ਆਖਿਰ ਕੈਪਟਨ ਮਹਿਲ ਛੱਡ ਕੇ ਪੁੱਜਿਆ ਮਾਝਾ, ਵਿਰੋਧੀ ਧਿਰਾਂ ਅੱਗੇ ਝੁਕਿਆ!

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

ਮਾਝੇ ‘ਚ ਜ਼ਹਿਰੀਲੀ ਸ਼ਰਾਬ ਨਾਲ ਤਿੰਨ ਜ਼ਿਲ੍ਹਿਆਂ ‘ਚ 113 ਤੋਂ ਵਧੇਰੇ ਮਨੁੱਖੀ ਜ਼ਿੰਦਗੀਆਂ ਜਾਣ ਵਿਰੁੱਧ ਪੰਜਾਬ ‘ਚ ਉੱਠੀ ਰੋਸ ਲਹਿਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਿਲ ‘ਚੋਂ ਬਾਹਰ ਨਿਕਲਣ ਲਈ ਮਜ਼ਬੂਰ ਕਰ ਦਿੱਤਾ। ਬੇਸ਼ਕ ਮੁੱਖ ਮੰਤਰੀ ਇਸ ਮਾਮਲੇ ‘ਚ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲੈ ਰਹੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਇਸ ਮਾਮਲੇ ‘ਚ ਬਣੀ ਨਵੀਂ ਪਹੁੰਚ ਤੋਂ ਪਤਾ ਲੱਗਦਾ ਹੈ ਕਿ ਉਹ ਕਿਸੇ ਹੱਦ ਤੱਕ ਵਿਰੋਧੀਆਂ ਅੱਗੇ ਝੁਕਣ ਲਈ ਮਜ਼ਬੂਰ ਹੋ ਗਏ ਹਨ। ਕੇਵਲ ਐਨਾ ਹੀ ਨਹੀਂ ਸਗੋਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਇਹ ਕਹਿਣ ਲੱਗ ਪਏ ਹਨ ਕਿ ਸ਼ਰਾਬ ਵੇਚਣ ਵਾਲੇ ਕਰਿੰਦੇ ਤਾਂ ਫੜੇ ਗਏ ਹਨ ਪਰ ਇਨ੍ਹਾਂ ਪਿੱਛੇ ਵੱਡੇ ਮਗਰਮੱਛ ਵੀ ਕਾਬੂ ਕੀਤੇ ਜਾਣ। ਜ਼ਹਿਰੀਲੀ ਸ਼ਰਾਬ ਨੇ ਮਾਝੇ ਦੇ ਅਨੇਕਾਂ ਘਰਾਂ ‘ਚ ਸੋਗ ਦੇ ਸੱਥਰ ਵਿਛਾ ਦਿੱਤੇ ਹਨ ਅਤੇ ਇਸ ਦੁਖਾਂਤ ਨਾਲ ਸਮੁੱਚੇ ਪੰਜਾਬੀਆਂ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਇਸ ਵਿਰੁੱਧ ਜਿੱਥੇ ਪੰਜਾਬੀਆਂ ਅੰਦਰ ਵਿਆਪਕ ਰੋਸ ਹੈ ਉਥੇ ਪੰਜਾਬ ਦੀਆਂ ਸਮੁੱਚੀਆਂ ਰਾਜਸੀ ਧਿਰਾਂ ਨੇ ਜ਼ਬਰਦਸਤ ਰੋਸ ਪ੍ਰਗਟਾਵੇ ਕੀਤੇ ਹਨ।

ਪੰਜਾਬ ਵਿਧਾਨ ਸਭਾ ‘ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਨਵਾਂ ਮਹਿਲ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਲਗਾਤਾਰ ਕੈਪਟਨ ਸਰਕਾਰ ਵਿਰੁੱਧ ਮੋਰਚਾ ਹੀ ਖੋਲ੍ਹ ਰੱਖਿਆ ਹੈ। ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ‘ਚ ਰੋਸ ਵਿਖਾਵੇ ਕੀਤੇ ਗਏ ਅਤੇ ਜ਼ਿਲ੍ਹਾ ਪੱਧਰ ‘ਤੇ ਮੰਗ ਪੱਤਰ ਦਿੱਤੇ ਗਏ। ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਮਾਝੇ ‘ਚ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ਲਈ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਪੰਜਾਬ ਦੇ ਅਧਿਕਾਰੀ ਦੀ ਅਗਵਾਈ ਹੇਠ ਜੁਡੀਸ਼ੀਅਲ ਜਾਂਚ ਦਾ ਆਦੇਸ਼ ਦਿੱਤਾ ਜਾ ਚੁੱਕਾ ਹੈ। ਪੰਜਾਬ ਦੀਆਂ ਸਾਰੀਆਂ ਗੈਰ-ਸਰਕਾਰੀ ਧਿਰਾਂ ਨੇ ਇਸ ਜਾਂਚ ਨੂੰ ਰੱਦ ਕਰ ਦਿੱਤਾ ਹੈ ਕਿ ਇਹ ਕੇਵਲ ਅੱਖਾਂ ਪੂੰਝਣ ਵਾਲੀ ਕਾਰਵਾਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਛੱਡ ਕੇ ਸਾਰੇ ਸੀ.ਬੀ.ਆਈ. ਤੋਂ ਜਾਂਚ ਕਰਾਉਣ ਦੀ ਮੰਗ ਕਰ ਰਹੇ ਹਨ ਤਾਂ ਜੋ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਜ਼ਹਿਰ ਦੇ ਵਪਾਰੀਆਂ ਦਾ ਅਸਲ ਚੇਹਰਾ ਸਾਹਮਣੇ ਆ ਸਕੇ। ਵਿਰੋਧੀ ਧਿਰਾਂ ਵੱਲੋਂ ਸ਼ਰੇਆਮ ਕਾਂਗਰਸ ਪਾਰਟੀ ਦੇ ਕਈ ਨੇਤਾਵਾਂ ਦੇ ਨਾਂ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਆਗੂਆਂ ਦੀ ਪੁਸ਼ਤਪਨਾਹੀ ਹੇਠ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖਰ ਜਨਤਕ ਦਬਾਅ ਹੇਠ ਕਿਵੇਂ ਆ ਗਏ? ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਮਹਿਲ ਅੰਦਰ ਬੈਠੇ ਹਨ ਅਤੇ ਪਿਛਲੇ ਕਾਫੀ ਸਮੇਂ ਤੋਂ ਉਹ ਕਿਸੇ ਜਨਤਕ ਸਮਾਗਮ ‘ਚ ਨਹੀਂ ਆਏ। ਵਿਰੋਧੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਐਨੇ ਵੱਡੇ ਦੁਖਾਂਤ ਬਾਅਦ ਪੀੜਤ ਪਰਿਵਾਰਾਂ ਕੋਲ ਜਾ ਕੇ ਹਮਦਰਦੀ ਪ੍ਰਗਟ ਕਰਨੀ ਚਾਹੀਦੀ ਹੈ। ਬਦਕਿਸਮਤੀ ਨੂੰ ਕਿਸੇ ਸੂਬੇ ‘ਚ ਵੱਡੀ ਮੰਦਭਾਗੀ ਘਟਨਾ ਵਾਪਰੀ ਹੈ ਤਾਂ ਮੁੱਖ ਮੰਤਰੀ ਆਪ ਜਾਂਦਾ ਹੈ। ਆਮ ਆਦਮੀ ਪਾਰਟੀ ਨੇ ਤਾਂ ਨਾਅਰਾ ਹੀ ਦੇ ਦਿੱਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਲੱਭ ਰਹੇ ਹਨ। ਅਕਾਲੀ ਦਲ ਨੇ ਪਟਿਆਲਾ ‘ਚ ਕੈਪਟਨ ਅਮਰਿੰਦਰ ਨੂੰ ਲੱਭਣ ਦੇ ਪੋਸਟਰ ਲਾ ਦਿੱਤੇ। ਇਹ ਮਾਮਲਾ ਉਸ ਵੇਲੇ ਹੋਰ ਵੀ ਕੈਪਟਨ ਲਈ ਮੁਸ਼ਕਲ ਵਾਲਾ ਬਣ ਗਿਆ ਜਦੋਂ ਪਾਰਟੀ ਦੇ ਹੀ ਦੋ ਸਾਬਕਾ ਪ੍ਰਧਾਨਾਂ ਅਤੇ ਰਾਜ ਸਭਾ ਮੈਂਬਰਾਂ ਨੇ ਮੁੱਖ ਮੰਤਰੀ ਉੱਪਰ ਸਿੱਧੇ ਦੋਸ਼ ਲਾ ਦਿੱਤੇ। ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸੇਰ ਸਿੰਘ ਦੂਲੋ ਨੇ ਤਾਂ ਪੰਜਾਬ ਦੇ ਰਾਜਪਾਲ ਨੂੰ ਯਾਦ ਪੱਤਰ ਦੇ ਕੇ ਮੰਗ ਕੀਤੀ ਕਿ ਮਾਝੇ ‘ਚ ਨਾਜਾਇਜ਼ ਸ਼ਰਾਬ ਨਾਲ ਵਾਪਰੇ ਦੁਖਾਂਤ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ। ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਮੁੱਖ ਮੰਤਰੀ ਐਡੇ ਵੱਡੇ ਦੁਖਾਂਤ ਬਾਅਦ ਪੀੜਤ ਪਰਿਵਾਰਾਂ ਕੋਲ ਹਮਦਰਦੀ ਪ੍ਰਗਟ ਕਰਨ ਨਹੀਂ ਗਏ। ਇਸ ਸਾਰੇ ਦਬਾਅ ਦਾ ਫੌਰੀ ਸਿੱਟਾ ਇਹ ਸਾਹਮਣੇ ਆਇਆ ਹੈ ਕਿ ਮੁੱਖ ਮੰਤਰੀ ਮਹਿਲ ਤੋਂ ਬਾਹਰ ਨਿਕਲੇ ਹਨ। ਉਨ੍ਹਾਂ ਨੇ ਅੱਜ ਮਾਝੇ ਦੇ ਇਲਾਕੇ ‘ਚ ਜਾ ਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਮੁੱਖ ਮੰਤਰੀ ਵੱਲੋਂ ਪੀੜਤ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪੰਜ ਲੱਖ ਰੁਪਏ ਦੀ ਰਾਹਤ ਦੇਣ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਪਹਿਲਾਂ ਇਹ ਰਾਹਤ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜਿਸ ਵਿਅਕਤੀ ਦੀ ਸ਼ਰਾਬ ਕਰਕੇ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ, ਉਸ ਵਿਅਕਤੀ ਨੂੰ ਵੀ ਪੰਜ ਲੱਖ ਰੁਪਏ ਦੀ ਮਦਦ ਮਿਲੇਗੀ। ਮੁੱਖ ਮੰਤਰੀ ਵਾਰ-ਵਾਰ ਆਖ ਰਹੇ ਹਨ ਕਿ ਮਾਮਲੇ ‘ਚ ਸ਼ਾਮਲ ਕਿਸੇ ਵੀ ਛੋਟੇ ਜਾਂ ਵੱਡੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਤਲ ਦੇ ਮੁਕੱਦਮੇ ਦਰਜ ਹੋਣਗੇ। ਇਸ ਨਾਲ ਸਰਕਾਰ ਦਾ ਅਕਸ ਕਿੰਨਾ ਕੁ ਸੁਧਰੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਕੀ ਮੁੱਖ ਮੰਤਰੀ ਪੰਜਾਬ ਨੂੰ ਤਬਾਹ ਕਰਨ ਵਾਲੇ ਨਸ਼ੇ ਦੇ ਧੰਦੇ ਨਾਲ ਜੁੜੇ ਮਗਰਮੱਛਾਂ ਨੂੰ ਵੀ ਜੇਲ੍ਹ ਦੀਆਂ ਸੀਖਾਂ ਪਿੱਛੇ ਸੁੱਟਣਗੇ? ਕੈਪਟਨ ਲਈ ਇਹ ਇਮਤਿਹਾਨ ਦੀ ਘੜੀ ਹੈ ਕਿ ਇਸ ਸਵਾਲ ਦਾ ਜਵਾਬ ਠੋਸ ਹਕੀਕਤ ‘ਚ ਸਾਹਮਣੇ ਆਏਗਾ? ਸਵਾਲ ਤਾਂ ਸਾਢੇ ਤਿੰਨ ਸਾਲ ਬਨਾਮ ਡੇਢ ਸਾਲ ਦੇ ਸਮੇਂ ਦਾ ਵੀ ਹੈ।

- Advertisement -

Share this Article
Leave a comment