ਦਾਗੀ ਸੈਨਿਕ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਚਾਹੁੰਦੀ ਹੈ ਡਿਪਟੀ ਪੀ.ਐਮ. ਕ੍ਰਿਸਟੀਆ ਫ੍ਰੀਲੈਂਡ

TeamGlobalPunjab
4 Min Read

ਓਟਾਵਾ : ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਇਹਨੇ ਦਿਨੀਂ ਦਾਗੀ ਸੈਨਿਕ ਅਧਿਕਾਰੀਆਂ ਨੂੰ ਲੈਣ ਕੇ ਬੇਹੱਦ ਖਫ਼ਾ ਹੈ। ਫਰੀਲੈਂਡ ਦਾ ਕਹਿਣਾ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਕਾਫੀ ਹੈਰਾਨ ਪਰੇਸ਼ਾਨ ਹੈ ਕਿ ਕਾਰਜਕਾਰੀ ਡਿਫੈਂਸ ਚੀਫ ਨੇ ਜਨਰਲ ਜੌਨਾਥਨ ਵੈਂਸ ਨਾਲ ਗੌਲਫ ਗੇਮ ਖੇਡਣ ਵਾਲੇ ਰੌਇਲ ਕੈਨੇਡੀਅਨ ਨੇਵੀ ਦੇ ਹੈੱਡ ਵਾਈਸ ਐਡਮਿਰਲ ਕ੍ਰੇਗ ਬੇਨਜ਼ ਨੂੰ ਆਪਣੇ ਅਹੁਦੇ ਉੱਤੇ ਬਣੇ ਰਹਿਣ ਦੀ ਇਜਾਜ਼ਤ ਦਿੱਤੀ ਹੈ।

ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਜੇ ਉਹ ਫੌਜ ਵਿੱਚ ਹੁੰਦੀ ਤਾਂ ਉਸ ਨੂੰ ਇਹ ਕਦਮ ਬਹੁਤ ਮਾੜਾ ਲੱਗਦਾ ਤੇ ਹੁਣ ਵੀ ਲੱਗ ਰਿਹਾ ਹੈ। ਉਨ੍ਹਾਂ ਆਖਿਆ ਕਿ ਸੱਭ ਤੋਂ ਪਹਿਲਾਂ ਉਨ੍ਹਾਂ ਨੂੰ ਇਹੋ ਖਿਆਲ ਆਇਆ ਕਿ ਸਾਡੀ ਫੌਜ ਵਿੱਚ ਜਿਹੜੀਆਂ ਕੈਨੇਡੀਅਨ ਮਹਿਲਾਵਾਂ ਹਨ ਉਨ੍ਹਾਂ ਨੂੰ ਇਸ ਫੈਸਲੇ ਤੋਂ ਕਿਹੋ ਜਿਹਾ ਮਹਿਸੂਸ ਹੋਇਆ ਹੋਵੇਗਾ। ਉਨ੍ਹਾਂ ਨੂੰ ਇਹ ਲੱਗਿਆ ਹੋਵੇਗਾ ਕਿ ਕੈਨੇਡੀਅਨ ਆਰਮਡ ਫੋਰਸਿਜ਼ ਵਿਚਲੇ ਕਲਚਰ ਨੂੰ ਬਦਲਣ ਲਈ ਉਨ੍ਹਾਂ ਦੇ ਬੌਸ ਕਿੰਨੀ ਗੰਭੀਰਤਾ ਨਾਲ ਇਹੋ ਜਿਹੇ ਮਾਮਲਿਆਂ ਵਿੱਚ ਫੈਸਲੇ ਲੈਂਦੇ ਹਨ।

ਜ਼ਿਕਰਯੋਗ ਹੈ ਕਿ ਕੈਨੇਡੀਅਨ ਆਰਮਡ ਫੋਰਸਿਜ਼ (ਸੀ ਏ ਐਫ) ਦੇ ਮੈਂਬਰਜ਼ ਨੂੰ ਜਾਰੀ ਕੀਤੇ ਮੀਮੋ ਵਿੱਚ ਲੈਫਟੀਨੈਂਟ ਜਨਰਲ ਵੇਅਨ ਆਇਰ ਨੇ ਲਿਖਿਆ ਹੈ ਕਿ ਵੈਂਸ, ਬੇਨਜ਼ ਤੇ ਲੈਫਟੀਨੈਂਟ ਜਨਰਲ ਮਾਈਕਲ ਰੂਲੋ ਦਰਮਿਆਨ ਜਿਹੜੀ ਗੌਲਫ ਗੇਮ ਜੂਨ ਦੇ ਸ਼ੁਰੂ ਵਿੱਚ ਖੇਡੀ ਗਈ ਉਸ ਬਾਰੇ ਉਨ੍ਹਾਂ ਨੇ ਬਹੁਤ ਗੰਭੀਰਤਾ ਨਾਲ ਕਈ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਇਸ ਫੈਸਲੇ ਉੱਤੇ ਪਹੁੰਚੇ ਹਾਂ ਕਿ ਅਜਿਹਾ ਕਰਨਾ ਉਨ੍ਹਾਂ ਅਧਿਕਾਰੀਆਂ ਦਾ ਗਲਤ ਫੈਸਲਾ ਸੀ।

ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਗੂੜ੍ਹ ਵਿਚਾਰ ਕਰਨ ਤੋਂ ਬਾਅਦ ਇਹੋ ਸਾਹਮਣੇ ਆਇਆ ਕਿ ਇਸ ਸੱਭ ਪਿੱਛੇ ਗਲਤ ਇਰਾਦਾ ਜਾਂ ਸੋਚ ਸਮਝ ਕੇ ਚੁੱਕਿਆ ਗਿਆ ਕਦਮ ਨਹੀਂ ਸੀ। ਸਾਨੂੰ ਇਸ ਨੂੰ ਆਪਣੀ ਗਲਤੀ ਤੋਂ ਸਬਕ ਲੈਣ ਦੇ ਮੌਕੇ ਵਜੋਂ ਵੇਖਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਹ ਜਾਣਦੇ ਹਨ ਕਿ ਹਰ ਕੋਈ ਇਸ ਫੈਸਲੇ ਤੋਂ ਸਹਿਮਤ ਨਹੀਂ ਹੋਵੇਗਾ।

- Advertisement -

ਅੱਗੇ ਆਖਿਆ ਗਿਆ ਹੈ ਕਿ ਸਾਰੇ, ਖਾਸਤੌਰ ਉੱਤੇ ਸੀਨੀਅਰ ਲੀਡਰਜ਼, ਕੁੱਝ ਅਜਿਹੇ ਗਲਤ ਫੈਸਲੇ ਕਰਦੇ ਹਨ ਜਿਨ੍ਹਾਂ ਦੀ ਕੋਈ ਭਰਪਾਈ ਨਹੀਂ ਹੁੰਦੀ, ਪਰ ਕੁੱਝ ਹੋਰ ਅਜਿਹੀਆਂ ਗਲਤੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਮੁਆਫ ਕੀਤਾ ਜਾ ਸਕਦਾ ਹੈ ਤੇ ਜਿਨ੍ਹਾਂ ਤੋਂ ਸਬਕ ਲਿਆ ਜਾ ਸਕਦਾ ਹੈ।ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕ ਆਪਣੀਆਂ ਗਲਤੀਆਂ ਤੋਂ ਸਬਕ ਸਿੱਖਦੇ ਹਨ ਤੇ ਅੱਗੇ ਵੱਧਦੇ ਹਨ। ਜ਼ਿਕਰਯੋਗ ਹੈ ਕਿ ਰੂਲੋ, ਜੋ ਕਿ ਸਾਬਕਾ ਸੈਕਿੰਡ ਇਨ ਕਮਾਂਡ ਸਨ, ਨੇ 14 ਜੂਨ ਨੂੰ ਆਪਣਾ ਅਸਤੀਫਾ ਦਿੱਤਾ ਸੀ। ਬੇਨਜ਼ ਨੇ ਜਨਤਕ ਤੌਰ ਉੱਤੇ ਮੁਆਫੀ ਮੰਗੀ ਸੀ ਤੇ ਆਇਰ ਨੇ ਮੰਗਲਵਾਰ ਨੂੰ ਆਖਿਆ ਕਿ ਨੇਵੀ ਚੀਫ ਆਪਣੇ ਕੀਤੇ ਤੇ ਸ਼ਰਮਿੰਦਾ ਹੈ ਤੇ ਉਹ ਸਾਰੇ ਸਬੰਧਤ ਵਿਅਕਤੀਆਂ ਕੋਲ ਜਾ ਕੇ ਉਨ੍ਹਾਂ ਦਾ ਵਿਸ਼ਵਾਸ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਰ੍ਹਾਂ ਉਹ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਬਿਹਤਰ ਲੀਡਰ ਬਣਨਾ ਚਾਹੁੰਦਾ ਹੈ।

ਪਰ ਫਰੀਲੈਂਡ ਨੇ ਆਖਿਆ ਕਿ ਫੌਜ ਵਿਚਲੇ ਗਲਤ ਕਲਚਰ ਨੂੰ ਲੋਕ ਖਾਸ ਤੌਰ ਉੱਤੇ ਮਹਿਲਾਵਾਂ ਬਦਲਣਾ ਚਾਹੁੰਦੀਆਂ ਹਨ ਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਉਮੀਦ ਕਰਦੀਆਂ ਹਨ। ਉਹ ਤਬਦੀਲੀ ਚਾਹੁੰਦੀਆਂ ਹਨ। ਫਰੀਲੈਂਡ ਦੀ ਇਸ ਪ੍ਰਤੀਕਿਰਿਆ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸੀਏਐਫ ਦੀ ਸੀਨੀਅਰ ਲੀਡਰਸ਼ਿਪ ਕੈਨੇਡੀਅਨਜ਼ ਦਾ ਭਰੋਸਾ ਗੁਆ ਚੁੱਕੀ ਹੈ।ਉਨ੍ਹਾਂ ਆਖਿਆ ਕਿ ਨਾ ਸਿਰਫ ਡਿਪਟੀ ਪ੍ਰਧਾਨ ਮੰਤਰੀ ਸਗੋਂ ਬਹੁਤ ਸਾਰੀਆਂ ਮਹਿਲਾਵਾਂ, ਜਿਨ੍ਹਾਂ ਨਾਲ ਉਨ੍ਹਾਂ ਗੱਲ ਕੀਤੀ ਹੈ ਉਹ ਇਸ ਸੱਭ ਕਾਸੇ ਤੋਂ ਨਿਰਾਸ਼ ਹਨ। ਇਸ ਤਰ੍ਹਾਂ ਦੇ ਕਲਚਰ ਨੂੰ ਜਲਦ ਤੋਂ ਜਲਦ ਬਦਲੇ ਜਾਣ ਦੀ ਲੋੜ ਹੈ।

Share this Article
Leave a comment