ਕੈਲੀਫੋਰਨੀਆ: ਅਮਰੀਕਾ ਦੇ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਾਊਥ ਕੈਲੀਫੋਰਨੀਆ ਦੇ ਦੋ ਭੰਗ (ਕੈਨਬਿਸ) ਦੇ ਖੇਤਾਂ ‘ਤੇ ਛਾਪੇਮਾਰੀ ਕਰਕੇ ਲਗਭਗ 200 ਪਰਵਾਸੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ‘ਤੇ ਦੇਸ਼ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿਣ ਦਾ ਸ਼ੱਕ ਸੀ। ਇਹ ਘਟਨਾ ਵੀਰਵਾਰ, 10 ਜੁਲਾਈ 2025 ਨੂੰ ਵਾਪਰੀ। ਇਨ੍ਹਾਂ ਖੇਤਾਂ ‘ਚ ਲੁਕੇ ਹੋਏ ਪਰਵਾਸੀਆਂ ਨੂੰ ਅਧਿਕਾਰੀਆਂ ਨੇ ਹਿਰਾਸਤ ‘ਚ ਲੈ ਲਿਆ।
ਛਾਪੇਮਾਰੀ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੇ ਅਧਿਕਾਰੀਆਂ ਦੀ ਕਾਰਵਾਈ ਦਾ ਵਿਰੋਧ ਕੀਤਾ, ਜਿਸ ਕਾਰਨ ਕੁਝ ਸਮੇਂ ਲਈ ਹਾਲਾਤ ਤਣਾਅਪੂਰਨ ਹੋ ਗਏ। ਸੈਂਕੜੇ ਪ੍ਰਦਰਸ਼ਨਕਾਰੀ ਆਪਣੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਲੈਣ ਅਤੇ ਇਮੀਗ੍ਰੇਸ਼ਨ ਕਾਰਵਾਈ ਦਾ ਵਿਰੋਧ ਕਰਨ ਲਈ ਇਕੱਠੇ ਹੋਏ। ਵਿਰੋਧ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਅਧਿਕਾਰੀਆਂ ਵਿਚਕਾਰ ਤਣਾਅ ਵਧਿਆ, ਅਤੇ ਅਧਿਕਾਰੀਆਂ ਨੇ ਹੰਗਾਮੇ ਨੂੰ ਕਾਬੂ ਕਰਨ ਲਈ ਟੀਅਰ ਗੈਸ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਬਾਅਦ ‘ਚ ਅਧਿਕਾਰੀਆਂ ਨੇ ਗ੍ਰਿਫਤਾਰ ਕੀਤੇ ਲੋਕਾਂ ਨੂੰ ਬੱਸਾਂ ‘ਚ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ।
ਅਮਰੀਕਾ ਦਾ ਬਿਆਨ
DHS ਨੇ ਦੱਸਿਆ ਕਿ ਇਹ ਛਾਪੇਮਾਰੀ ਕਾਰਪਿੰਟੇਰੀਆ ਅਤੇ ਕੈਮਾਰਿਲੋ, ਕੈਲੀਫੋਰਨੀਆ ‘ਚ ਕੀਤੀ ਗਈ, ਜਿੱਥੇ ਅਪਰਾਧਿਕ ਤਲਾਸ਼ੀ ਵਾਰੰਟ ਦੇ ਅਧਾਰ ‘ਤੇ ਕਾਰਵਾਈ ਕੀਤੀ ਗਈ। ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਛਾਪੇਮਾਰੀ ਦੌਰਾਨ ਘੱਟੋ-ਘੱਟ 10 ਪਰਵਾਸੀ ਬੱਚੇ ਵੀ ਮੌਕੇ ‘ਤੇ ਮੌਜੂਦ ਸਨ। ਇਸ ਤੋਂ ਇਲਾਵਾ, ਚਾਰ ਅਮਰੀਕੀ ਨਾਗਰਿਕਾਂ ਨੂੰ ਅਧਿਕਾਰੀਆਂ ‘ਤੇ ਹਮਲਾ ਕਰਨ ਜਾਂ ਉਨ੍ਹਾਂ ਦੇ ਕੰਮ ‘ਚ ਰੁਕਾਵਟ ਪਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ। ਇੱਕ ਵਿਅਕਤੀ, ਜਿਸ ਨੇ ਅਧਿਕਾਰੀਆਂ ‘ਤੇ ਪਿਸਤੌਲ ਨਾਲ ਗੋਲੀਬਾਰੀ ਕੀਤੀ, ਦੀ ਗ੍ਰਿਫਤਾਰੀ ਲਈ FBI ਨੇ 50,000 ਡਾਲਰ ਦਾ ਇਨਾਮ ਐਲਾਨਿਆ ਹੈ।
ਖੇਤਾਂ ‘ਚ ਪਰਵਾਸੀ ਕਿਵੇਂ ਪਹੁੰਚੇ?
ਛਾਪੇਮਾਰੀ ਵਿੱਚ ਸ਼ਾਮਲ ਖੇਤਾਂ ਵਿੱਚੋਂ ਇੱਕ, ‘ਗਲਾਸ ਹਾਊਸ ਫਾਰਮਸ’, ਕੈਲੀਫੋਰਨੀਆ ਦੀ ਇੱਕ ਲਾਇਸੰਸਸ਼ੁਦਾ ਭੰਗ ਉਤਪਾਦਕ ਕੰਪਨੀ ਹੈ। ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਕਿ ਇਮੀਗ੍ਰੇਸ਼ਨ ਏਜੰਟ ਵੈਧ ਵਾਰੰਟ ਨਾਲ ਆਏ ਸਨ ਅਤੇ ਕੁਝ ਕਰਮਚਾਰੀਆਂ ਨੂੰ ਹਿਰਾਸਤ ‘ਚ ਲਿਆ ਗਿਆ। ਕੰਪਨੀ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਅਤੇ ਉਸ ਨੇ ਕਦੇ ਵੀ ਜਾਣਬੁੱਝ ਕੇ ਗੈਰ-ਕਾਨੂੰਨੀ ਭਰਤੀ ਅਭਿਆਸਾਂ ਦੀ ਪਾਲਣਾ ਨਹੀਂ ਕੀਤੀ ਅਤੇ ਨਾ ਹੀ ਨਾਬਾਲਗਾਂ ਨੂੰ ਨੌਕਰੀ ‘ਤੇ ਰੱਖਿਆ।