ਚੰਡੀਗੜ੍ਹ: ਪੰਜਾਬ ਦੀਆਂ ਅੱਠ ਪ੍ਰਮੁੱਖ ਨਗਰ ਨਿਗਮਾਂ ਦੀਆਂ ਆਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੁਣ ਸਾਰੀਆਂ ਨਿਗਮਾਂ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਚੋਣ ਭਲਕੇ ਹੋਣੀ ਹੈ। ਆਮ ਆਦਮੀ ਪਾਰਟੀ (ਆਪ) ਨੇ ਇਨ੍ਹਾਂ ਵਿੱਚੋਂ ਪੰਜ ਨਿਗਮਾਂ – ਬਰਨਾਲਾ, ਬਠਿੰਡਾ, ਬਟਾਲਾ, ਮੋਗਾ ਅਤੇ ਮੋਹਾਲੀ – ਵਿੱਚ ਪੂਰਨ ਬਹੁਮਤ ਪ੍ਰਾਪਤ ਕਰ ਲਿਆ ਹੈ ਜਦੋਂ ਕਿ ਅਬੋਹਰ ਵਿੱਚ ਭਾਜਪਾ ਅਤੇ ਕਪੂਰਥਲਾ ਵਿੱਚ ਕਾਂਗਰਸ ਬਹੁਮਤ ਪ੍ਰਾਪਤ ਕਰ ਚੁੱਕੀ ਹੈ।
ਪਠਾਨਕੋਟ ਨਗਰ ਨਿਗਮ ਵਿੱਚ ਭਾਵੇਂ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਪਰ ਉਹ ਬਹੁਮਤ ਦੇ ਜਾਦੂਈ ਅੰਕੜੇ ਤੋਂ ਦੂਰ ਹੈ। ਇਸੇ ਕਾਰਨ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਬੇਹੱਦ ਤੇਜ਼ ਹੋ ਗਈ ਹੈ। ਸੂਤਰਾਂ ਅਨੁਸਾਰ ਮੋਹਾਲੀ ਦੇ ਕਰੀਬ 22 ਪਾਰਸ਼ਦਾਂ ਦੇ ਮੋਬਾਈਲ ਫ਼ੋਨ ਲਗਾਤਾਰ ਬੰਦ ਆ ਰਹੇ ਹਨ ਅਤੇ ਚਰਚਾ ਹੈ ਕਿ ਉਹ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਦੀ ਸੈਰ ‘ਤੇ ਨਿਕਲ ਗਏ ਹਨ। ਉੱਥੇ ਹੀ, ਬਠਿੰਡਾ ਵਿੱਚ ਮੇਅਰ ਅਹੁਦੇ ਦੇ ਦਾਅਵੇਦਾਰਾਂ ਨੇ ਆਮ ਆਦਮੀ ਪਾਰਟੀ ਦੇ ਪਾਰਸ਼ਦਾਂ ਨੂੰ ਰਾਜਸਥਾਨ ਦੇ ਸਾਲਾਸਰ ਧਾਮ ਦੀ ਯਾਤਰਾ ਕਰਵਾਈ ਹੈ।
ਮੋਹਾਲੀ ਨਗਰ ਨਿਗਮ ਲਈ ਮੇਅਰ ਦੀ ਉਮੀਦਵਾਰੀ ਨੂੰ ਲੈ ਕੇ ਇੱਕ ਡੈੱਡਲਾਕ ਪੈਦਾ ਹੋ ਗਿਆ ਹੈ। ਪ੍ਰਮੁੱਖ ਦਾਅਵੇਦਾਰ ਸਰਬਜੀਤ ਸਿੰਘ ਸਮਾਣਾ ਹਨ, ਜੋ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਹਨ। ਦੂਜੇ ਪਾਸੇ, ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਹਨ, ਜਿਨ੍ਹਾਂ ਦੇ ਪਾਰਟੀ ਦੀ ਉੱਚ ਲੀਡਰਸ਼ਿਪ ਨਾਲ ਮਜ਼ਬੂਤ ਸਬੰਧ ਹਨ। ਮੇਅਰ ਦੇ ਅਹੁਦੇ ਦੀ ਦੌੜ ਵਿੱਚ ਗੁਰਮੀਤ ਕੌਰ ਵੀ ਹਨ, ਜੋ ਤੀਜੀ ਵਾਰ ਕੌਂਸਲਰ ਚੁਣੀ ਗਈ ਹੈ। ਚਾਰ ਵਾਰ ਚੋਣ ਜਿੱਤਣ ਵਾਲੇ ਸੁਖਦੇਵ ਸਿੰਘ ਪਟਵਾਰੀ ਚੌਥੇ ਦਾਅਵੇਦਾਰ ਹਨ।
ਪਠਾਨਕੋਟ ਵਿੱਚ ਸਥਿਤੀ ਕਾਫੀ ਦਿਲਚਸਪ ਬਣੀ ਹੋਈ ਹੈ ਕਿਉਂਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ। ਮੇਅਰ ਦੀ ਕੁਰਸੀ ਹਥਿਆਉਣ ਲਈ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਆਪੋ-ਆਪਣੇ ਪੱਧਰ ‘ਤੇ ਜੋੜ-ਤੋੜ ਵਿੱਚ ਲੱਗੀਆਂ ਹੋਈਆਂ ਹਨ। ਇੱਥੇ ਕਾਂਗਰਸ ਅਤੇ ‘ਆਪ’ ਵਿਚਾਲੇ ਗਠਜੋੜ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਸੂਤਰਾਂ ਮੁਤਾਬਕ ਦੋਵਾਂ ਪਾਰਟੀਆਂ ਵਿਚਾਲੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਨੂੰ ਲੈ ਕੇ ਸਮਝੌਤਾ ਹੋ ਸਕਦਾ ਹੈ।
ਬਠਿੰਡਾ ਵਿੱਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਸਾਰੇ 50 ਵਾਰਡਾਂ ‘ਤੇ ਚੋਣ ਲੜੀ ਸੀ, ਜਿਸ ਵਿੱਚੋਂ 35 ਸੀਟਾਂ ‘ਤੇ ‘ਆਪ’ ਨੇ ਹੂੰਝਾ ਫੇਰੂ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਕਾਂਗਰਸ ਨੂੰ 5, ਭਾਜਪਾ ਨੂੰ 1 ਅਤੇ ਆਜ਼ਾਦ ਉਮੀਦਵਾਰਾਂ ਨੂੰ 3 ਸੀਟਾਂ ਮਿਲੀਆਂ। ਬਹੁਮਤ ਲਈ 26 ਪਾਰਸ਼ਦ ਚਾਹੀਦੇ ਸਨ, ਇਸ ਲਈ ਇੱਥੇ ਵੀ ‘ਆਪ’ ਦਾ ਮੇਅਰ ਬਣਨਾ ਯਕੀਨੀ ਹੈ।
ਮੇਅਰ ਦੇ ਅਹੁਦੇ ਲਈ ਫਿਲਹਾਲ ਵਾਰਡ ਨੰਬਰ 46 ਦੇ ਪਾਰਸ਼ਦ ਅਤੇ ਸਾਬਕਾ ਮੇਅਰ ਪਦਮਨਜੀਤ ਮਹਿਤਾ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵੀ ਉਨ੍ਹਾਂ ਦੇ ਨਾਂ ‘ਤੇ ਸਹਿਮਤੀ ਪ੍ਰਗਟਾਈ ਹੈ। ਇਸ ਜਿੱਤ ਪਿੱਛੇ ਵੱਡੀ ਵਜ੍ਹਾ ਇਹ ਰਹੀ ਕਿ ਸਾਬਕਾ ਮੇਅਰ ਪਰਮਨਜੀਤ ਮਹਿਤਾ ਅਤੇ ਉਨ੍ਹਾਂ ਦੇ ਪਿਤਾ ਪਰਮੇਸ਼ਵਰ ਅਮਰਜੀਤ ਮਹਿਤਾ ਨੇ ਆਪਣੇ ਬਲਬੂਤੇ ਪੂਰੇ ਸ਼ਹਿਰ ਵਿੱਚ ਚੋਣ ਮੁਹਿੰਮ ਚਲਾਈ, ਉਮੀਦਵਾਰਾਂ ਦੇ ਫਾਰਮ ਭਰਵਾਏ ਅਤੇ ਵੋਟਿੰਗ ਵਾਲੇ ਦਿਨ ਬੂਥ ਮੈਨੇਜਮੈਂਟ ਨੂੰ ਬਿਹਤਰ ਤਰੀਕੇ ਨਾਲ ਸੰਭਾਲਿਆ, ਜਿਸ ਸਦਕਾ ‘ਆਪ’ ਦੇ ਸਭ ਤੋਂ ਵੱਧ 35 ਪਾਰਸ਼ਦ ਜਿੱਤ ਕੇ ਨਿਗਮ ਹਾਊਸ ਵਿੱਚ ਪਹੁੰਚੇ ਹਨ।

