ਅਮਰੀਕੀ ਰਾਸ਼ਟਰਪਤੀ ਦੀ ਪਤਨੀ ਮੇਲਾਨੀਆ ਟਰੰਪ ਅੱਜ ਕਰਨਗੇ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ

TeamGlobalPunjab
2 Min Read

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਪਰਿਵਾਰ ਸਮੇਤ ਦੋ ਦਿਨਾਂ ਭਾਰਤ ਦੌਰੇ ‘ਤੇ ਹਨ। ਇਸ ਦੌਰਾਨ ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਅੱਜ ਮੰਗਲਵਾਰ ਨੂੰ ਦਿੱਲੀ ਦੇ ਸਰਵੋਦਿਆ ਕੋ-ਐਡ ਸੀਨੀਅਰ ਸੈਕੰਡਰੀ ਸਕੂਲ ਨਾਨਕਪੁਰਾ ਮੋਤੀਬਾਗ ਵਿਖੇ ਇੱਕ ਸਰਕਾਰੀ ਸਕੂਲ ਦਾ ਦੌਰਾ ਕਰਨਗੇ। ਜਿਸ ਦੌਰਾਨ ਉਹ ਸਕੂਲ ‘ਚ ਹੈਪੀਨਸ ਕਲਾਸ ਦੌਰਾਨ ਬੱਚਿਆਂ ਨਾਲ ਮੁਲਾਕਾਤ ਕਰਨਗੇ।

ਸਕੂਲ ‘ਚ ਪਿਛਲੇ ਪੰਜ ਦਿਨਾਂ ਤੋਂ ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ। ਮੇਲਾਨੀਆ ਟਰੰਪ ਦਾ ਸਵਾਗਤ ਕਰਨ ਲਈ 45 ਬੱਚਿਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਸਕੂਲੀ ਬੱਚੇ ਮੇਲਾਨੀਆ ਟਰੰਪ ਦਾ ਸਵਾਗਤ ਭਾਰਤ-ਅਮਰੀਕਾ ਦੇ ਝੰਡੇ ਲੈ ਕੇ ਕਰਨਗੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੇਲਾਨੀਆ ਦੀ ਸਕੂਲ ਫੇਰੀ ਤੋਂ ਪਹਿਲਾਂ ਟਵੀਟ ਕਰਕੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਅਧਿਆਪਕਾਂ, ਵਿਦਿਆਰਥੀਆਂ ਤੇ ਦਿੱਲੀ ਦੇ ਲੋਕਾਂ ਲਈ ਇੱਕ ਵੱਡਾ ਦਿਨ ਹੈ। ਮੇਲਾਨੀਆ ਟਰੰਪ ਸਾਡੇ ਸਕੂਲ ਤੋਂ ਹੈਪੀਨਸ ਦਾ ਸੰਦੇਸ਼ ਲੈ ਕੇ ਜਾਣਗੇ।

ਪ੍ਰਸ਼ਾਸਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮੇਲਾਨੀਆ ਟਰੰਪ ਅੱਜ ਸਵੇਰੇ 11:55 ਵਜੇ ਸਕੂਲ ਪਹੁੰਚਣਗੇ ਤੇ ਦੁਪਹਿਰ 1:05 ਵਜੇ ਸਕੂਲ ਤੋਂ ਰਵਾਨਾ ਹੋਣਗੇ। ਸਕੂਲ ‘ਚ ਬੱਚਿਆਂ ਵੱਲੋਂ ਗੁਜਰਾਤੀ ਤੇ ਰਾਜਸਥਾਨੀ ਲੋਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।

ਦੱਸ ਦਈਏ ਕਿ ਇਸ ਪ੍ਰੋਗਰਾਮ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਐਤਵਾਰ ਨੂੰ, ਅਮਰੀਕੀ ਦੂਤਘਰ ਦੇ ਬੁਲਾਰੇ ਨੇ ਕਿਹਾ, “ਸਾਨੂੰ ਇਸ ਸਮਾਗਮ ‘ਚ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਮੌਜੂਦਗੀ ‘ਤੇ ਕੋਈ ਇਤਰਾਜ਼ ਨਹੀਂ ਹੈ।” ਅਸੀਂ ਉਨ੍ਹਾਂ ਦੀ ਸਮਝ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਕਿ ਇਹ ਇਕ ਗੈਰ ਰਾਜਨੀਤਿਕ ਪ੍ਰੋਗਰਾਮ ਹੈ। ਜਿਸ ਦਾ ਉਦੇਸ਼ ਸਿੱਖਿਆ, ਸਕੂਲ ਅਤੇ ਵਿਦਿਆਰਥੀਆਂ ਬਾਰੇ ਸੋਚਣਾ ਹੈ। ”

Share this Article
Leave a comment