ਲਤਾ ਮੰਗੇਸ਼ਕਰ: ਸੁਰੀਲੇ ਸੁਰਾਂ ਦੀ ਮਲਿਕਾ

TeamGlobalPunjab
16 Min Read

-ਮਨਦੀਪ ਸਿੰਘ ਸਿੱਧੂ

ਫ਼ਿਲਮ ਹਿਸਟੋਰੀਅਨ

ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ, 1929 ਨੂੰ ਪੰਡਤ ਦੀਨਾ ਨਾਥ ਮੰਗੇਸ਼ਕਰ (ਮਰਹੂਮ) ਦੀ ਦੂਜੀ ਪਤਨੀ ਮਾਤਾ ਸੁਧਾਮਤੀ ਦੇ ਘਰ ਹੋਇਆ। ਇੰਦੌਰ ਦੇ ਸਿੱਖ ਮੁਹੱਲੇ ‘ਚ ਮਰਾਠੀ ਪਰਿਵਾਰ ਵਿਚ ਜਨਮੀ ਲਤਾ ਦੇ ਘਰਦਿਆਂ ਨੇ ਉਸਦਾ ਨਾਮ ‘ਹੇਮਾ’ ਰੱਖਿਆ ਅਤੇ ਫਿਰ ‘ਲਤਿਕਾ’ ਵਜੋਂ ਜਾਣ ਲੱਗਿਆ ਓੜਕ ਲਤਾ ਮੰਗੇਸ਼ਕਰ। ਐਪਰ ਕੌਣ ਜਾਣਦਾ ਸੀ ਕਿ ਇਹ ਬਾਲੜੀ ਆਉਣ ਵਾਲੇ ਸਮੇਂ ‘ਚ ਸੰਗੀਤ ਦੀ ਦੁਨੀਆ ਦਾ ਮਾਰੂਫ਼ ਸਿਤਾਰਾ ਬਣ ਜਾਵੇਗੀ। ਇਹ ਗੱਲ ਉਸਦੇ ਪਿਤਾ ਜਾਣਦੇ ਸਨ ਜੋ ਕਲਾਸਕੀ ਮੌਸੀਕੀ ਦੇ ਮਾਹਿਰ ਉਸਤਾਦ ਅਤੇ ਕਲਾ ਪਾਰਖ਼ੂ ਸਨ। ਬਾਲੜੀ ਲਤਾ ਨੂੰ ਕਲਾਸਕੀ ਮੌਸੀਕੀ ਦੀ ਗੁੜ੍ਹਤੀ ਆਪਣੇ ਪਿਤਾ ਕੋਲੋਂ ਵਿਰਾਸਤ ‘ਚ ਮਿਲੀ ਸੀ। ਲਿਹਾਜ਼ਾ ਪੰਜ ਸਾਲ ਦੀ ਉਮਰ ਵਿਚ ਹੀ ਪਿਤਾ ਧੀ ਦੇ ਉਸਤਾਦ ਬਣ ਗਏ ਸਨ। ਲਤਾ ਦੀ ਮੌਸੀਕੀ ਦੇ ਪ੍ਰਤੀ ਐਨੀ ਉਲਫ਼ਤ ਸੀ ਕਿ ਬਾਲ ਉਮਰੇ ਹੀ ਉਸਨੇ ਸੰਗੀਤ ਦੇ ਸੁਰਾਂ ਉੱਤੇ ਆਪਣਾ ਅਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਲਤਾ ਨੂੰ ਸਕੂਲ ਵਿੱਚ ਦਾਖ਼ਿਲ ਕੀਤਾ ਗਿਆ, ਤਾਂ ਪਹਿਲੀ ਜਮਾਤ ‘ਚ ਹੋਣ ਦੇ ਬਾਵਜੂਦ ਉਹ ਬੱਚਿਆਂ ਨੂੰ ਸੰਗੀਤ ਸਿਖਾਉਣ ਲੱਗੀ ਅਤੇ ਜਦੋਂ ਉਨਾਂ ਦੇ ਅਧਿਆਪਕ ਨੇ ਉਸਨੂੰ ਰੋਕਿਆ ਤਾਂ ਲਤਾ ਨੇ ਸਕੂਲ ਜਾਣਾ ਹੀ ਛੱਡ ਦਿੱਤਾ।

- Advertisement -

 

ਲਤਾ ਦਾ ਪਰਿਵਾਰ ਗੋਆ ਨਾਲ ਵਾਬਸਤਾ ਹੈ। ਗੋਆ ਦੇ ‘ਹਾਰਡੀਕਰ’ ਦੇ ਨਾਮ ਨਾਲ ਜਾਣੇ ਜਾਣ ਵਾਲ਼ੇ ਇਸ ਪਰਿਵਾਰ ਨੇ ਆਪਣੇ ਪੁਸ਼ਤੈਨੀ ਗਰਾਂ ਅਤੇ ਆਪਣੇ ਕੁਲ ਦੇਵਤਾ ‘ਮੰਗੇਸ਼’ ਨਾਲ ਆਪਣੇ ਆਪ ਨੂੰ ਜੋੜਦੇ ਹੋਏ ਆਪਣੇ ਨਾਮ ਨਾਲੋਂ ‘ਹਾਰਡੀਕਰ’ ਨੂੰ ਲਾਹ ਕੇ ‘ਮੰਗੇਸ਼ਕਰ’ ਜੋੜ ਲਿਆ ਸੀ। ਵੈਸੇ ਲਤਾ ਦਾ ਪੈਦਾਇਸ਼ੀ ਨਾਮ ‘ਹਿਰਦਿਆ’ ਰੱਖਿਆ ਗਿਆ ਸੀ ਪਰੰਤੂ ਉਨ੍ਹਾਂ ਦੇ ਪਿਤਾ ਦੁਆਰਾ ਮੰਚਿਤ ਮਰਾਠੀ ਨਾਟਕ ‘ਭਾਵ ਬੰਧਨ’ ਦੇ ਮੁੱਖ ਕਿਰਦਾਰ ‘ਲਤਿਕਾ’ ਤੋਂ ਮੁਤਾਸਿਰ ਹੁੰਦਿਆਂ ਬਾਲੜੀ ਹਿਰਦਿਆ ਨੂੰ ‘ਲਤਾ’ ਦੇ ਨਾਮ ਨਾਲ ਬੁਲਾਇਆ ਜਾਣ ਲੱਗਿਆ। ਪੰਡਿਤ ਜੀ ਨੂੰ ਹਿਰਦਿਆ ਦੇ ਨਾਮ ਨਾਲ ਵਿਸ਼ੇਸ਼ ਲਗਾਓ ਹੋਵੇਗਾ। ਲਿਹਾਜ਼ਾ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਮ ਵੀ ਹਿਰਦੈ ਨਾਥ ਰੱਖਿਆ। ਲਤਾ ਨੇ ਆਪਣੇ ਜੀਵਨ ਦੇ 13 ਬਸੰਤ ਹੀ ਵੇਖੇ ਸਨ ਕਿ ਉਨ੍ਹਾਂ ਦੇ ਪਿਤਾ ਜੀ ਵਫ਼ਾਤ ਪਾ ਗਏ। ਪਿਤਾ ਜੀ ਨੇ ਵਿਰਾਸਤ ਦੇ ਰੂਪ ‘ਚ ਸੰਗੀਤ ਦੇ ਬਿਨ੍ਹਾਂ ਕੁਝ ਨਹੀਂ ਛੱਡਿਆ ਸੀ ਅਤੇ ਇਸ ਸੱਤ ਸੁਰਾਂ ਦੀ ਸਾਧਕ ਨੂੰ ਆਪਣੇ ਜੀਵਨ ਨੂੰ ਸਾਧਣ ਦੇ ਲਈ ਨਾਟਕਾਂ ਤੋਂ ਲੈ ਕੇ ਫ਼ਿਲਮਾਂ ਵਿਚ ਛੋਟੇ-ਛੋਟੇ ਕੰਮ ਕਰਨੇ ਪਏ। ਲਤਾ ਦੀ ਉਮਰ ਭਾਵੇਂ ਹੀ ਨਿਆਣੀ ਸੀ ਅਲਬੱਤਾ ਉਨ੍ਹਾਂ ‘ਤੇ ਵੱਡੇ ਪਰਿਵਾਰ ਦੀ ਵੱਡੀ ਜ਼ਿੰਮੇਵਾਰੀ ਸੀ। ਵਧਦੀਆਂ ਜ਼ਿੰਮੇਵਾਰੀਆਂ ਨੇ ਲਤਾ ਦਾ ਬਚਪਨ ਖੋਹ ਲਿਆ ਸੀ। ਸੰਘਰਸ਼ ਨਾਲ ਲਤਾ ਟੁੱਟੀ ਨਹੀਂ ਬਲਕਿ ਹੋਰ ਤਾਕਤਵਰ ਬਣ ਕੇ ਉੱਭਰੀ। ਉਸ ਜ਼ਮਾਨੇ ‘ਚ ਹਿੰਦੀ ਫ਼ਿਲਮਾਂ ‘ਚ ਉਰਦੂ ਦਾ ਬੋਲ਼-ਬਾਲਾ ਸੀ। ਮਰਾਠੀ ਹੋਣ ਦੇ ਕਾਰਨ ਹਿੰਦੀ ਅਤੇ ਉਰਦੂ ਜ਼ੁਬਾਨਾਂ ਦੀ ਬਕਾਇਦਾ ਤਾਲੀਮ ਹਾਸਿਲ ਕੀਤੀ ਅਤੇ ਨਾਲ-ਨਾਲ ਪੰਜਾਬੀ ‘ਚ ਵੀ ਨਗ਼ਮਾਸਰਾਈ ਕੀਤੀ।

 

ਲਤਾ ਮੰਗੇਸ਼ਕਰ ਦੇ ਗਾਇਨ ਕਲਾ ਦੀ ਇਬਤਿਦਾ ਮਰਾਠੀ ਫ਼ਿਲਮ ‘ਕਿਤੀ ਹਸਾਲ’ (1942) ਤੋਂ ਕੀਤੀ ਸੀ ਐਪਰ ਉਨ੍ਹਾਂ ਦੇ ਗਾਏ ਗੀਤ ਨੂੰ ਫ਼ਿਲਮ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ ਆਈ ਇਕ ਹੋਰ ਮਰਾਠੀ ਫ਼ਿਲਮ ‘ਗਜਾਭਾਊ’ (1944) ‘ਚ ਲਤਾ ਜੀ ਨੇ ਆਪਣਾ ਪਹਿਲਾ ਹਿੰਦੀ ਗੀਤ ਗਾਇਆ ਸੀ ‘ਮਾਤਾ ਏਕ ਸਪੂਤ ਕੀ ਦੁਨੀਆ ਬਦਲ ਦੇ ਤੂੰ’। 16 ਸਾਲ ਦੀ ਉਮਰ ਵਿਚ ਲਤਾ ਦੀ ਬਤੌਰ ਬਾਲ ਅਦਾਕਾਰਾ ਅਤੇ ਗੁਲੂਕਾਰਾ ਵਜੋਂ ਪਹਿਲੀ ਹਿੰਦੀ ਫ਼ਿਲਮ ਪ੍ਰਫੁੱਲ ਪਿਕਚਰਸ, ਬੰਬਈ ਦੀ ਵਿਨਾਇਕ ਨਿਰਦੇਸ਼ਿਤ ‘ਬੜੀ ਮਾਂ’ (1945) ਸੀ। ਇਹ ਫ਼ਿਲਮ ਲਤਾ ਦੀ ਆਦਰਸ਼ ਨੂਰਜਹਾਂ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਸੀ। ਫ਼ਿਲਮ ਵਿਚ ਲਤਾ ਨੇ ਦੱਤਾ ਕੋਰਗਾਂਵਕਰ ਦੇ ਸੰਗੀਤ ‘ਚ ਜ਼ੀਆ ਸਰਹੱਦੀ ਤੇ ਅੰਜੁਮ ਪੀਲੀਭੀਤੀ ਦੇ ਲਿਖੇ ਦੋ ਗੀਤ ‘ਮਾਤਾ ਤੇਰੇ ਚਰਨੋਂ ਮੇਂ (ਨਾਲ ਕੋਰਸ) ਤੇ ਦੂਜਾ ‘ਜਨਨੀ ਜਨਮਭੂਮੀ ਤੁਮ ਮਾਂ ਹੋ ਬੜੀ ਮਾਂ’ (ਨਾਲ ਮੀਨਾਕਸ਼ੀ, ਕੋਰਸ)। ਇਨ੍ਹਾਂ ‘ਚੋਂ ਪਹਿਲਾ ਗੀਤ ਲਤਾ ਉੱਪਰ ਹੀ ਫ਼ਿਲਮਾਇਆ ਗਿਆ ਸੀ। ਇਸੇ ਬੈਨਰ ਦੀ ਹੀ ਦੀ ਹੀ ਵਿਨਾਇਕ ਨਿਰਦੇਸ਼ਿਤ ਦੂਜੀ ਹਿੰਦੀ ਫ਼ਿਲਮ ‘ਸੁਭੱਦਰਾ’ (1946) ‘ਚ ਵਸੰਤ ਦੇਸਾਈ ਦੇ ਸੰਗੀਤ ‘ਚ 3 ਗੀਤ ‘ਸਾਂਵਰੀਆ ਓਏ ਬਾਂਸੁਰੀਆ ਓਏ’, ‘ਪੀਯਾ ਆਏਗਾ ਗੋਰੀ ਸੁਧ ਨਾ ਬਿਸਾਰ’ ਤੇ ਸ਼ਾਂਤਾ ਆਪਟੇ ਨਾਲ ‘ਮੈਂ ਖਿਲੀ-ਖਿਲੀ ਫੁਲਵਾਰੀ’। ਲਤਾ ਦੀ ਤੀਜੀ ਹਿੰਦੀ ਫ਼ਿਲਮ ਨਿਊ ਥੀਏਟਰ, ਬੰਬਈ ਦੀ ਆਰ. ਡੀ. ਪਰਿੰਜਾ ਨਿਰਦੇਸ਼ਿਤ ‘ਸੋਨਾ ਚਾਂਦੀ’ (1946) ਸੀ। ਫ਼ਿਲਮ ‘ਚ ਲਤਾ ਨੇ ਡੀ. ਸੀ. ਦੱਤ ਦੀ ਮੁਰੱਤਿਬ ਮੌਸੀਕੀ ‘ਚ ਸਿਰਫ਼ ਇਕੋ ਗੀਤ ‘ਬਾਪੂ ਜੀ ਤਿਰੰਗੇ ਕੀ ਲੈ ਲੋ ਕਸਮ’ ਗਾਇਆ। ਚੰਦਰਮਾ ਪਿਕਚਰਸ, ਬੰਬਈ ਦੀ ਵਸੰਤ ਜੋਗੇਲਕਰ ਨਿਰਦੇਸ਼ਿਤ ਫ਼ਿਲਮ ‘ਆਪਕੀ ਸੇਵਾ ਮੇਂ’ (1947) ‘ਚ 3 ਗੀਤ ਗਾਏ ‘ਏਕ ਨਯੇ ਰੰਗ ਮੇਂ ਦੂਜੇ ਉਮੰਗ ਮੇਂ’, ‘ਪਾ ਲਾਗੂੰ ਕਰ ਜੋਰੀ ਰੇ’, ‘ਅਬ ਕੌਨ ਸੁਨੇਗਾ ਮੇਰੇ ਮਨ ਕੀ ਬਾਤ’, ਜਿਨ੍ਹਾਂ ਖ਼ੂਬਸੂਰਤ ਬੋਲ ਮਹੀਪਾਲ ਨੇ ਲਿਖੇ ਸਨ।

- Advertisement -

ਲਤਾ ਮੰਗੇਸ਼ਕਰ ਨੂੰ ਹਿੰਦੀ ਫ਼ਿਲਮਾਂ ਵਿਚ ਪਹਿਲਾ ਜਬਰਦਸਤ ਮੌਕਾ ਦਿੱਤਾ ਪੰਜਾਬੀ ਸੰਗੀਤ-ਨਿਰਦੇਸ਼ਕ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ। ਉਨ੍ਹਾਂ ਨੇ ਹੀ ਲਤਾ ਨੂੰ ਹਿੰਦੀ ਦੀ ਮੁੱਖ-ਧਾਰਾ ‘ਚ ਲਿਆਉਂਦਿਆਂ ਹੋਇਆਂ ਬੰਬੇ ਟਾਕੀਜ਼, ਬੰਬਈ ਦੀ ਫ਼ਿਲਮ ‘ਮਜਬੂਰ’ (1948) ‘ਚ ਆਪਣੀ ਮੁਰੱਤਿਬ ਮੌਸੀਕੀ ‘ਚ 4 ਏਕਲ ਤੇ 3 ਯੁਗਲ ਗੀਤ ਗਵਾਏ, ਜਿਨ੍ਹਾਂ ‘ਚ ‘ਦਿਲ ਮੇਰਾ ਤੋੜਾ ਮੁਝੇ ਕਹੀਂ ਕਾ ਨਾ ਛੋੜਾ ਤੇਰੇ ਪਿਆਰ ਨੇ’, ਅਬ ਡਰਨੇ ਕੀ ਕੋਈ ਬਾਤ ਨਹੀਂ ਅੰਗਰੇਜ਼ੀ ਛੋਰਾ ਚਲਾ ਗਯਾ’ (ਨਾਲ ਮੁਕੇਸ਼)। ਇਸਦੇ ਨਾਲ ਹੀ ਸ਼ੁਰੂ ਹੋਇਆ ਲਤਾ ਮੰਗੇਸ਼ਕਰ ਦਾ ਹਿੰਦੀ ਸਿਨੇਮੇ ਦੀ ਦੁਨੀਆ ‘ਚ ਪਿੱਠਵਰਤੀ ਗੁਲੂਕਾਰਾ ਵਜੋਂ ਸੁਨਹਿਰਾ ਸਫ਼ਰ। 1949 ਵਿਚ ਨੁਮਾਇਸ਼ ਹੋਈ ਹਿਦਾਇਤਕਾਰ ਕਮਾਲ ਅਮਰੋਹੀ ਦੀ ਰਹੱਸਮਈ ਫ਼ਿਲਮ ‘ਮਹਿਲ’, ਜਿਸਦੇ ਮੌਸੀਕਾਰ ਪੰਡਤ ਖ਼ੇਮਚੰਦ ਪ੍ਰਕਾਸ਼ ਸਨ ਦੀ ਸੰਗੀਤ ਨਿਰਦੇਸ਼ਨਾ ਵਿਚ ਗੀਤ ‘ਆਏਗਾ ਆਏਗਾ ਆਨੇਵਾਲਾ’ ਨਾਲ ਲਤਾ ਨੂੰ ਸਫ਼ਲਤਾ ਅਤੇ ਪੁਖ਼ਤਾ ਪਛਾਣ ਮਿਲੀ। ਲਗਭਗ 7 ਮਿੰਟ ਲੰਮੇ ਇਸ ਗੀਤ ਦੇ ਜ਼ਰੀਏ ਲਤਾ ਦੀ ਆਵਾਜ਼ ਦੇਸ਼ ਦੇ ਕੋਨੇ-ਕੋਨੇ ‘ਚ ਪਹੁੰਚ ਗਈ ਸੀ।

 

 

ਲਤਾ ਮੰਗੇਸ਼ਕਰ ਨੂੰ ਪੰਜਾਬੀ ਫ਼ਿਲਮਾਂ ‘ਚ ਗਵਾਉਣ ਦਾ ਫ਼ਖ਼ਰਯੋਗ ਇਜ਼ਾਜ਼ ਵੀ ਪੰਜਾਬੀ ਸੰਗੀਤ-ਨਿਰਦੇਸ਼ਕ ਹੰਸਰਾਜ ਬਹਿਲ, ਲਾਇਲਪੁਰੀ ਨੂੰ ਹਾਸਿਲ ਰਿਹਾ ਹੈ। ਕੁਲਦੀਪ ਪਿਕਚਰਸ਼ ਲਿਮਿਟਿਡ, ਬੰਬੇ ਦੀ ਨਗ਼ਮਾਬਾਰ ਪੰਜਾਬੀ ਫ਼ਿਲਮ ‘ਲੱਛੀ’ (1949) ਵਿਚ ਫ਼ਿਲਮ ਦੇ 11 ਗੀਤਾਂ ‘ਚੋਂ 7 ਗੀਤ ਲਤਾ ਮੰਗੇਸ਼ਕਰ ਕੋਲੋਂ ਗਵਾਏ ‘ਹਾੜਾ ਵੇ ਚੰਨਾ ਯਾਦ ਸਾਨੂੰ ਤੇਰੀ ਆਵੇ’ (ਲਤਾ) ‘ਕਾਲੀ ਕੰਘੀ ਨਾਲ ਕਾਲੇ ਵਾਲ ਪਈ ਵਾਹਨੀ ਆਂ’, ‘ਤੂੰਬਾ ਵੱਜਦਾ ਈ ਨਾ ਤਾਰ ਬਿਨ੍ਹਾਂ’ (ਮੁਹੰਮਦ ਰਫ਼ੀ ਨਾਲ), ‘ਸ਼ਰਾਬ-ਏ-ਇਸ਼ਕ ਜਾਤੀ ਹੈ ਪਿਲਾਈ’ (ਗੀਤਾ ਰਾਏ ਨਾਲ/ਕੱਵਾਲੀ) ਐਪਰ ਇਸ ਫ਼ਿਲਮ ‘ਚ ਲਤਾ ਦਾ ਗਾਇਆ ਏਕਲ ਗੀਤ ‘ਨਾਲੇ ਲੰਮੀ ਤੇ ਨਾਲੇ ਕਾਲੀ ਹਾਏ ਵੇ ਚੰਨਾ ਰਾਤ ਜੁਦਾਈਆਂ ਵਾਲੀ’ ਅਮਰ ਗੀਤ ਦਾ ਦਰਜਾ ਰੱਖਦਾ ਹੈ। ਇਸ ਤੋਂ ਪਹਿਲਾਂ ਵੀ ਪੰਜਾਬੀ ਸੰਗੀਤ-ਨਿਰਦੇਸ਼ਕ ਵਿਨੋਦ ਨੇ ਫ਼ਿਲਮ ‘ਚਮਨ’ (1948) ਦੇ ਗਰਾਮੋਫ਼ੋਨ ਰਿਕਾਰਡ ਲਈ 3 ਗੀਤ ਲਤਾ ਤੋਂ ਗਵਾਏ ਸਨ ‘ਰਾਹੇ ਰਾਹੇ ਜਾਂਦਿਆ ਅੱਖੀਆਂ ਮਿਲਾਂਦਿਆ’, ‘ਗਲੀਆਂ ‘ਚ ਫਿਰਦੇ ਢੋਲਾ ਨਿੱਕੇ-ਨਿੱਕੇ ਬਾਲ ਵੇ’ ਅਤੇ ਤੀਜਾ ‘ਅਸਾਂ ਬੇਕਦਰਾਂ ਨਾਲ ਲਾਈਆਂ ਅੱਖੀਆਂ ਦੁੱਖ ਭਰੀਆਂ’। ਅਜ਼ੀਜ਼ ਕਸ਼ਮੀਰੀ ਦੇ ਲਿਖੇ ਇਨ੍ਹਾਂ ਗੀਤਾਂ ਨੂੰ ਫ਼ਿਲਮ ‘ਚ ਸ਼ਾਮਿਲ ਨਹੀਂ ਕੀਤਾ ਗਿਆ ਸੀ ਐਪਰ ਫ਼ਿਲਮ ਵਿਚਲੇ ਇਹ ਗੀਤ ਪੁਸ਼ਪਾ ਚੋਪੜਾ ਦੀ ਆਵਾਜ਼ ਵਿਚ ਹੀ ਸ਼ਾਮਿਲ ਕੀਤੇ ਗਏ ਸਨ। ਫ਼ਿਲਮ ‘ਭਾਈਆ ਜੀ’ (1950) ਵਿਚ ਵਿਨੋਦ ਨੇ ਆਪਣੀ ਪੁਰਅਸਰ ਮੌਸੀਕੀ ਵਿੱਚ ਦੂਜੀ ਵਾਰ ਆਜ਼ਾਦਾਨਾ ਤੌਰ ਤੇ ਲਤਾ ਤੋਂ 5 ਗੀਤ ਗਵਾਏ ਚੱਲਾਂ ਮੋਰਨੀ ਦੀ ਚਾਲ’, ‘ਝਿਲਮਿਲ ਤਾਰਿਆ ਜਾ ਅੱਖੀਆਂ ਨਾ ਮਾਰ ਵੇ’, (ਲਤਾ ਮੰਗੇਸ਼ਕਰ), ‘ਆ ਕੁੜੀਏ ਨੀ ਗਾ ਕੁੜੀਏ’, ‘ਓ ਨੀ ਮੈਂ ਲੈ ਕੇ ਜਾਣਾ’ (ਮੀਨਲ ਵਾਘ ਨਾਲ) ਅਤੇ ਇਕ ਬਹੁਤ ਹੀ ਪਿਆਰਾ ਰੂਮਾਨੀ ਗੀਤ ਮੁਹੰਮਦ ਰਫ਼ੀ ਨਾਲ ‘ਕਿ ਬੱਦਲੀਆਂ ਛਾ ਗਈਆਂ ਚੱਲ ਆ ਬਾਗਾਂ ਵਿਚ ਨੱਚੀਏ ਨੀ’।

 

 

ਇਸੇ ਸਾਲ ਹੀ ਮੌਸੀਕਾਰ ਅੱਲਾ ਰੱਖਾ ਕੁਰੈਸ਼ੀ ਦੇ ਸੰਗੀਤ ‘ਚ ਨੁਮਾਇਸ਼ ਹੋਈ ਫ਼ਿਲਮ ‘ਮਦਾਰੀ’ ‘ਚ ਹੀ ਮੌਸੀਕਾਰ ਅੱਲਾ ਰੱਖਾ ਕੁਰੈਸ਼ੀ ਦੇ ਸੰਗੀਤ ‘ਚ ਅਜ਼ੀਜ਼ ਕਸ਼ਮੀਰੀ ਦੇ ਲਿਖੇ 3 ਗੀਤ ਲਤਾ ਮੰਗੇਸ਼ਕਰ ਨੇ ਗਾਏ ‘ਰੱਸੀ ‘ਤੇ ਟੰਗਿਆ ਦੁਪੱਟਾ ਮੇਰਾ ਡੋਲਦਾ’, ‘ਅਸਾਂ ਤੱਕਿਆ ਮਾਹੀ ਨੂੰ ਪਹਿਲੀ ਵਾਰ’ ਅਤੇ ‘ਪੁੱਛ ਮੇਰਾ ਹਾਲ ਕਦੇ ਆਕੇ ਮੇਰੇ ਹਾਣੀਆ’ ਜੋ ਬੇਹੱਦ ਮਕਬੂਲ ਹੋਏ। ਫ਼ਿਲਮ ‘ਫੁੱਮਣ’ (1951) ਵਿਚ ਇਕ ਵਾਰ ਅੱਲਾ ਰੱਖਾ ਕੁਰੈਸ਼ੀ ਨੇ ਆਪਣੀ ਤਰਤੀਬ ਮੌਸੀਕੀ ‘ਚ ਲਤਾ ਕੋਲੋਂ 4 ਗੀਤ ਗਵਾਏ ‘ਕੋਈ ਕਰ ਲੈ ਦਿਲਾਂ ਦੀ ਗੱਲ ਬੀਬਾ’, ‘ਮੈਂ ਅੱਡੀਆਂ ਚੁੱਕ-ਚੁੱਕ ਵੇਖਾਂ’, ‘ਰਾਤਾਂ ਅੰਧੇਰੀਆਂ ਆ ਗਈਆਂ ਢੋਲਾ’ ਅਤੇ ਇਕ ਜੀ. ਐੱਮ. ਦੁਰਾਨੀ ਨਾਲ ਦੋਗਾਣਾ ਗੀਤ ‘ਮੈਂ ਹੌਂਕੇ ਭਰ-ਭਰ ਰੋਵਾਂ ਤੇਰੇ ਬਿਨ੍ਹਾਂ ਸੋਹਣਿਆ’ ਨੇ ਵੀ ਬੜੀ ਮਕਬੂਲੀਅਤ ਹਾਸਿਲ ਕੀਤੀ।’ਚ ਮਾਰੂਫ਼ ਸੰਗੀਤਕਾਰ ਜੋੜੀ ਪੰਡਤ ਹੁਸਨਲਾਲ-ਭਗਤਰਾਮ ਰਾਮ ਨੇ ਵੀ ਲਤਾ ਦੀ ਆਵਾਜ਼ ਦਾ ਬਾਖ਼ੂਬੀ ਇਸਤੇਮਾਲ ਕਰਦਿਆਂ ਇਕ ਪੁਰਸੋਜ਼ ਗੀਤ ‘ਜਦ ਰਾਤ ਪੈਣ ਲੱਗੇ ਹੰਝੂਆਂ ਦੇ ਤੇਲ ਵਿਚ’ ਜੋ ਫ਼ਿਲਮ ਅਦਾਕਾਰਾ ਰੂਪਮਾਲਾ ਤੇ ਫ਼ਿਲਮਾਇਆ ਗਿਆ ਹਿੱਟ ਗੀਤ ਸੀ। ਇਨ੍ਹਾਂ ਫ਼ਿਲਮੀ ਗੀਤਾਂ ਦੀ ਬੇਪਨਾਹ ਮਕਬੂਲੀਅਤ ਨੇ ਪੰਜਾਬੀ ਸਿਨੇਮਾ ‘ਚ ਲਤਾ ਦੀ ਗੁਲੂਕਾਰੀ ਪਰਚਮ ਬੁਲੰਦ ਕਰ ਦਿੱਤਾ। ਜਦੋਂ ਕਵਾਤੜਾ ਬ੍ਰਦਰਜ਼, ਬੰਬੇ ਨੇ ਆਪਣੇ ਜ਼ਾਤੀ ਬੈਨਰ ਹੇਠ ਪੰਜਾਬੀ ਫ਼ਿਲਮ ‘ਵਣਜਾਰਾ’ (1954) ਬਣਾਈ ਤਾਂ ਨੁਮਾਇਆਂ ਸੰਗੀਤਕਾਰ ਸਰਦੂਲ ਕਵਾਤੜਾ ਨੇ ਲਤਾ ਦੀ ਪੁਰਕਸ਼ਿਸ ਆਵਾਜ਼ ਸੋਹਣਾ ਇਸਤੇਮਾਲ 7 ਗੀਤ ਗਵਾਏ ‘ਪੀਘਾਂ ਦੇ ਉੱਤੇ ਬਹਿ ਕੇ ਚੰਨਾ ਲੈਨੀ ਆਂ ਹੁਲਾਰੇ’, ‘ਪਿੱਪਲਾਂ ਦੀ ਠੰਢੀ ਛਾਂ ਵੇ’, ‘ਸਾਡੇ ਪਿੰਡ ਵਿਚ ਪਾ ਕੇ ਹੱਟੀ’, ‘ਜਗ ਜਾ ਨੀ ਜਗ ਜਾ ਨੀ ਬੱਤੀਏ’, ‘ਮਾਰਾਂ ਕੰਧਾਂ ਉੱਤੇ ਲੀਕਾਂ’ ਤੋਂ ਇਲਾਵਾ ਸਰਦੂਲ ਕਵਾਤੜਾ ਵੱਲੋਂ ਪੇਸ਼ ਕੀਤੇ ਨਵੇਂ ਗੁਲੂਕਾਰ ਸ਼ਮਿੰਦਰਪਾਲ ਸਿੰਘ ਚਹਿਲ ਨਾਲ ਗਾਏ ਲਤਾ ਮੰਗੇਸ਼ਕਰ ਦੇ ਯੁਗਲ ਗੀਤ ‘ਉੱਚੇ ਚੁਬਾਰੇ ਵਾਲੀਏ ਨੀ ਸਾਨੂੰ ਤੱਕ ਨਾ ਖਲੋ ਕੇ’ ਤੇ ‘ਓ ਚਰਖੇ ਦੀਆਂ ਘੁਕਾਂ ਨੇ ਸੁਣ ਲੈ ਤੂੰ ਕੰਨ ਧਰਕੇ ਹਾਏ ਸਾਡੇ ਦਿਲ ਦੀਆਂ ਹੂਕਾਂ ਨੇ’ ਵੀ ਬੇਹੱਦ ਪਸੰਦ ਕੀਤੇ ਗਏ।

 

ਲਤਾ ਮੰਗਸ਼ੇਕਰ ਦੇ ਪੰਜਾਬੀ ਫ਼ਿਲਮਾਂ ‘ਚ ਗਾਏ ਹੋਰਨਾਂ ਮਕਬੂਲਤਰੀਨ ਨਗ਼ਮਾਤ ਦੀ ਫ਼ਹਿਰਿਸਤ ਇਸ ਪ੍ਰਕਾਰ ਹੈ ‘ਅਸੀਂ ਕੀਤੀ ਏ ਤੇਰੇ ਨਾਲ ਥੂ’ (ਨਾਲ ਮੁਹੰਮਦ ਰਫ਼ੀ/ਦੋ ਲੱਛੀਆਂ/1960), ‘ਟੱਪ ਨੀ ਜਵਾਨੀਏ ਤੂੰ ਟੱਪ-ਟੱਪ’, ‘ਪੀਲੂ ਕੱਚੀਆਂ ਨਾ ਤੋੜ ਮਾਹੀ ਪੱਕ ਲੈਣ ਦੇ’, ‘ਰਾਹ ਜਾਂਦੇ ਮਾਹੀ ਨੂੰ ਮੋੜ ਲਿਆ’ (ਪੱਗੜੀ ਸੰਭਾਲ ਜੱਟਾ/1960), ‘ਪਿਆਰ ਦੇ ਭੁਲੇਖੇ ਕਿੰਨੇ ਸੋਹਣੇ-ਸੋਹਣੇ ਖਾ ਗਏ’, ‘ਸਾਨੂੰ ਤੱਕ ਕੇ ਨਾ ਸੰਗਿਆ ਕਰੋ’ (ਮੁਹੰਮਦ ਰਫ਼ੀ ਨਾਲ/ਗੁੱਡੀ/1961), ‘ਜੇ ਮੈਂ ਦੁੱਧ ਚੋਵਾਂ ਤੇਰੀ ਯਾਦ ਆਵੇ’ (ਲਾਜੋ/1963), ‘ਲਾਈਆਂ ਤੇ ਤੋਂੜ ਨਿਭਾਈਂ ਛੱਡ ਕੇ ਨਾ ਜਾਈਂ’ (ਮਹਿੰਦਰ ਕਪੂਰ ਨਾਲ/ਪਿੰਡ ਦੀ ਕੁੜੀ/1963), ‘ਤੂੰ ਤੇ ਸੌਂ ਗਈ ਗੂਹੜੀ ਨੀਂਦਰੇ’, ‘ਇਕ ਪਾਸੇ ਟਾਹਲੀ ਇਕ ਪਾਸੇ ਬੇਰੀ’ (ਆਸ਼ਾ ਭੌਸਲੇ ਨਾਲ/ਗੀਤ ਬਹਾਰਾਂ ਦੇ/1964), ‘ਉਸ ਪੰਛੀ ਨਾਲ ਕੀ ਨੇਹੁੰ ਲਾਣਾ’ (ਸਤਲੁਜ ਦੇ ਕੰਢੇ /1964), ‘ਹਾਲ ਜਿਹੜਾ ਜੱਗ ਉੱਤੇ ਕੀਤਾ ਈ ਸਾਡੇ ਪਿਆਰ ਦਾ’ (ਜੁਗਨੀ/1979), ‘ਪਾ ਤੇ ਵਿਛੋੜੇ ਮੇਲ ਨਾ ਕੀਤੇ’ (ਰੇਸ਼ਮਾ/1982), ‘ਆਪ ਛੋੜ ਬਿਨਤੀ ਕਰੂੰ…ਮੇਰੀ ਗੁਰੂ ਪ੍ਰੀਤੀ’, ‘ਸ਼ਕਤੀ…ਅੱਜ ਮੰਗਤੀ ਨੂੰ ਖਾਲੀ ਨਾ ਮੋੜੀਂ’ (ਆਸਰਾ ਪਿਆਰ ਦਾ/1983), ‘ਕੰਜਰੀ ਰਹੀ ਮੈਂ ਹਾਏ ਕੰਜਰੀ’ (ਅੰਬਰੀ/1983)। ਲਤਾ ਮੰਗੇਸ਼ਕਰ ਨੇ ਆਪਣਾ ਆਖ਼ਰੀ ਪੰਜਾਬੀ ਫ਼ਿਲਮੀ ਨਗ਼ਮਾ ਸਪਰੂ ਆਰਟ ਇੰਟਰਨੈਸ਼ਨਲ, ਬੰਬੇ ਦੀ ਪੰਜਾਬੀ ਫ਼ਿਲਮ ‘ਮਹਿੰਦੀ ਸ਼ਗਨਾਂ ਦੀ’ (1992) ਵਿਚ ਗਾਇਆ। ਉੱਤਮ ਸਿੰਘ ਦੇ ਸੰਗੀਤ ‘ਚ ਬਾਬੂ ਸਿੰਘ ਮਾਨ ਦੇ ਲਿਖੇ ਇਸ ਖ਼ੂਬਸੂਰਤ ਗੀਤ ਦੇ ਬੋਲ ਸਨ ‘ਮੱਥੇ ਉੱਤੇ ਟਿੱਕਾ ਲਾ ਕੇ’। ਵਿਨੋਦ ਨੂੰ ਲਤਾ ਮੰਗੇਸ਼ਕਰ ਦੀ ਆਵਾਜ਼ ਬੇਹੱਦ ਪਸੰਦ ਸੀ। ਲਿਹਾਜ਼ਾ ਜਦੋਂ ਉਨ੍ਹਾਂ ਨੇ ਆਪਣੀ ਮੁਰੱਤਿਬ ਮੌਸੀਕੀ ‘ਚ ਹਿੰਦੀ ਫ਼ਿਲਮ ‘ਸਬਜ਼ਬਾਗ਼’ (1951) ਬਣਾਈ, ਤਾਂ ਉਨ੍ਹਾਂ ਲਤਾ ਮੰਗੇਸ਼ਕਰ ਕੋਲੋਂ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇਕ ਪੰਜਾਬੀ/ਹਿੰਦੀ ਮਿਕਸ ਗੀਤ ਗਵਾਇਆ ‘ਨੀ ਮੈਂ ਕਹਿੰਦੀ ਨਾਂਹ-ਨਾਂਹ ਢੋਲਾ ਨਾ, ਹੱਸਦੇ-ਹੱਸਦੇ ਬੇਦਰਦੀ ਨੇ ਫੜ ਲਈ ਮੇਰੀ ਬਾਂਹ’ ਜੋ ਬਹੁਤ ਹਿੱਟ ਹੋਇਆ। ਸਾਲ 1978 ਵਿੱਚ ਆਪਣੇ ਭਰਾ ਹਿਰਦੈਨਾਥ ਦੀ ਦਿਲਕਸ਼ ਤਰਜ਼ ‘ਤੇ ਤਰਤੀਬ ਗ਼ੈਰ-ਫ਼ਿਲਮੀ ਪੰਜਾਬੀ ਗੀਤ ‘ਹੀਰ ਆਖਦੀ ਜੋਗੀਆ ਝੂਠ ਬੋਲੇ, ਕੌਣ ਰੁੱਠੜੇ ਯਾਰ ਮਨਾਂਵਦਾ ਈ’ ਲਤਾ ਦੇ ਗਾਏ ਸ਼ਾਹਕਾਰ ਪੰਜਾਬੀ ਗੀਤਾਂ ‘ਚੋਂ ਇਕ ਹੈ। ਇਸ ਤੋਂ ਇਲਾਵਾ ਲਤਾ ਮੰਗੇਸ਼ਕਰ ਦੇ ਗਾਏ ਧਾਰਮਿਕ ਪੰਜਾਬੀ ਸ਼ਬਦਾਂ ਦਾ ਇਕ ਐੱਲ. ਪੀ. ਰਿਕਾਰਡ ‘ਮਿਲ ਮੇਰੇ ਪ੍ਰੀਤਮਾ ਜੀਓ’ (ਈਸੀਐੱਸਡੀ 2821) 1979 ਵਿਚ ਜਾਰੀ ਹੋਇਆ। 8 ਸ਼ਬਦਾਂ ਵਾਲੇ ਇਸ ਰਿਕਾਰਡ ਦਾ ਸੰਗੀਤ ਸਿੰਘ ਬੰਧੂ ਤੇਜਪਾਲ ਸਿੰਘ ਤੇ ਸੁਰਿੰਦਰ ਸਿੰਘ ਨੇ ਤਾਮੀਰ ਕੀਤਾ ਸੀ।

ਆਪਣੇ ਜੀਵਨ ਦੇ ਸੰਘਰਸ਼ਮਈ ਸਮੇਂ ਵਿਚ ਲਤਾ ਮੰਗੇਸ਼ਕਰ ਨੇ ਗ਼ੁਜ਼ਰ-ਬਸਰ ਦੇ ਲਈ ਚੰਦ ਮਰਾਠੀ ਤੇ ਹਿੰਦੀ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਸੀ। ਪਹਿਲੀ ਫ਼ਿਲਮ ‘ਮੰਗਲਾਗੌੜ’ ( 1942), ‘ਚਿਮੂਕਲਾ ਸੰਸਾਰ’, ‘ਮਾਝੋਬਾਲ’ (1943) ‘ਚ ‘ਗਜ਼ਾਭਾਊ’ (1944), ‘ਬੜੀ ਮਾਂ’ ( 1945 /ਹਿੰਦੀ), ‘ਸੁਭੱਦਰਾ’ (1946), ‘ਮੰਦਿਰ’ (1948), ‘ਛੱਤਰਪਤੀ ਸ਼ਿਵਾਜੀ’ (1955)। ਸਾਲ 1955 ‘ਚ ਲਤਾ ਮੰਗੇਸ਼ਕਰ ਪਹਿਲੀ ਵਾਰ ਸੰਗੀਤਕਾਰਾ ਬਣੀ। ਮਰਾਠੀ ਫ਼ਿਲਮ ‘ਰਾਮ ਰਾਮ ਪਾਵਹਨ’ ਦਾ ਸੰਗੀਤ ਤਿਆਰ ਕੀਤਾ ਜੋ 1960 ‘ਚ ਨੁਮਾਇਸ਼ ਹੋਈ। ਇਸ ਫ਼ਿਲਮ ਦੇ ਬਾਅਦ ਲਤਾ ਨੇ ਬਤੌਰ ਸੰਗੀਤਕਾਰਾ ‘ਚਦਮ ਨਾਮ’, ‘ਆਨੰਦ ਘਨ’ ਤੋਂ ਇਲਾਵਾ ਚਾਰ ਹੋਰ ਫ਼ਿਲਮਾਂ ਦੀ ਮੌਸੀਕੀ ਮੁਰੱਤਿਬ ਕੀਤੀ ‘ਮਰਾਠਾ ਤਿਤੁਕਾ ਮਿਲਵਾਵਾ’, ‘ਮੋਹੀਤਿਆਚੀ ਮੰਜੁਲਾ’ (1963), ‘ਸਾਧੀ ਮਾਨਸ’ (1965), ‘ਤਾਂਬਡੀ ਮਾਤੀ’ (1969)। ਬਤੌਰ ਨਿਰਮਾਤਾ ਲਤਾ ਮੰਗੇਸ਼ਕਰ ਨੇ ਸਾਂਝੇਦਾਰੀ ਨਾਲ ਕੁੱਲ 4 ਫ਼ਿਲਮਾਂ ਦਾ ਨਿਰਮਾਣ ਕੀਤਾ। ਇਕ ਮਰਾਠੀ ਫ਼ਿਲਮ ਅਤੇ 3 ਹਿੰਦੀ ਫ਼ਿਲਮਾਂ। ਇਕ ਹਿੰਦੀ ਫ਼ਿਲਮ ‘ਝਾਂਜਰ’ ਉਨ੍ਹਾਂ ਨੇ ਮੌਸੀਕਾਰ ਚਿਤਲਕਰ (ਸੀ. ਰਾਮਚੰਦਰ) ਦੇ ਨਾਲ ਮਿਲ ਕੇ ਬਣਾਈ। ਲਤਾ ਦੁਆਰਾ ਬਣਾਈਆਂ ਫ਼ਿਲਮਾਂ ਹਨ ਮਰਾਠੀ ਫ਼ਿਲਮ ‘ਵਡਾਲ’ (1953), ਹਿੰਦੀ ਫ਼ਿਲਮ ‘ਝਾਂਜਰ’ (1953), ‘ਕੰਚਨ’ (1955) ਅਤੇ ‘ਲੇਕਿਨ’ (1990)।

 

ਲਤਾ ਮੰਗੇਸ਼ਕਰ ਨੂੰ ਬੇਸ਼ੁਮਾਰ ਪੁਰਸਕਾਰਾਂ ਨਾਲ ਸਰਫ਼ਰਾਜ਼ ਕੀਤਾ ਗਿਆ, ਜਿਨ੍ਹਾਂ ਵਿੱਚ 1966 ਅਤੇ 1967 ‘ਚ ਮਹਾਂਰਾਸ਼ਟਰ ਰਾਜ ਪੁਰਸਕਾਰ, 4 ਵਾਰੀ 1958, 1962, 1965, 1969 ਦਾ ‘ਫ਼ਿਲਮਫ਼ੇਅਰ ਬੈਸਟ ਪਲੇਅਬੈਕ ਸਿੰਗਰ ਐਵਾਰਡ’, 1969 ਦਾ ‘ਪਦਮ ਭੂਸ਼ਣ’, 1973, 1975 ਅਤੇ 1990 ‘ਚ ‘ਐੱਨ. ਟੀ. ਆਰ. ਨੈਸ਼ਨਲ ਐਵਾਰਡ’, 2001 ‘ਚ ‘ਭਾਰਤ ਰਤਨ’, 2001 ‘ਚ ਹਕੂਮਤ-ਏ-ਪਾਕਿਸਤਾਨ ਦਾ ‘ਨੂਰ-ਏ-ਜਹਾਨ ਐਵਾਰਡ’, 2001 ‘ਚ ‘ਮਹਾਂਰਾਸ਼ਟਰ ਰਤਨ ਐਵਾਰਡ’, 1993 ‘ਚ ‘ਫ਼ਿਲਮਫ਼ੇਅਰ ਲਾਈਫ਼ਟਾਈਮ ਅਚੀਵਮੈਂਟ ਐਵਾਰਡ’, 12 ਵਾਰ 1964, 67, 68, 69, 70, 71, 72, 73, 74, 75, 81, 85 ਦਾ ‘ਬੰਗਾਲ ਫ਼ਿਲਮ ਜਰਨਲਿਸਟ ਐਸੋਸੀਏਸ਼ਨ ਐਵਾਰਡ’ ਅਤੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਦੁਆਰਾ ਸਭ ਤੋਂ ਮਜ਼ੀਦ ਗੀਤ ਰਿਕਾਰਡ ਕਰਾਉਣ ਲਈ ਐਵਾਰਡ ਐਪਰ ਇਹ ਐਵਾਰਡ ਦੀ ਅਸਲ ਹੱਕਦਾਰ ਇਨ੍ਹਾਂ ਦੀ ਛੋਟੀ ਭੈਣ ਆਸ਼ਾ ਭੌਸਲੇ ਸੀ, ਜਿਸਨੇ ਲਤਾ ਜੀ ਤੋਂ ਵੱਧ ਗੀਤ ਗਾਏ ਹਨ। ਹਿੰਦੀ ਫ਼ਿਲਮ ਜਗਤ ਵਿਚ ਸਭ ਤੋਂ ਵੱਧ ਗੀਤ ਗਾਉਣ ਦਾ ਇਜ਼ਾਜ਼ ਇਨ੍ਹਾਂ ਦੀ ਛੋਟੀ ਭੈਣ ਆਸ਼ਾ ਭੌਸਲੇ ਨੂੰ ਹੀ ਹਾਸਿਲ ਹੈ। ਮੱਧ ਪ੍ਰਦੇਸ਼ ਸਰਕਾਰ ਨੇ 1984 ਵਿਚ ਅਤੇ ਮਹਾਂਰਾਸ਼ਟਰ ਸਰਕਾਰ ਨੇ 1992 ਵਿਚ ‘ਲਤਾ ਮੰਗੇਸ਼ਕਰ’ ਦੇ ਨਾਮ ਨਾਲ ਸੁਗਮ ਸੰਗੀਤ ਦੇ ਲਈ ਪੁਰਸਕਾਰਾਂ ਦਾ ਐਲਾਨ ਕੀਤਾ। ਲਤਾ ਮੰਗੇਸ਼ਕਰ ਨੇ 1942 ਤੋਂ ਫ਼ਿਲਮ ‘ਰੰਗ ਦੇ ਬਸੰਤੀ’ (2006) ਬੇਸ਼ੁਮਾਰ ਮਕਬੂਲ ਗੀਤ ਗਾ ਕੇ ਆਪਣਾ ਨਾਮ ਫ਼ਿਲਮ ਇਤਿਹਾਸ ਦੇ ਸੁਨਹਿਰੀ ਹਰਫ਼ਾਂ ‘ਚ ਲਿਖਵਾ ਕੇ ਅਮਰ ਗੁਲੂਕਾਰਾ ਫ਼ਖ਼ਰ ਹਾਸਿਲ ਕਰ ਲਿਆ ਹੈ।

40 ਦੇ ਦਹਾਕੇ ਵਿਚ ਆਪਣੇ ਫ਼ਿਲਮੀ ਗੁਲੂਕਾਰੀ ਦੇ ਸਫ਼ਰ ਦਾ ਖ਼ੂਬਸੂਰਤ ਆਗ਼ਾਜ਼ ਕਰਨ ਵਾਲੀ ਸ਼ੀਰੀ ਲਬ-ਓ-ਲਹਿਜ਼ਾ ਦੀ ਮੱਲਿਕਾ ਅਤੇ ਸੁਰਾਂ ਦੀ ਸ਼ਹਿਜ਼ਾਦੀ ਲਤਾ ਮੰਗੇਸ਼ਕਰ ਅੱਜ 90 ਸਾਲਾਂ ਦੀ ਬਜ਼ੁਰਗ਼ ਉਮਰੇ ਜੀਵਨ ਰੱਖਿਅਕ ਪ੍ਰਣਾਲੀ ‘ਤੇ ਹਨ। ਉਨ੍ਹਾਂ ਦੀ ਹਾਲਤ ਸੰਜੀਦਾ ਬਣੀ ਹੋਈ ਹੈ ਅਤੇ ਇਸ ਵਕਤ ਉਹ ਬਰੀਚ ਕੈਂਡੀ ਹਸਪਤਾਲ ਦੇ ਆਈਸੀਯੂ ਵਿਚ ਭਰਤੀ ਹਨ। ਦੁਆ-ਗੋ ਹਾਂ ਰੱਬ ਸੋਹਣਾ ਉਨ੍ਹਾਂ ਹਿਆਤੀ ਦਰਾਜ਼ ਕਰੇ ਅਤੇ ਉਹ ਜਲਦੀ ਸਿਹਤਯਾਬ ਹੋ ਜਾਣ…ਆਮੀਨ!

Share this Article
Leave a comment