comment