ਨਿਊਜ਼ ਡੈਸਕ: ਮੈਕਡੋਨਲਡ (Mcdonalds ) ਦੇ ਬਰਗਰ ਦੇ ਸ਼ੌਕੀਨਾਂ ਲਈ ਬੁਰੀ ਖਬਰ ਆਈ ਹੈ। ਅਮਰੀਕਾ ਦੀ ਮਸ਼ਹੂਰ ਫੂਡ ਚੇਨ ਕੰਪਨੀ ਮੈਕਡੋਨਲਡਜ਼ ਦਾ ਬਰਗਰ ਖਾਣ ਨਾਲ ਈਕੋਲੀ ਬੈਕਟੀਰੀਆ ਨਾਮ ਦੀ ਇਨਫੈਕਸ਼ਨ ਫੈਲਾਉਣ ਦੇ ਦੋਸ਼ ਲੱਗੇ ਹਨ। ਅਮਰੀਕਾ ਦੀ ਸੰਘੀ ਜਾਂਚ ਏਜੰਸੀ ਦੇ ਜਾਂਚਕਰਤਾ ਇਸ ਗੱਲ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਮੈਕਡੋਨਲਡ ਕੰਪਨੀ ਨੇ ਵੀ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਹੈ। ਕੰਪਨੀ ਨੇ ਗਾਹਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦੇ ਰੈਸਟੋਰੈਂਟ ਸੁਰੱਖਿਅਤ ਹਨ।
ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਮੈਕਡੋਨਲਡਜ਼ ਬਰਗਰ ਖਾਣ ਨਾਲ ਈਕੋਲੀ ਬੈਕਟੀਰੀਆ ਦੀ ਲਾਗ ਫੈਲੀ ਹੈ। ਇਸ ਇਨਫੈਕਸ਼ਨ ਕਾਰਨ 49 ਲੋਕ ਬਿਮਾਰ ਹੋ ਗਏ ਹਨ ਅਤੇ ਇਨ੍ਹਾਂ ‘ਚੋਂ ਇਕ ਦੀ ਮੌਤ ਵੀ ਹੋ ਗਈ ਹੈ। ਮੈਕਡੋਨਲਡਜ਼ ਨੇ ਕਿਹਾ ਕਿ ਇਹ ਘਟਨਾ ਬਾਰੇ ਜਾਣੂ ਹੋਣ ਤੋਂ ਬਾਅਦ ਸੰਘੀ ਭੋਜਨ ਸੁਰੱਖਿਆ ਰੈਗੂਲੇਟਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੈਕਡੋਨਲਡ ਦੇ ਕੁਆਰਟਰ ਪਾਊਂਡਰ ਹੈਮਬਰਗਰ ‘ਚ ਪਿਆਜ਼ ਕਾਰਨ ਇਹ ਬੈਕਟੀਰੀਆ ਇਨਫੈਕਸ਼ਨ ਫੈਲਣ ਦਾ ਸ਼ੱਕ ਹੈ। ਦੋਸ਼ਾਂ ਦੇ ਬਾਅਦ, ਬੈਕਟੀਰੀਆ ਤੋਂ ਪ੍ਰਭਾਵਿਤ ਸੂਬਿਆਂ ਦੇ ਨਾਲ-ਨਾਲ ਦੂਜੇ ਰਾਜਾਂ ਦੇ ਮੈਕਡੋਨਲਡ ਸਟੋਰਾਂ ਤੋਂ ਕੁਆਰਟਰ ਪਾਊਂਡਰ ਹੈਮਬਰਗਰ ਨੂੰ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੈਕਡੋਨਲਡਜ਼ ਨੇ ਕਿਹਾ ਹੈ ਕਿ ਉਹ ਤਾਜ਼ੇ ਪਿਆਜ਼ ਲਈ ਨਵੇਂ ਸਪਲਾਇਰ ਦੀ ਭਾਲ ਕਰ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਸਪਲਾਇਰ ਨਿਯਮਿਤ ਤੌਰ ‘ਤੇ ਈ-ਕੋਲੀ ਲਈ ਆਪਣੇ ਪਿਆਜ਼ ਦੀ ਜਾਂਚ ਕਰਦਾ ਹੈ।
E.coli ਬੈਕਟੀਰੀਆ ਦੀ ਲਾਗ ਦੇ ਲੱਛਣ ਕੀ ਹਨ?
ਮੈਕਡੋਨਲਡਜ਼ ਦੇ ਅਮਰੀਕਾ ਵਿੱਚ 14 ਹਜ਼ਾਰ ਤੋਂ ਵੱਧ ਰੈਸਟੋਰੈਂਟ ਹਨ। ਕੋਲੋਰਾਡੋ, ਆਇਓਵਾ, ਕੰਸਾਸ, ਮਿਸੂਰੀ, ਮੋਂਟਾਨਾ, ਨੇਬਰਾਸਕਾ, ਓਰੇਗਨ, ਯੂਟਾਹ ਅਤੇ ਵਿਸਕਾਨਸਿਨ ਵਿੱਚ 27 ਸਤੰਬਰ ਤੋਂ 11 ਅਕਤੂਬਰ ਦਰਮਿਆਨ ਅਮਰੀਕਾ ਵਿੱਚ ਈਕੋਲੀ ਬੈਕਟੀਰੀਆ ਦੀ ਲਾਗ ਦੇ ਮਾਮਲੇ ਸਾਹਮਣੇ ਆਏ ਹਨ। ਕੋਲੀ ਬੈਕਟੀਰੀਆ ਜਾਨਵਰਾਂ ਦੀਆਂ ਅੰਤੜੀਆਂ ਵਿੱਚ ਪੈਦਾ ਹੁੰਦੇ ਹਨ ਅਤੇ ਵਾਤਾਵਰਣ ਵਿੱਚ ਪਾਏ ਜਾਂਦੇ ਹਨ। ਇਹ ਲਾਗ ਬੁਖਾਰ, ਪੇਟ ਦੇ ਕੜਵੱਲ, ਅਤੇ ਖੂਨੀ ਦਸਤ ਦਾ ਕਾਰਨ ਬਣ ਸਕਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।