CM ਦੀ ਐਂਟਰੀ ਤੋਂ ਪਹਿਲਾਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ

Global Team
2 Min Read

ਰੋਹਤਕ: ਰੋਹਤਕ ਪੀਜੀਆਈ ਦੇ ਐਮਬੀਬੀਐਸ ਵਿਦਿਆਰਥੀ ਪਿਛਲੇ ਚਾਰ ਦਿਨਾਂ ਤੋਂ ਹਰਿਆਣਾ ਸਰਕਾਰ ਦੀ ਬਾਂਡ ਨੀਤੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਜਾਣਕਾਰੀ ਮੁਤਾਬਿਕ ਬੀਤੀ ਰਾਤ ਕਰੀਬ 2 ਵਜੇ ਪੁਲੀਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈ ਲਿਆ।  

ਮੀਡੀਆ ਰਿਪੋਰਟਾਂ ਮੁਤਾਬਿਕ ਹਰਿਆਣਾ ਸਰਕਾਰ ਐਮਬੀਬੀਐਸ ਵਿੱਚ ਦਾਖ਼ਲੇ ਸਮੇਂ 7 ਸਾਲਾਂ ਲਈ 40 ਲੱਖ ਰੁਪਏ ਦਾ ਬਾਂਡ ਲੈ ਰਹੀ ਹੈ। ਜਿਸ ਦਾ MBBS ਦੇ ਵਿਦਿਆਰਥੀ ਵਿਰੋਧ ਕਰ ਰਹੇ ਹਨ।

ਦੱਸ ਦੇਈਏ ਕਿ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਰੇਯ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸਿਹਤ ਮੰਤਰੀ ਅਨਿਲ ਵਿਜ ਸ਼ਨੀਵਾਰ ਨੂੰ ਪੰਡਿਤ ਭਾਗਵਤ ਦਿਆਲ ਸ਼ਰਮਾ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੇ ਦੂਜੇ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਵਾਲੇ ਸਨ। ਦੇਰ ਰਾਤ ਵਿਦਿਆਰਥੀਆਂ ਨੇ ਕਨਵੋਕੇਸ਼ਨ ਆਡੀਟੋਰੀਅਮ ਦੇ ਗੇਟ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ ਅਤੇ ਵਿਦਿਆਰਥੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ।

ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਦੀ ਬੌਂਡ ਨੀਤੀ ਦਾ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਸੀ। ਅਸੀਂ ਸਰਕਾਰ ਤੋਂ ਇਸ ਨੀਤੀ ਨੂੰ ਰੱਦ ਕਰਨ ਦਾ ਲਿਖਤੀ ਭਰੋਸਾ ਮੰਗ ਰਹੇ ਸੀ। ਉਥੇ ਪਹੁੰਚ ਕੇ ਪੁਲਿਸ ਨੇ ਸਾਡੇ ਨਾਲ ਜ਼ਬਰਦਸਤੀ ਕੀਤੀ। ਜਦੋਂ ਅਸੀਂ ਉੱਥੋਂ ਉੱਠਣ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਿਸ ਸਾਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ।

ਉੱਧਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਅਸੀਂ ਵਿਦਿਆਰਥੀਆਂ ਨੂੰ ਕਿਹਾ ਸੀ ਕਿ ਤੁਸੀਂ ਇਹ ਜਗ੍ਹਾ ਖਾਲੀ ਕਰ ਦਿਓ, ਤੁਸੀਂ ਕਿਸੇ ਹੋਰ ਜਗ੍ਹਾ ‘ਤੇ ਬੈਠ ਸਕਦੇ ਹੋ। ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਸੀਐਮ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ ਸੀ ਪਰ ਇਸਦੇ ਬਾਵਜੂਦ ਵੀ ਉਹ ਨਹੀਂ ਉੱਠੇ ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਕਾਰਵਾਈ ਕਰਨੀ ਪਈ ।

 

Share This Article
Leave a Comment