ਨਿਊਜ਼ ਡੈਸਕ: ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇੱਕ ਵਿਆਹ ਸਮਾਗਮ ਦੌਰਾਨ ਲੱਗੀ ਅੱਗ ਕਾਰਨ ਘੱਟੋ-ਘੱਟ 22 ਲੋਕ ਸੜ ਕੇ ਮਰ ਗਏ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ। ਲਿੰਗਵਾਲਾ ਦੇ ਮੇਅਰ ਨੇ ਦੱਸਿਆ ਕਿ ਅੱਗ ਸ਼ੁੱਕਰਵਾਰ ਰਾਤ ਨੂੰ ਇੱਕ ਇਮਾਰਤ ਵਿੱਚ ਲੱਗੀ ਅਤੇ ਸ਼ਨੀਵਾਰ ਸਵੇਰ ਤੱਕ ਭੜਕਦੀ ਰਹੀ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਇਹ ਧਿਆਨ ਦੇਣ ਯੋਗ ਹੈ ਕਿ ਇਹ ਇਮਾਰਤ ਕਿਨਸ਼ਾਸਾ ਦੇ ਉੱਤਰੀ ਹਿੱਸੇ ਵਿੱਚ ਲਿੰਗਵਾਲਾ ਵਿਖੇ ਸਥਿਤ ਹੈ। ਅੱਗ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਇਮਾਰਤ ਦੇ ਤੰਗ ਲਾਂਘਿਆਂ ਰਾਹੀਂ ਬਾਹਰ ਨਿਕਲਣ ਵਿੱਚ ਮੁਸ਼ਕਿਲ ਪੇਸ਼ ਆਈ; ਨਤੀਜੇ ਵਜੋਂ, ਬਹੁਤ ਸਾਰੇ ਲੋਕ ਬਾਹਰ ਨਿਕਲਣ ਵਿੱਚ ਅਸਮਰੱਥ ਰਹੇ ਅਤੇ ਅੱਗ ਦੀ ਲਪੇਟ ਵਿੱਚ ਆ ਕੇ ਮਾਰੇ ਗਏ।

ਇਸ ਦੌਰਾਨ, ਵਿਆਹ ਸਮਾਰੋਹ ਵਿੱਚ ਸ਼ਾਮਿਲ ਹੋਰ ਲੋਕਾਂ ਨੇ ਵੀ ਅੱਗ ਵਿੱਚ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਮਾਰਤ ਵਿੱਚੋਂ ਬਾਹਰ ਕੱਢੇ ਗਏ ਕਈ ਲੋਕਾਂ ਨੂੰ ਸੜਕ ਦੇ ਕਿਨਾਰੇ ਲਿਟਾਇਆ ਗਿਆ; ਕੁਝ ਬਚ ਗਏ, ਜਦੋਂਕਿ ਹੋਰਨਾਂ ਦੀ ਮੌਤ ਹੋ ਗਈ। ਵਿਆਹ ਦੀਆਂ ਖੁਸ਼ੀਆਂ ਅਤੇ ਹਾਸੇ-ਮਜ਼ਾਕ ਨਾਲ ਭਰਿਆ ਮਾਹੌਲ ਹੁਣ ਸੋਗ ਵਿੱਚ ਡੁੱਬ ਗਿਆ ਹੈ।
ਲਿੰਗਵਾਲਾ ਦੇ ਮੇਅਰ ਨੌਰਬਰਟ ਮੁਸ਼ਿੰਗਾ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਹੁਣ 22 ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਅੱਗ ਲੱਗਣ ਦੇ ਅਸਲ ਕਾਰਨ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ। ਕਾਂਗੋ ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਜੈਕਮੇਨ ਸ਼ਾਬਾਨੀ ਅਨੁਸਾਰ ਇਹ ਇੱਕ ਦੁਖਾਂਤ ਹੈ; ਉਨ੍ਹਾਂ ਨੇ ਸ਼ਨੀਵਾਰ ਸਵੇਰੇ ਘਟਨਾ ਵਾਲੀ ਥਾਂ ਦਾ ਦੌਰਾ ਵੀ ਕੀਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

