ਕਪੂਰਥਲਾ: ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਪਾਕਿਸਤਾਨ ਨਾਲ ਜੁੜੇ ਜਾਸੂਸੀ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ। ਜਲੰਧਰ ਕਾਊਂਟਰ ਇੰਟੈਲੀਜੈਂਸ ਅਤੇ ਕਪੂਰਥਲਾ ਪੁਲਿਸ ਨੇ ਮਿਲ ਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਜਾਸੂਸੀ ਲਈ ਵਰਤੇ ਜਾ ਰਹੇ ਕੈਮਰੇ ਅਤੇ ਸਿਮ ਕਾਰਡ ਵੀ ਬਰਾਮਦ ਕੀਤੇ ਗਏ ਹਨ।
ਇਹ ਕੈਮਰੇ ਕਪੂਰਥਲਾ ਦੇ ਫੌਜੀ ਕੈਂਟ ਇਲਾਕੇ ਦੇ ਨੇੜੇ ਲਗੇ ਹੋਏ ਸਨ। ਮੁਲਜ਼ਮਾਂ ਨੇ ਬੁਟੀਕ ਦੀ ਆੜ ਲੈ ਕੇ ਇੱਥੇ ਗੁਪਤ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ, ਜਿਨ੍ਹਾਂ ਰਾਹੀਂ ਪਾਕਿਸਤਾਨ ਵਿੱਚ ਬੈਠੀ ਏਜੰਸੀ ਫੌਜੀ ਹਲਚਲ ’ਤੇ ਨਿਗਰਾਨੀ ਕਰ ਰਹੀ ਸੀ।
ਗ੍ਰਿਫਤਾਰ ਮੁਲਜ਼ਮਾਂ ਦੀ ਪਹਿਚਾਣ ਫਿਰੋਜ਼ਪੁਰ ਦੇ ਸੰਦੀਪ ਸਿੰਘ ਉਰਫ਼ ਸੋਨੂ ਅਤੇ ਸੋਨਾ ਸਿੰਘ ਵਜੋਂ ਹੋਈ ਹੈ। ਦੋਵੇਂ ਪਹਿਲਾਂ ਨਸ਼ਾ ਤਸਕਰੀ ਨਾਲ ਜੁੜੇ ਰਹੇ ਹਨ ਅਤੇ ਸਰਹੱਦ ਪਾਰ ਤੋਂ ਆਉਣ ਵਾਲੇ ਨਸ਼ੇ ਨੂੰ ਅੱਗੇ ਪਹੁੰਚਾਉਂਦੇ ਸਨ। ਬਰਨਾਲਾ ਜੇਲ੍ਹ ਵਿੱਚ ਰਹਿੰਦਿਆਂ ਇਹਨਾਂ ਦਾ ਪਾਕਿਸਤਾਨੀ ਹੈਂਡਲਰਾਂ ਨਾਲ ਸੰਪਰਕ ਬਣਿਆ।
ਪੁਲਿਸ ਮੁਤਾਬਕ ਦੋਵਾਂ ਨੇ 35 ਹਜ਼ਾਰ ਰੁਪਏ ਦੇ ਲਾਲਚ ਵਿੱਚ ਫੌਜੀ ਜਾਣਕਾਰੀ ਸਾਂਝੀ ਕਰਨੀ ਸ਼ੁਰੂ ਕੀਤੀ। ਪਿਛਲੇ 15 ਦਿਨਾਂ ਵਿੱਚ ਕਪੂਰਥਲਾ ਦੇ ਕਾਂਜਲੀ ਇਲਾਕੇ ’ਚ ਲਗੇ ਕੈਮਰੇ ਰਾਹੀਂ ਲਗਭਗ 25 ਹਜ਼ਾਰ ਵਾਰ ਡਾਟਾ ਪਾਕਿਸਤਾਨ ਤੱਕ ਪਹੁੰਚਿਆ।
ਇਹ ਸਾਰਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕਪੂਰਥਲਾ ਪੁਲਿਸ ਨੂੰ ਕੇਂਦਰੀ ਏਜੰਸੀਆਂ ਤੋਂ ਗੁਪਤ ਜਾਣਕਾਰੀ ਮਿਲੀ। ਜਾਣਕਾਰੀ ਵਿੱਚ ਦੱਸਿਆ ਗਿਆ ਕਿ ਕਾਂਜਲੀ ਰੋਡ ਨੇੜੇ ਫੌਜੀ ਥਾਵਾਂ ਵੱਲ ਇੱਕ ਸ਼ੱਕੀ ਸੀਸੀਟੀਵੀ ਕੈਮਰਾ ਲਗਿਆ ਹੈ, ਜਿਸਦੀ ਫੀਡ ਪਾਕਿਸਤਾਨ ਤੱਕ ਜਾ ਰਹੀ ਹੈ। ਇਸ ਤੋਂ ਬਾਅਦ ਪੁਲਿਸ ਨੇ ਤਕਨੀਕੀ ਜਾਂਚ ਕੀਤੀ, ਜਿਸ ਵਿੱਚ ਇਹ ਵੀ ਸਾਹਮਣੇ ਆਇਆ ਕਿ 15 ਦਿਨਾਂ ਵਿੱਚ 25 ਹਜ਼ਾਰ ਵਾਰ ਇਸ ਦਾ ਐਕਸੈੱਸ ਹੋਇਆ।
ਜਾਂਚ ਪੱਕੀ ਹੋਣ ’ਤੇ ਪੁਲਿਸ ਨੇ ਬੀਐਨਐਸ ਦੀ ਧਾਰਾ 152 ਤਹਿਤ ਮਾਮਲਾ ਦਰਜ ਕਰਕੇ 12 ਘੰਟਿਆਂ ਦੇ ਅੰਦਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਨੇ ਜਦੋਂ ਮੁਲਜ਼ਮਾਂ ਵੱਲੋਂ ਕਿਰਾਏ ’ਤੇ ਲਈ ਦੁਕਾਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇੱਥੇ ਲੇਡੀਜ਼ ਸੂਟ ਵੇਚਣ ਦਾ ਝੂਠਾ ਕਾਰੋਬਾਰ ਚੱਲ ਰਿਹਾ ਸੀ। ਹੋਰ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਹ ਦੁਕਾਨ ਪ੍ਰਾਪਰਟੀ ਡੀਲਰ ਰਾਹੀਂ ਲਈ ਗਈ ਸੀ ਅਤੇ ਉਸਨੂੰ 35 ਹਜ਼ਾਰ ਰੁਪਏ ਦਿੱਤੇ ਗਏ ਸਨ, ਜੋ ਪਾਕਿਸਤਾਨ ਤੋਂ ਆਏ ਸਨ।
ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ 4 ਮੋਬਾਈਲ ਫੋਨ, ਕਈ ਸ਼ੱਕੀ ਅਤੇ ਪਾਕਿਸਤਾਨੀ ਨੰਬਰ, ਸੀਸੀਟੀਵੀ ਕੈਮਰੇ, ਸਿਮ ਕਾਰਡ ਅਤੇ ਵਾਈ-ਫਾਈ ਉਪਕਰਨ ਜ਼ਬਤ ਕੀਤੇ ਹਨ। ਕੈਮਰਿਆਂ ਦੀ ਦਿਸ਼ਾ ਵੀ ਫੌਜੀ ਇਲਾਕੇ ਵੱਲ ਸੀ, ਜਿਸ ਕਾਰਨ ਪੁਲਿਸ ਨੂੰ ਸ਼ੱਕ ਹੋਇਆ ਅਤੇ ਪੂਰਾ ਮਾਮਲਾ ਬੇਨਕਾਬ ਹੋ ਗਿਆ।
ISI ਨੂੰ ਦਿੱਤਾ ਗਿਆ ਕੰਟਰੋਲ
ਸਿਮ ਕਾਰਡ ਨਾਲ ਕੈਮਰੇ ਐਕਟੀਵੇਟ ਕਰਕੇ ਉਸਦਾ OTP ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਹੈਂਡਲਰ ਨੂੰ ਭੇਜਿਆ ਗਿਆ, ਜਿਸ ਨਾਲ ਉਸਨੂੰ ਪੂਰਾ ਕੰਟਰੋਲ ਮਿਲ ਗਿਆ। ਹੈਂਡਲਰ ਮੋਬਾਈਲ ‘ਤੇ ਸਿੱਧੀ ਲਾਈਵ ਵੀਡੀਓ ਫੀਡ ਦੇਖ ਕੇ ਫੌਜੀ ਗਤੀਵਿਧੀਆਂ ‘ਤੇ ਨਿਗਰਾਨੀ ਕਰਦੇ ਸਨ। ਲਾਈਵ ਫੀਡ ਨਾ ਰੁਕੇ, ਇਸ ਲਈ ਵਾਈਫਾਈ ਸਿਸਟਮ ਵੀ ਬੈਕਅੱਪ ਵਜੋਂ ਲਗਾਇਆ ਗਿਆ ਸੀ।ਕੁਝ ਕੈਮਰੇ ਸੋਲਰ ਪਾਵਰ ਨਾਲ ਚੱਲਦੇ ਸਨ, ਜਿਸ ਨਾਲ ਬਿਨਾਂ ਤਾਰਾਂ ਦੇ ਵੀ ਇਹ ਲਗਾਤਾਰ ਚੱਲਦੇ ਰਹੇ ਅਤੇ ਕਿਸੇ ਨੂੰ ਸ਼ੱਕ ਨਹੀਂ ਪਿਆ।

