ਪੰਜਾਬ ਵਿੱਚ ਯੂ.ਪੀ ਤੇ ਬਿਹਾਰ ਤੋਂ ਝੋਨਾ ਲਾਉਣ ਆ ਰਹੀ ਲੇਬਰ ਨਹੀਂ ਕਰ ਰਹੀ ਕੋਵਿਡ -19 ਟੈਸਟ ਦੀ ਪ੍ਰਵਾਹ

TeamGlobalPunjab
4 Min Read

-ਅਵਤਾਰ ਸਿੰਘ

ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪੂਰੀ ਦੁਨੀਆਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ 80 ਲੱਖ ਤੋਂ ਵਧੇਰੇ ਹੋ ਗਈ ਹੈ। ਵਿਸ਼ਵ ਪੱਧਰੀ ਰਿਪੋਰਟਾਂ ਮੁਤਾਬਿਕ ਮੌਜੂਦਾ ਦੌਰ ਵਿੱਚ ਵਿਸ਼ਵ ਭਰ ਵਿੱਚ 80 ਲੱਖ 35 ਹਜ਼ਾਰ ਤੋਂ ਵੱਧ ਕੋਰੋਨਾਵਾਇਰਸ ਦੇ ਮਰੀਜ਼ ਹੋ ਚੁੱਕੇ ਹਨ। ਇਸ ਮਹਾਮਾਰੀ ਕਾਰਨ ਹੁਣ ਤਕ 4 ਲੱਖ 36 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਸ ਬਿਮਾਰੀ ਤੋਂ ਪੀੜਤ ਮਰੀਜ਼ਾਂ ਵਿੱਚ ਅਮਰੀਕਾ ਅਜੇ ਵੀ ਪਹਿਲੇ ਨੰਬਰ ‘ਤੇ ਹੈ। ਅਮਰੀਕਾ ਵਿਚ ਹੁਣ ਤਕ 21 ਲੱਖ ਤੋਂ ਵਧੇਰੇ ਲੋਕ ਕੋਰੋਨਾਵਾਇਰਸ ਪੀੜਤ ਹਨ ਜਦਕਿ 1 ਲੱਖ 16 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਬ੍ਰਾਜ਼ੀਲ ਵਿੱਚ ਇਸ ਤੋਂ ਪੀੜਤਾਂ ਦੀ ਗਿਣਤੀ 8 ਲੱਖ 89 ਹਜ਼ਾਰ ਤੋਂ ਵੀ ਵਧੇਰੇ ਹੈ। ਕਰੀਬ 44 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਰੂਸ ਵਿਚ ਪੀੜਤਾਂ ਦੀ ਗਿਣਤੀ 5 ਲੱਖ 36 ਹਜ਼ਾਰ ਤੋਂ ਵੱਧ ਅਤੇ ਲਗਪਗ 7 ਹਜ਼ਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਬਿਮਾਰੀ ਦੀ ਜਕੜ ਵਿੱਚ ਭਾਰਤ ਚੌਥੇ ਨੰਬਰ ‘ਤੇ ਹੈ। ਭਾਰਤ ਵਿੱਚ 3 ਲੱਖ 43 ਹਜ਼ਾਰ ਤੋਂ ਵੱਧ ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਏ ਹਨ ਜਦਕਿ 9900 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਬ੍ਰਿਟੇਨ ਵਿੱਚ 98 ਹਜ਼ਾਰ ਤੋਂ ਵੱਧ ਲੋਕ ਪੀੜਤ ਤੇ ਮਰਨ ਵਾਲਿਆਂ ਦੀ ਗਿਣਤੀ ਕਰੀਬ 42 ਹਜ਼ਾਰ ਹੈ। ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ 10,667 ਨਵੇਂ ਮਾਮਲੇ ਆਏ ਅਤੇ 380 ਮੌਤਾਂ ਹੋਈਆਂ ਹਨ।

ਕੋਰੋਨਾਵਾਇਰਸ ਦੇ ਦੁਨੀਆ ਭਰ ਦੇ ਅੰਕੜਿਆਂ ਨੂੰ ਦੇਖਦੇ ਹੋਏ ਚਿੰਤਾ ਵਧਦੀ ਜਾ ਰਹੀ ਹੈ। ਪਰ ਸੰਘਣੀ ਆਬਾਦੀ ਅਤੇ ਦੇਸ਼ ਦੇ ਨਿਗੂਣੇ ਸਿਹਤ ਪ੍ਰਬੰਧਾਂ ਤੇ ਸਰਕਾਰ ਦੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਦੇ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।

ਰਿਪੋਰਟਾਂ ਮੁਤਾਬਿਕ ਮਾਲਵਾ ਖੇਤਰ ਦੇ ਕਿਸਾਨ ਝੋਨਾ ਲਾਉਣ ਲਈ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਲਿਆ ਰਹੇ ਬਹੁਤੇ ਪ੍ਰਵਾਸੀ ਮਜ਼ਦੂਰਾਂ ਦੀ ਕੋਵਿਡ -19 ਟੈਸਟ ਨਹੀਂ ਕਾਰਵਾਇਆ ਜਾ ਰਿਹਾ ਅਤੇ ਨਾ ਹੀ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਜਿਹੜਾ ਕਿ ਜ਼ਰੂਰੀ ਹੈ। ਇਹ ਹੋਰ ਵੀ ਚਿੰਤਾ ਵਾਲੀ ਗੱਲ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਮਜ਼ਦੂਰ ਮਹਾਰਾਸ਼ਟਰ ਦੇ ਖੇਤਾਂ ਵਿੱਚ ਕੰਮ ਕਰਕੇ ਆਏ ਹੋਏ ਹਨ।

ਬਠਿੰਡਾ ਦੇ ਇਕ ਕਿਸਾਨ ਦਾ ਕਹਿਣਾ ਹੈ ਕਿ ਕਿਉਂਕਿ ਸਮਾਂ ਤੇਜ਼ੀ ਨਾਲ ਬੀਤ ਰਿਹਾ ਹੈ ਇਸ ਲਈ ਮਜ਼ਦੂਰਾਂ ਦੀ ਸਕਰੀਨਿਗ ਮੁਸ਼ਕਲ ਹੈ। ਝੋਨਾ ਲਾਉਣ ਵਾਲੀ ਤਜ਼ਰਬੇਕਾਰ ਲੇਬਰ ਨੂੰ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਲਿਆਉਣ ਲਈ ਵੱਧ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਬੱਸਾਂ ਭੇਜ ਕੇ ਲਿਆਂਦਾ ਜਾ ਰਿਹਾ ਹੈ।
ਉਤਰ ਪ੍ਰਦੇਸ਼ ਦੇ ਇਕ ਪ੍ਰਵਾਸੀ ਮਜ਼ਦੂਰ ਦਾ ਕਹਿਣਾ ਹੈ ਕਿ ਕਣਕ ਦੀ ਵਾਢੀ ਤੋਂ ਬਾਅਦ ਮਾਰਚ ਮਹੀਨੇ ਦੇ ਅਖੀਰ ਵਿੱਚ ਵਾਪਸ ਆਉਣ ਬਾਰੇ ਸੋਚ ਰਿਹਾ ਸੀ ਕਿ ਦੇਸ਼ ਭਰ ਵਿਚ ਲੌਕਡਾਊਨ ਹੋ ਗਿਆ। ਪਰ ਜਿਉਂ ਟ੍ਰਾੰਸਪੋਰਟ ਸੇਵਾਵਾਂ ਸ਼ੁਰੂ ਹੋਈਆਂ, ਪੰਜਾਬ ਵਿਚ ਝੋਨਾ ਲਾਉਣ ਲਈ ਆ ਗਿਆ। ਉਸ ਦਾ ਕਹਿਣਾ ਹੈ ਕਿ ਅਜਿਹਾ ਰੋਜ਼ਗਾਰ ਉਨ੍ਹਾਂ ਦੇ ਪਿੰਡਾਂ ਵਿੱਚ ਨਹੀਂ ਮਿਲ ਸਕਦਾ।

ਪੰਜਾਬ ਵਿਚ ਹਰ ਰੋਜ਼ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਪ੍ਰਵਾਸੀ ਲੇਬਰ ਬਾਰੇ ਪ੍ਰਤੀਕਰਮ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸਟੇਟ ਸੈਕਟਰੀ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪ੍ਰਵਾਸੀ ਲੇਬਰ ਤੋਂ ਬਿਮਾਰੀ ਦੀ ਲਾਗ ਦਾ ਡਰ ਹੈ। ਪਰ ਲੇਬਰ ਦੀ ਘਾਟ ਕਾਰਨ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕਿਸਾਨੀ ਦੀ ਮਦਦ ਕਰਨ ਵਿੱਚ ਇਹ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।

ਇਸ ਬਾਰੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਕਰੀਨਿੰਗ ਕਰਵਾਉਣੀ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਕੋਰੋਨਾਵਾਇਰਸ ਦੇ ਲੱਛਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਸੈਪਲ ਤੇ ਸਕਰੀਨਿੰਗ ਸ਼ੁਰੂ ਕਰ ਦਿੱਤੀ ਹੈ।

Share This Article
Leave a Comment