ਤਹਿਰਾਨ ਦੀਆਂ ਸੜਕਾਂ ‘ਤੇ ਮਿਜ਼ਾਈਲਾਂ ਨਾਲ ਵੱਡਾ ਸ਼ਕਤੀ ਪ੍ਰਦਰਸ਼ਨ, ਅਮਰੀਕਾ ਇਜ਼ਰਾਇਲ ਨੂੰ ਸਿੱਧਾ ਸੰਦੇਸ਼

Global Team
3 Min Read

ਤਹਿਰਾਨ : ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ 21 ਅਪ੍ਰੈਲ ਦੀ ਦੇਰ ਰਾਤ ਇਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ ਜੋ ਆਮ ਨਹੀਂ ਸੀ। ਹਜ਼ਾਰਾਂ-ਲੱਖਾਂ ਲੋਕ ਸੜਕਾਂ ਅਤੇ ਮੁੱਖ ਚੌਰਾਹਿਆਂ ‘ਤੇ ਇਕੱਠੇ ਹੋਏ ਸਨ। ਲੋਕਾਂ ਦੇ ਹੱਥਾਂ ਵਿੱਚ ਈਰਾਨੀ ਝੰਡੇ ਸਨ, ਕਈਆਂ ਦੇ ਮੋਢਿਆਂ ‘ਤੇ AK-47 ਰਾਈਫਲਾਂ ਸਨ ਅਤੇ ਸੜਕਾਂ ‘ਤੇ ਮਿਜ਼ਾਈਲਾਂ ਵੀ ਨਜ਼ਰ ਆ ਰਹੀਆਂ ਸਨ। ਇਹ ਸਾਰਾ ਦ੍ਰਿਸ਼ ਕਿਸੇ ਫੌਜੀ ਪਰੇਡ ਵਰਗਾ ਲੱਗ ਰਿਹਾ ਸੀ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਮੋਬਾਈਲ ਲਾਂਚਰ ‘ਤੇ ਰੱਖੀਆਂ ਮਿਜ਼ਾਈਲਾਂ ਨੂੰ ਲੋਕਾਂ ਦੇ ਵਿਚਕਾਰ ਸੜਕਾਂ ‘ਤੇ ਲਿਆਂਦਾ ਗਿਆ।

ਇਸ ਤਾਕਤ ਦੇ ਪ੍ਰਦਰਸ਼ਨ ਦੌਰਾਨ ਈਰਾਨ ਦੀ ਰਿਵੋਲਿਊਸ਼ਨਰੀ ਗਾਰਡ (IRGC) ਦੇ ਕਮਾਂਡਰ ਵੀ ਮਿਜ਼ਾਈਲਾਂ ਲਾਂਚਰਾਂ ਦੇ ਨਾਲ ਸੜਕਾਂ ‘ਤੇ ਦਿਖਾਈ ਦਿੱਤੇ। ਸਰਕਾਰੀ ਟੀਵੀ ਵੱਲੋਂ ਦਿਖਾਏ ਗਏ ਵੀਡੀਓ ਵਿੱਚ ਸਮਰਥਕਾਂ ਨੂੰ ਅਮਰੀਕਾ ਅਤੇ ਇਜ਼ਰਾਇਲ ਦੇ ਖ਼ਿਲਾਫ਼ ਨਾਅਰੇ ਲਗਾਉਂਦੇ ਵੇਖਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਸਭ ਅਮਰੀਕਾ-ਈਰਾਨ ਤਣਾਅ ਅਤੇ ਇਜ਼ਰਾਇਲ ਨਾਲ ਹਾਲੀਆ ਟਕਰਾਅ ਦੇ ਵਿਆਲੇ ਇੱਕ ਯੋਜਨਾਬੱਧ ਤਾਕਤ ਦਾ ਸੰਦੇਸ਼ ਹੈ।

ਇਹ ਪ੍ਰਦਰਸ਼ਨ ਉਸ ਵੇਲੇ ਹੋਇਆ ਹੈ ਜਦੋਂ ਅਮਰੀਕਾ ਨਾਲ ਸੰਭਾਵਿਤ ਗੱਲਬਾਤ ਦੇ ਟੁੱਟਣ ਅਤੇ ਹਾਲਾਤ ਫਿਰ ਵਿਗੜਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਥੋੜ੍ਹਾ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁੱਲ੍ਹ ਕੇ ਕਿਹਾ ਸੀ ਕਿ ਈਰਾਨ ‘ਤੇ ਹਮਲੇ ਲਈ ਅਮਰੀਕੀ ਫੌਜ ਤਿਆਰ ਹੈ ਅਤੇ ਉਸਨੇ ਈਰਾਨ ਦੇ ਅੰਦਰ ਪੁਲਾਂ ਅਤੇ ਬਿਜਲੀ ਘਰਾਂ ਨੂੰ ਨਸ਼ਟ ਕਰਨ ਦੀ ਧਮਕੀ ਵੀ ਦਿੱਤੀ ਸੀ। ਹਾਲਾਂਕਿ ਬਾਅਦ ਵਿੱਚ ਅਮਰੀਕਾ ਨੇ ਈਰਾਨ ਨਾਲ ਜਾਰੀ ਜੰਗਬੰਦੀ ਨੂੰ ਅਣਮਿਥੇ ਸਮੇਂ ਲਈ ਵਧਾਉਣ ਦੀ ਵੀ ਗੱਲ ਕੀਤੀ। ਈਰਾਨ ਦਾ ਕਹਿਣਾ ਹੈ ਕਿ ਜੰਗਬੰਦੀ ਦਾ ਪ੍ਰਸਤਾਵ ਬੇਮਤਲਬ ਹੈ ਅਤੇ ਹਾਰਨ ਵਾਲਾ ਪੱਖ ਸ਼ਰਤਾਂ ਨਹੀਂ ਰੱਖ ਸਕਦਾ।

ਵਿਸ਼ਲੇਸ਼ਕਾਂ ਦੇ ਮੁਤਾਬਕ ਸੜਕਾਂ ‘ਤੇ ਮਿਜ਼ਾਈਲਾਂ ਦਾ ਖੁੱਲ੍ਹਾ ਪ੍ਰਦਰਸ਼ਨ ਸਿਰਫ਼ ਬਾਹਰੀ ਵਿਰੋਧੀਆਂ ਲਈ ਹੀ ਨਹੀਂ, ਸਗੋਂ ਆਪਣੇ ਲੋਕਾਂ ਲਈ ਵੀ ਸੰਦੇਸ਼ ਹੈ ਕਿ ਦੇਸ਼ ਨਾ ਝੁਕਿਆ ਹੈ ਅਤੇ ਨਾ ਹੀ ਕਮਜ਼ੋਰ ਹੋਇਆ ਹੈ। ਇਸਨੂੰ ਮਨੋਵਿਗਿਆਨਿਕ ਯੁੱਧ ਦੇ ਤੌਰ ‘ਤੇ ਵੀ ਦੇਖਿਆ ਜਾ ਰਿਹਾ ਹੈ, ਜਿਸ ਰਾਹੀਂ ਈਰਾਨ ਇਹ ਦਿਖਾਉਣਾ ਚਾਹੁੰਦਾ ਹੈ ਕਿ ਕਿਸੇ ਵੀ ਨਵੇਂ ਹਮਲੇ ਦਾ ਉਹ ਸਖ਼ਤ ਜਵਾਬ ਦੇਵੇਗਾ।

ਇਸ ਦੇ ਨਾਲ ਹੀ ਇਹ ਸੁਨੇਹਾ ਖਾੜੀ ਦੇਸ਼ਾਂ ਜਿਵੇਂ UAE, ਬਹਿਰੀਨ ਅਤੇ ਕਤਰ ਲਈ ਵੀ ਮੰਨਿਆ ਜਾ ਰਿਹਾ ਹੈ ਕਿ ਜੇ ਭਵਿੱਖ ਵਿੱਚ ਈਰਾਨ ਦੇ ਖ਼ਿਲਾਫ਼ ਅਮਰੀਕਾ ਉਨ੍ਹਾਂ ਦੇ ਫੌਜੀ ਅੱਡਿਆਂ ਦੀ ਵਰਤੋਂ ਕਰਦਾ ਹੈ, ਤਾਂ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਹਾਲੀਆ ਟਕਰਾਅ ਦੌਰਾਨ ਇਨ੍ਹਾਂ ਦੇਸ਼ਾਂ ਦੀ ਤੇਲ ਸਪਲਾਈ ਅਤੇ ਊਰਜਾ ਢਾਂਚੇ ਨੂੰ ਨੁਕਸਾਨ ਹੋਣ ਦੇ ਦਾਅਵੇ ਵੀ ਇਸ ਸੰਦਰਭ ਵਿੱਚ ਕੀਤੇ ਜਾ ਰਹੇ ਹਨ।

Share This Article
Leave a Comment