ਨਸ਼ਾ ਤਸਕਰ ਦੇ ਪੁੱਤਰ ਦੀ ਗ੍ਰਿਫਤਾਰੀ ਤੋਂ ਬਾਅਦ ਮੈਕਸੀਕੋ ‘ਚ ਪਿਆ ਘਮਸਾਣ, ਕਈ ਮੌਤਾਂ

Prabhjot Kaur
2 Min Read

ਮੈਕਸੀਕੋ: ਦੁਨੀਆਂ ‘ਚ ਨਸ਼ਾ ਤਸਕਰੀ ਦੇ ਸਰਗਨਾ ਮੰਨੇ ਜਾਂਦੇ ਅਲ ਚਾਪੇ ਦੇ ਪੁੱਤਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੈਕਸੀਕੋ ‘ਚ ਵੱਡੇ ਪੱਧਰ ‘ਤੇ ਖੂਨ-ਖਰਾਬਾ ਹੋ ਰਿਹਾ ਹੈ। 32 ਸਾਲ ਦੇ ਓਵੀਡੀਓ ਗੁਜਮੈਨ ਲੋਪੇਜ਼ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਗੈਂਗਸਟਰਾਂ ਨੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਤੇ ਇੱਕ ਹਵਾਈ ਅੱਡੇ ਨੂੰ ਘੇਰ ਲਿਆ ਜਿਥੇ ਘੱਟੋ-ਘੱਟ 100 ਉਡਾਣਾਂ ਰੱਦ ਕਰਨੀਆਂ ਪਈਆਂ।

ਹਿੰਸਾ ਦਾ ਕੇਂਦਰ ਸਿਨਾਲੋਆ ਸੂਬਾ ਬਣਿਆ ਹੋਇਆ ਹੈ ਅਤੇ ਗੋਲੀਬਾਰੀ ਦੌਰਾਨ ਸੁਰੱਖਿਆ ਬਲਾਂ ਦੇ 10 ਜਵਾਨਾਂ ਦੀ ਮੌਤ ਹੋਣ ਦੀ ਰਿਪੋਰਟ ਹੈ, ਜਦਕਿ 19 ਹਮਲਾਵਰਾਂ ਨੂੰ ਢੇਰ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਲ ਚਾਪੋ ਦੇ ਬੇਟੇ ਨੂੰ ਡਰੱਗਜ਼ ਦੀ ਦੁਨੀਆਂ ‘ਚ ‘ਦਾ ਮਾਊਸ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹ ਆਪਣੇ ਭਰਾਵਾਂ ਨਾਲ ਮਿਲ ਕੇ ਅਲ ਚਾਪੇ ਦਾ ਡਰੱਗ ਨੈਟਵਰਕ ਚਲਾ ਰਿਹਾ ਸੀ ਜੋ ਦੁਨੀਆਂ ਦਾ ਸਭ ਤੋਂ ਵੱਡਾ ਨੈਟਵਰਕ ਮੰਨਿਆ ਜਾਂਦਾ ਹੈ।

ਦੱਸਣਯੋਗ ਹੈ ਕਿ 65 ਸਾਲ ਦਾ ਅਲ ਚਾਪੋ ਅਮਰੀਕਾ ਦੀ ਜੇਲ੍ਹ ‘ਚ ਉਮਰ ਕੈਦ ਕੱਟ ਰਿਹਾ ਹੈ। ਉਸ ਨੂੰ 2019 ‘ਚ ਨਸ਼ਾ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਸਜ਼ਾ ਸੁਣਾਈ ਗਈ ਸੀ। ਅਲ ਚਾਪੋ ਦੇ ਗਿਰੋਹ ਨਾਲ ਸਬੰਧਤ ਗੈਂਗਸਟਰਾਂ ਨੇ ਉਡਾਣ ਭਰਨ ਦੀ ਤਿਆਰੀ ਕਰ ਰਹੇ ਰਹੇ ਇਕ ਹਵਾਈ ਜਹਾਜ਼ ‘ਤੇ ਵੀ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਗੈਂਗਸਟਰਾਂ ਨੇ ਹਵਾਈ ਫੌਜ ਦੇ ਇਕ ਜਹਾਜ਼ ਤੇ ਵੀ ਹਮਲਾ ਕੀਤਾ ਅਤੇ ਘੱਟੋ-ਘੱਟ 100 ਫਲਾਈਟਸ ਰੱਦ ਕਰਨੀਆਂ ਪਈਆਂ। ਆਮ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦਾ ਸੁਨੇਹਾ ਦਿਤਾ ਗਿਆ ਹੈ। ਪੂਰੇ ਸੂਬੇ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕਰ ਦਿਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 6 ਮਹੀਨੇ ਤੋਂ ਵਿਛਾਏ ਜਾ ਰਹੇ ਜਾਲ ਵਿਚ ਓਵੀਡੀਓ ਫਸਿਆ ਜਿਸ ਨੂੰ ਕੁਲਆਕਨ ਸ਼ਹਿਰ ਵਿਚ ਕਾਬੂ ਕੀਤਾ ਗਿਆ ਅਤੇ ਫਿਰ ਮੈਕਸੀਕ ਸਿਟੀ ਲਿਜਾਇਆ ਗਿਆ।

Share this Article
Leave a comment