ਮੈਕਸੀਕੋ ਸਿਟੀ: ਉੱਤਰ-ਪੱਛਮੀ ਮੈਕਸੀਕੋ ਵਿੱਚ ਸ਼ਨੀਵਾਰ ਨੂੰ ਇੱਕ ਡਿਪਾਰਟਮੈਂਟ ਸਟੋਰ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਇੱਕ ਵੱਡਾ ਧਮਾਕਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਕਈ ਬੱਚਿਆਂ ਸਮੇਤ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ ਹਨ।
ਸੋਨੋਰਾ ਦੇ ਗਵਰਨਰ ਅਲਫੋਂਸੋ ਦੁਰਾਜ਼ੋ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਅੱਗ ਸੋਨੋਰਾ ਰਾਜ ਦੀ ਰਾਜਧਾਨੀ ਹਰਮੋਸਿਲੋ ਸ਼ਹਿਰ ਵਿੱਚ ਲੱਗੀ। ਸੋਨੋਰਾ ਦੇ ਅਟਾਰਨੀ ਜਨਰਲ ਗੁਸਤਾਵੋ ਸਲਾਸ ਚਾਵੇਜ਼ ਨੇ ਕਿਹਾ ਕਿ ਘੱਟੋ-ਘੱਟ 23 ਲੋਕ ਮਾਰੇ ਗਏ ਹਨ ਅਤੇ ਜ਼ਖਮੀਆਂ ਨੂੰ ਹਰਮੋਸਿਲੋ ਦੇ ਛੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਸਲਾਸ ਚਾਵੇਜ਼ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੌਤਾਂ “ਜ਼ਹਿਰੀਲੀ ਗੈਸ ਦੇ ਸਾਹ ਰਾਹੀਂ ਅੰਦਰ ਜਾਣ” ਕਾਰਨ ਹੋਈਆਂ ਹਨ।
ਫਾਇਰ ਬ੍ਰਿਗੇਡ ਦੀਆਂ ਟੀਮਾਂ ਇਸ ਸਮੇਂ ਮੌਕੇ ‘ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਰਾਜਪਾਲ ਨੇ ਕਿਹਾ, “ਸਾਡੇ ਕੋਲ ਇਸ ਸਮੇਂ ਕੋਈ ਸੰਕੇਤ ਨਹੀਂ ਹੈ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਸੀ।” ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰਨਗੇ। ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਫੋਟੋਆਂ ਵਿੱਚ ਵਾਲਡੋ ਸਟੋਰ ਨੂੰ ਭਿਆਨਕ ਅੱਗ ਲੱਗਦੀ ਦਿਖਾਈ ਦੇ ਰਹੀ ਹੈ। ਇੱਕ ਵੀਡੀਓ ਵਿੱਚ ਸਟੋਰ ਦੇ ਪ੍ਰਵੇਸ਼ ਦੁਆਰ ਤੋਂ ਕੁਝ ਮੀਟਰ ਦੀ ਦੂਰੀ ‘ਤੇ ਅੱਗ ‘ਚ ਸੜਿਆ ਹੋਇਆ ਆਦਮੀ ਦੇਖਿਆ ਗਿਆ ਹੈ।

