ਨਵੀਂ ਦਿੱਲੀ: ਰਾਜਧਾਨੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਹ ਕਾਫਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੰਟਰਨੈੱਟ ‘ਤੇ ਲਾਈ ਗਈ ਪਾਬੰਦੀਆਂ ‘ਚ ਵਾਧਾ ਕੀਤਾ ਹੈ।
ਗ੍ਰਹਿ ਮੰਤਰਾਲੇ ਦੇ ਨਵੇਂ ਹੁਕਮਾਂ ਮੁਤਾਬਕ 2 ਫਰਵਰੀ ਦੀ ਰਾਤ 11 ਵਜੇ ਤੱਕ ਦਿੱਲੀ ਦੀਆਂ ਸਰਹੱਦਾਂ ‘ਤੇ ਇੰਟਰਨੈੱਟ ਬੰਦ ਰਹੇਗਾ। ਇਸ ਦਾ ਅਸਰ ਦਿੱਲੀ ਦੇ ਬਾਰਡਰਾਂ ਸਿੰਘੂ, ਗਾਜ਼ੀਪੁਰ ਤੇ ਟਿਕਰੀ ਬਾਰਡਰਾਂ ’ਤੇ ਦੇਖਣ ਨੂੰ ਮਿਲੇਗਾ। ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਕਿਸਾਨਾਂ ਵੱਲੋਂ ਮੁੜ ਤੋਂ ਨਿੰਦਾ ਕੀਤੀ ਗਈ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਵੀ ਬੀਤੇ ਦਿਨ ਤੈਅ ਕੀਤਾ ਸੀ ਕਿ ਅਸੀਂ ਕੇਂਦਰ ਸਰਕਾਰ ਨਾਲ ਤਾਂ ਹੀ ਗੱਲਬਾਤ ਕਰਾਂਗੇ ਜੇਕਰ ਉਹ ਸਾਡੇ ‘ਤੇ ਵਰਤੀਆਂ ਜਾ ਰਹੀਆਂ ਸਖ਼ਤੀਆਂ ਤੇ ਲਗਾਮ ਨਹੀਂ ਲਾਉਂਦੀ। ਕਿਸਾਨਾਂ ਨੇ ਕਿਹਾ ਕਿ ਜੇਕਰ ਇੰਟਰਨੈੱਟ ਦੀ ਸੇਵਾ ਬਹਾਲ ਨਾਂ ਕੀਤੀ ਗਈ ਤਾਂ ਅਸੀਂ ਇਸ ਦੇ ਖਿਲਾਫ਼ ਵੀ ਪ੍ਰਦਰਸ਼ਨ ਕਰਾਂਗੇ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਵੀ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਕੈਥਲ, ਪਾਨੀਪਤ, ਹਿਸਾਰ, ਜੀਂਦ, ਰੋਹਤਕ, ਭਿਵਾਨੀ, ਚਰਖੀ ਦਾਦਰੀ, ਫਤਿਹਾਬਾਦ, ਸਿਰਸਾ, ਸੋਨੀਪਤ ਅਤੇ ਝੱਜਰ ਜ਼ਿਲ੍ਹਿਆਂ ‘ਚ ਇੰਟਰਨੈੱਟ ‘ਤੇ ਪਾਬੰਧੀ ਲਾਈ ਹੈ।