ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ – ਰੁਹਾਨੀਅਤ ਤੋਂ ਮੀਰੀ-ਪੀਰੀ ਵੱਲ

TeamGlobalPunjab
14 Min Read

-ਜਗਦੀਸ਼ ਸਿੰਘ ਚੋਹਕਾ;

 

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਬੰਧੀ ਇਤਿਹਾਸ ਅੰਦਰ ਕਈ ਤਰ੍ਹਾਂ ਦੇ ਬੇਲੋੜੇ ਅਤੇ ਗੈਰ-ਇਤਿਹਾਸਕ ਕਥਾਵਾਂ ਪੇਸ਼ ਕਰਕੇ ਸਚਾਈ ਨੂੰ ਅਯੋਗ ਦਲੀਲਾਂ ਰਾਹੀਂ ਇਕਪਾਸੜ ਮੋੜਾਂ ਦੇਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਮੁਗਲ ਰਾਜ ਦੀ ਚੋਟੀ ਦੀ ਚੜ੍ਹਤ ਵੇਲੇ ਅਕਬਰ ਜੋ ਇਕ ਉਦਾਰਚਿਤ ਹਾਕਮ ਸੀ, ਸਮੇਂ ਜਿੰਨਾ ਚਿਰ ਉਹ ਜਿਊਂਦਾ ਰਿਹਾ ਗੁਰੂ ਨਾਲ ਚੰਗੇ ਸਬੰਧ ਰਹੇ ! ਪਰ ਜਿਉਂ ਹੀ ਭਾਰਤ ਦੀ ਗੱਦੀ ‘ਤੇ ਜਹਾਂਗੀਰ ਕਾਬਜ਼ ਹੋਇਆ, ਹਰ ਤਰ੍ਹਾਂ ਦੀ ਦਸ਼ਾ ‘ਚ ਬਦਲਾਅ ਵੀ ਆ ਗਏ। ਜਹਾਂਗੀਰ ਜਮਾਂਦਰੂ ਕੱਟੜ ਸੀ ਅਤੇ ਉਸ ਦੀ ਰੁਚੀ ਵਿੱਚ ਇਕਸਾਰਤਾ ਨਹੀਂ ਸੀ। ਗੁਰੂ ਅਰਜੁਨ ਦੇਵ ਵੇਲੇ ਸਿੱਖਾਂ ਦਾ ਰੁਹਾਨੀਅਤ ਅਤੇ ਜੱਥੇਬੰਦਕ ਪ੍ਰਭਾਵ ਵੀ ਕਾਫੀ ਉਠਾਨ ਵੱਲ ਜਾ ਰਿਹਾ ਸੀ। ਸਿੱਖਾਂ ਅੰਦਰ ਗੁਰੂ ਅਰਜੁਨ ਦੇਵ ਦੀ ਪ੍ਰਸਿੱਧਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ, ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਅਤੇ ਤਰਨ-ਤਾਰਨ ਸਰੋਵਰਾਂ ਦੀ ਖੁਦਾਈ, ਤਰਨ-ਤਾਰਨ, ਕਰਤਾਰਪੁਰ, ਹਰਗੋਬਿੰਦਪੁਰ ਜਿਹੇ ਨਗਰਾਂ ਤੇ ਲਾਹੌਰ ਵਿਖੇ ਬਾਊਲੀ ਦੀ ਉਸਾਰੀ, ਮਸੰਦ ਸਿਸਟਮ, ਗੁਰੂ-ਗੱਦੀ ਦੇ ਸਿਧਾਂਤ ਵਿੱਚ ਤਬਦੀਲੀ, ਵਾਪਾਰ ਅਜਿਹੇ ਕੁਝ ਕੁ ਕਾਰਨਾਂ ਕਰਕੇ ਦੇਸ਼ ਦੀ ਰਾਜਸਤਾ ‘ਤੇ ਕਾਬਜ਼ ਮੁਸਲਮਾਨਾਂ ਤੇ ਪੰਜਾਬ ਅੰਦਰ ਹਿੰਦੂਆਂ ਦਾ ਰਵੱਈਆ ਗੁਰੂ ਪ੍ਰਤੀ ਬੁਰੀ-ਦ੍ਰਿਸ਼ਟੀ ਵਾਲਾ ਵਿਰੋਧ ਭਾਸ਼ੀ ਦਿਖ ਰਿਹਾ ਸੀ।

ਸਿੱਖਾਂ ਦੀ ਸ਼ਕਤੀ ਅਤੇ ਜੱਥੇਬੰਦਕ ਪ੍ਰਭਾਵ ਦਾ ਘੇਰਾ ਪ੍ਰਚਾਰ ਤੇ ਪ੍ਰਸਾਰ ਕਾਰਨ ਗੁਰੂ ਅਰਜਨ ਦੇਵ ਜੀ ਦੇ ਅਧੀਨ ਬਹੁਤ ਵਧਿਆ-ਫੁੱਲਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਨੇ ਸਿੱਖਾਂ ਅੰਦਰ ਕੌਮੀ ਜਾਗਿ੍ਰਤੀ ਨੂੰ ਜਨਮ ਦਿੱਤਾ। ਧਾਰਮਿਕ ਰਚਨਾਵਾਂ ਵਾਲੀਆਂ ਰਚਨਾਵਾਂ ਦੀ ਸੰਭਾਲ, ਮੂਰਤੀ ਤੇ ਬੁੱਤ ਪੂਜਾ ਦੀ ਥਾਂ ਰੱਬੀ ਗਿਆਨ ਵਾਲੇ ਭੰਡਾਰ, ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਨੇ, ‘ਹਿੰਦੂਆਂ ਅਤੇ ਮੁਸਲਮਾਨਾਂ, ਦੋਹਾਂ ਨੂੰ ਬੁਰਾਈਆਂ-ਔਗੁਣਾਂ ਨੂੰ ਤਿਆਗਣ ਅਤੇ ਸੱਚੇ ਰੱਬ ਨਾਲ ਪਿਆਰ ਕਰਨ ਲਈ ਉਪਦੇਸ਼ ਦਿੱਤਾ। ਪਰ ਰਾਜ-ਸੱਤਾ ‘ਤੇ ਕਾਬਜ਼ ਕੱਟੜਤਾ ਵਾਲਾ ਇਸਲਾਮਿਕ ਰਾਜ ਪ੍ਰਬੰਧ ਕਦੀ ਵੀ ਆਪਣੇ ਰਾਜ ਅੰਦਰ ਦੂਸਰੇ ਧਰਮ ਜਾਂ ਫਿਰਕੇ ਨੂੰ ਪਨਪਣ ਦੀ ਆਗਿਆ ਕਿਵੇਂ ਦੇਵੇਗਾ ? ਜਹਾਂਗੀਰ ਨੇ ਬਾਦਸ਼ਾਹ ਬਣਨ ਦੇ ਸਮੇਂ ਆਪਣੇ ਦਰਬਾਰੀਆਂ ਨੂੰ ਇਸਲਾਮ ਧਰਮ ਦੀ ਸਹਾਇਤਾ ਦਾ ਵਚਨ ਦਿੱਤਾ ਸੀ। ‘‘ਤੁੱਜ਼ਕੇ ਜਹਾਂਗੀਰ’’ ਵਿੱਚ ਜਹਾਂਗੀਰ ਆਪ ਕਹਿੰਦਾ ਹੈ, ‘ਗੋਇੰਦਵਾਲ ਜਿਹੜਾ ਕਿ ਬਿਆਸ ਨਦੀ ਦੇ ਕੰਢੇ ਤੇ ਹੈ, ਵਿੱਚ ਇਕ ਹਿੰਦੂ ਅਰਜਨ ਨਾਮੀਂ (ਗੁਰੂ ਅਰਜਨ ਦੇਵ ਜੀ) ਆਦਮੀ ਫਕੀਰੀ ਵੇਸ ਅਤੇ ਪਰਹੇਜ਼ਗਾਰ ਦੇ ਰੂਪ ਵਿੱਚ ਹੈ। ਉਸ ਨੇ ਬਹੁਤ ਸਾਰੇ ਹਿੰਦੂਆਂ ਅਤੇ ਇਸਲਾਮ ਦੇ ਉਜੱਡ ਅਤੇ ਮੂਰਖ ਮੁਰੀਦਾਂ ਨੂੰ ਵੀ ਆਪਣੇ ਢੰਗ ਨਾਲ ਆਪਣੇ ਵੱਸ ਕਰ ਰੱਖਿਆ ਹੈ। ਉਸ ਦੀ ਪਵਿੱਤਰਤਾ ਦਾ ਬੜਾ ਢੰਡੋਰਾ ਪਿਟਿਆ ਜਾ ਰਿਹਾ ਹੈ, ਉਸ ਨੂੰ ਗੁਰੂ ਦਾ ਦਰਜਾ ਦਿੱਤਾ ਹੋਇਆ ਹੈ, ਇਨ੍ਹਾਂ ਨੇ ਆਪਣੇ ਆਤਮਿਕ ਵਾਰਸਾਂ ਦੀਆਂ ਤਿੰਨ-ਚਾਰ ਪੁਸ਼ਤਾਂ ਤੋਂ ਆਪਣੀ ਦੁਕਾਨ ਚਲਾਈ ਹੋਈ ਹੈ। ਜਹਾਂਗੀਰ ਦੀ ਇਸ ਲਿਖਤ ਤੋਂ ਇਹ ਭਾਸਦਾ ਹੈ, ‘ਉਹ ਸਿੱਖ ਧਰਮ ਨੂੰ ਮਿਟਾ ਦੇਣਾ ਚਾਹੁੰਦਾ ਸੀ ਤੇ ਇਸ ਦਾ ਅਤੇ ਇਸ ਦਾ ਅੰਤ ਕੀਤਾ ਜਾਵੇ, ਅਜਿਹੇ ਵਿਚਾਰ ਉਸ ਦੇੇ ਮਨ ਅੰਦਰ ਘਰ ਕਰ ਚੁੱਕੇ ਹੋਏ ਸਨ।’

- Advertisement -

ਜਹਾਂਗੀਰ ਦੇ ਪੁੱਤਰ ਖੁਸਰੋ ਨੇ ਆਪਣੇ ਪਿਤਾ ਦੀ ਗੱਦੀ-ਨੀਸ਼ੀਨੀ ਦੇ ਵਿਰੁੱਧ ਬਗਾਵਤ ਕਰ ਦਿੱਤੀ। ਸ਼ਾਹੀ ਫੌਜਾਂ ਜਹਾਂਗੀਰ ਦੇ ਹੁਕਮਾਂ ਮੁਤਾਬਿਕ ਉਸ ਦਾ ਪਿੱਛਾ ਕਰ ਰਹੀਆਂ ਸਨ। ਖੁਸਰੋ ਗੁਰੂ ਅਰਜਨ ਦੇਵ ਕੋਲ ਪਹੁੰਚਿਆ। ਗੁਰੂ ਜੀ ਤੋਂ ਅਸੀਸ ਮੰਗੀ ! ਪਰ ਕਈ ਹਲਕਿਆ ਅੰਦਰ ਇਤਿਹਾਸਕਾਰਾਂ ਤੇ ਲੇਖਕਾਂ ਨੇ ਇਸ ਮੁਲਾਕਾਤ ਨੂੰ ਖੁਸਰੋ ਦੀ ਬਗਾਵਤ ਵਿੱਚ ਸਹਾਇਤਾ ਕਰਨ ਦਾ ਰਾਜਸੀ ਵਿਰੋਧ ਅੰਕਿਆ। ਪਰ ਜਹਾਂਗੀਰ ਖੁਦ ਤੁੱਜ਼ਕੇ ਜਹਾਂਗੀਰੀ ਵਿੱਚ ਲਿਖਦਾ ਹੈ, ‘ਗੁਰੂ ਨੇ ਖੁਸਰੋ ਦੇ ਮੱਥੇ ‘ਤੇ ਕੇਸਰ ਜਾਂ ਪੀਲੇ ਰੰਗ ਦਾ ਨਿਸ਼ਾਨ ਲਗਾਇਆ। ਪਰ ਇਸ ਨੂੰ ਇਹ ਕਿਵੇਂ ਸਮਝਿਆ ਜਾਵੇ ਕਿ ਸ਼ਹਿਜ਼ਾਦੇ ਨੂੰ ਭਾਰਤ ਦੇ ਰਾਜ ਮਿਲਣ ਦੀ ਅਸੀਸ ਦਿੱਤੀ ਗਈ ਹੈ ? ਖੁਸਰੋ ਅਕਬਰ ਦਾ ਪੋਤਰਾ ਤੇ ਉਹ ਉਦਾਰਚਿਤ ਸੋਚ ਵਾਲਾ ਸ਼ਹਿਜ਼ਾਦਾ ਸੀ। ਦੂਸਰਾ ਆਗਰੇ ਤੋਂ ਲੈ ਕੇ ਲਾਹੌਰ ਤੱਕ ਅਜਿਹੀ ਕੋਈ ਖਬਰ ਜਾਂ ਸੂਹ ਨਹੀਂ ਮਿਲਦੀ ਕਿ ਗੁਰੂ ਜੀ ਨੇ ਖੁਸਰੋ ਦੀ ਇਸ ਬਗਾਵਤ ‘ਚ ਮਦਤ ਕੀਤੀ ਹੈ। ਹਾਂ ! ਇਹ ਜ਼ਰੂਰ ਸਾਬਤ ਹੁੰਦਾ ਹੈ ਕਿ ਗੁਰੂ ਨੇ ਖੁਸਰੋ ਨੂੰ ਅਸੀਸ ਜ਼ਰੂਰ ਦਿੱਤੀ ਹੈ, ‘‘ਦਬਿਸਤਾਨੇ ਮਜ਼ਾਹਬ’’ਦਾ ਕਰਤਾ ‘ਫਾਨੀ’ ਦਾ ਕਥਨ ਹੈ ਕਿ ਗੁਰੂ ਜੀ ਨੇ ਖੁਸਰੋ ਲਈ ਅਰਦਾਸ ਕੀਤੀ ਹੈ। ਸ਼ਹਿਜ਼ਾਦਾ ਜਿਹੜਾ ਕਿ ਪਹਿਲਾ ਹੀ ਸ਼ਾਹੀਫੌਜਾਂ ਤੋਂ ਭਾਂਜ ਖਾ ਕੇ ਭੱਜਿਆ ਹੋਇਆ ਸੀ, ਉਸ ਦੀ ਸਫਲਤਾ ਲਈ ਮਦਤ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ। ਮੈਕਲਾਫ਼ ਦਾ ਮਤ ਹੈ, ‘‘ਹਮਦਰਦੀ ਵੱਜੋ ਭੱਜੇ ਜਾ ਰਹੇ ਸ਼ਹਿਜ਼ਾਦੇ ਦੀ ਮਦਤ ਤਾਂ ਕੀਤੀ ਹੋਵੇਗੀ, ਪਰ ਬਗਾਵਤ ਲਈ ਨਹੀਂ ? ਜਹਾਂਗੀਰ ਖੁਦ ਲਿਖਦਾ ਹੈ, ‘ਮੈਨੂੰ ਇਹ ਵਿਚਾਰ ਫੁਰਿਆ ਕਿ ਇਸ ਬੇਲੋੜੇ ਕੰਮ ਨੂੰ ਖਤਮ ਕੀਤਾ ਜਾਵੇ। ਭਾਵ ਉਹ ਸਿੱਖ ਧਰਮ ਨੂੰ ਮਿਟਾ ਦੇਣਾ ਚਾਹੁੰਦਾ ਸੀ, ਇਹ ਉਸਦੀ ਕੱਟੜਵਾਦੀ ਨੀਤੀ ਦਾ ਪ੍ਰਗਟਾਵਾ ਹੁੰਦਾ ਹੈ।’

ਲਾਹੌਰ ਵਿਖੇ ਗੁਰੂ ਦੇ ਦੁਸ਼ਮਣਾਂ ਨੇ ਜਹਾਂਗੀਰ ਦੇ ਕੰਨਾਂ ਵਿੱਚ ਇਹ ਸੂਹ ਪਾਈ ਕਿ ਗੁਰੂ ਜੀ ਸ਼ਹਿਜਾਦੇ ਦੀ ਬਗਾਵਤ ਵਿੱਚ ਉਸ ਦਾ (ਗੁਰੂ ਜੀ) ਸਾਥੀ ਸੀ। ਪਰ ਅਜਿਹਾ ਕੋਈ ਸਬੂਤ ਤੁੱਜ਼ਕੇ ਜਹਾਂਗੀਰੀ ਵਿੱਚ ਨਹੀਂ ਮਿਲਦਾ ਹੈ, ‘ਕਿਉਂÎਕ ਜਹਾਂਗੀਰ ਖੁਦ ਬਾਗੀ ਸ਼ਹਿਜ਼ਾਦੇ ਦਾ ਪਿਛਾ ਕਰ ਰਿਹਾ ਸੀ। ਨਹੀਂ ਤਾਂ ਉਸ ਨੇ ਗੁਰੂ ਜੀ ਦੀ ਗ੍ਰਿਫਤਾਰੀ ਦੇ ਹੁਕਮ ਵੀ ਚਾੜ੍ਹ ਦੇਣੇ ਸਨ। ਬਗਾਵਤ ਵਿੱਚ ਖੁਸਰੋ ਦਾ ਸਾਥ ਦੇਣ ਦੀ ਅਫ਼ਵਾਹ, ‘ਗੁਰੂ ਜੀ ਦੇ ਦੁਸ਼ਮਣਾਂ, ‘ਜਿਨ੍ਹਾਂ ਵਿੱਚ ਖਾਸ ਕਰਕੇ ਲਾਹੌਰ ਦਾ ਸ਼ਾਹੀ ਦੀਵਾਨ ਚੰਦੂ ਸ਼ਾਹ ਸੀ, ਆਦਿ ਨੇ ਮਨਘੜਤ ਬਣਾਈ ਤੇ ਇਹ ਲੋਕ ਗੁਰੂ ਜੀ ਨੂੰ ਰਾਜਸੀ ਵਿਰੋਧੀ ਵਜੋਂ ਸਾਬਤ ਕਰਨਾ ਚਾਹੁੰਦੇ ਸਨ। ਪਰ ਜਿਸ ਦੀ ਅਣਹੋਂਦ ਵਿੱਚ ਉਹ ਇਸ ਨੂੰ ਭਾਵੇਂ ਸਿੱਧ ਨਹੀਂ ਕਰ ਸਕਦੇ ਸਨ। ਬਹੁਤ ਸਾਰੇ ਵਿਚਾਰਾਂ ਬਾਅਦ ਇਹ ਰਾਏ ਸਾਹਮਣੇ ਆਉਂਦੀ ਹੈ, ‘ਗੁਰੂ ਜੀ ਰਾਜਸੀ ਵਿਰੋਧਭਾਸ਼ੀ ਸਾਜ਼ਿਸ਼ ਕਾਰਨ ਤਸੀਹਿਆ ਦਾ ਸ਼ਿਕਾਰ ਹੋਏ। ਰਾਜਸੀ ਇਕ ਸੰਮਤੀ ਰੱਖਣੀ ਕਠਿਨ ਹੈ। ਸਗੋਂ ਇਹ ਵਿਚਾਰ ਵੀ ਸਾਹਮਣੇ ਆਉਂਦੇ ਹਨ ਕਿ ਚੰਦੂ ਸ਼ਾਹ ਜੋ ਲਾਹੌਰ ਦਾ ਸ਼ਾਹੀ ਦੀਵਾਨ ਸੀ ਆਪਣੀ ਪੁੱਤਰੀ ਸਦਾ ਕੌਰ ਦਾ ਰਿਸ਼ਤਾ ਗੁਰੂ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਨਾਲ ਕਰਨਾ ਚਾਹੁੰਦਾ ਸੀ। ਪਰ ਗੁਰੂ ਜੀ ਤੇ ਸਿੱਖਾਂ ਨੇ ਚੰਦੂ ਦੇ ਮਾੜੇ ਰਵੱਈਏ ਕਾਰਨ ਇਹ ਰਿਸ਼ਤਾ ਨਾ ਮਨਜ਼ੂਰ ਕਰਨ ਕਰਕੇ, ਉਹ ਗੁਰੂ ਜੀ ਦਾ ਵੱਡਾ ਦੁਸ਼ਮਣ ਬਣ ਗਿਆ। ਉਸ ਵੱਲੋਂ ਸਥਾਨਕ ਰਾਜਸੀ ਪ੍ਰਭਾਵ ਅਧੀਨ ਕਈ ਦੋਸ਼ ਲਾ ਕੇ ਗੁਰੂ ਜੀ ਨੂੰ ਵੱਡੀ ਸਜ਼ਾ ਦੇਣ ਦੀ ਠਾਣੀ। ਖੁਸਰੋ ਦੀ ਬਗਾਵਤ ਸਬੰਧੀ ਜਦੋਂ ਜਹਾਂਗੀਰ ਲਾਹੌਰ ਪੁਜਿਆ ਤਾਂ ਗੁਰੂ ਦੇ ਦੁਸ਼ਮਣਾਂ ਨੇ ਗੁਰੂ ਜੀ ਵਿਰੁਧ ਬਗਾਵਤ ਸਮੇਤ, ਧਾਰਮਿਕ ਵਿਚਾਰ ਤੇ ਕਈ ਹੋਰ ਦੋਸ਼ ਲਾ ਕੇ ਜਹਾਂਗੀਰ ਦੇ ਕੰਨ ਭਰੇ। ਜਹਾਂਗੀਰ ਪਹਿਲਾ ਹੀ ਗੁਰੂ ਜੀ ਵਿਰੁੱਧ ਕਿਸੇ ਮਾੜੀ ਤਾੜ ਵਿੱਚ ਸੀ। ਬਿਨਾਂ ਪੁਛੇ ਉਸਨੇ ਹਾਕਮੀ ਹੁਕਮ ਵੀ ਸੁਣਾ ਦਿੱਤੇ। ਉਹ ਖੁਦ ਤਾਂ ਕਸ਼ਮੀਰ ਚਲਾ ਗਿਆ, ਤਾਂ ਬਾਅਦ ਵਿੱਚ ਗੁਰੂ ਜੀ ਨੂੰ ਤਸੀਹੇ ਚੰਦੂ ਨੇ ਦਿੱਤੇ।

ਲਾਹੌਰ ਵਿਖੇ ਜਹਾਂਗੀਰ ਦੇ ਗੁੱਸੇ ਦਾ ਕੋਈ ਅੰਤ ਨਾ ਰਿਹਾ ਅਤੇ ਉਸ ਨੇ ਬਿਨਾ ਕਿਸੇ ਸਬੂਤ ਜਾਂ ਪੁਛ-ਗਿਛ ਦੇ ਦੋ-ਲੱਖ ਰੁਪਏ ਜੁਰਮਾਨਾ ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਰੁਧ ਅੰਕਿਤ ਭਾਗਾਂ ਨੂੰ ਕੱਢ ਦੇਣ ਦਾ ਹੁਕਮ ਦਿੱਤਾ। ਜਿਥੋ ਤੱਕ ਜੁਰਮਾਨੇ ਦਾ ਸਬੰਧ ਸੀ, ਗੁਰੂ ਜੀ ਨੇ ਕਿਹਾ ਕਿ ਉਨ੍ਹਾਂ ਕੋਲ ਦੇਣ ਲਈ ਕੋਈ ਰੁਪਿਆ ਪੈਸਾ ਨਹੀਂ ਅਤੇ ਜੋ ਕੁਝ ਉਨ੍ਹਾਂ ਦੇ ਕੋਲ ਸੀ ਉਹ ਗਰੀਬਾਂ, ਮੁਥਾਜਾਂ, ਪ੍ਰਦੇਸੀਆਂ ਅਤੇ ਯਤੀਮਾਂ ਲਈ ਸੀ, ਨਾ ਕਿ ਸਰਕਾਰ ਨੂੰ ਜੁਰਮਾਨੇ ਦੇ ਰੂਪ ਵਿੱਚ ਦੇਣ ਲਈ ! ਪਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਸ਼ਬਦ ਕੱਢਣ ਲਈ ਮੂਲੋ ਹੀ ਨਾ ਕਰ ਦਿੱਤੀ। ਨਤੀਜੇ ਵੱਜੋਂ ਜਹਾਂਗੀਰ ਨੇ ਗੁਰੂ ਜੀ ਦੀ ਸਾਰੀ ਜਾਇਦਾਦ ਜ਼ਬਤ ਕਰਨ ਲਈ ਹੁਕਮ ਦੇ ਦਿੱਤੇ। ਉਨ੍ਹਾਂ ਦੇ ਮਕਾਨ, ਰਹਿਣ ਦੀਆਂ ਥਾਵਾਂ, ਬਲਕਿ ਬੱਚੇ ਵੀ ਵੀ ਮੁਰਤਜ਼ਾ ਖਾਨ ਦੇ ਹਵਾਲੇ ਕਰ ਦਿੱਤੇ। ਫੇਰ ਇਹ ਹੁਕਮ ਦਿੱਤਾ ਕਿ ਇਨ੍ਹਾਂ ਨੂੰ ਤਸੀਹੇ ਦੇ ਕੇ ਖ਼ਤਮ ਕਰ ਦਿੱਤਾ ਜਾਵੇ। ਗੁਰੂ ਜੀ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ। ਇਹ ਕਿਹਾ ਜਾਂਦਾ ਹੈ, ‘ਲਾਹੌਰ ਦੇ ਇਕ ਮੁਸਲਮਾਨ ਦਰਵੇਸ਼ ਸਾਈਂ ਮੀਆਂ ਮੀਰ ਨੇ ਬਾਦਸ਼ਾਹ ਨੂੰ ਇਸ ਕਹਿਰ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਗੁਰੂ ਜੀ ਨੇ ਸਾਂਈ ਮੀਆਂ ਮੀਰ ਨੂੰ ਕਿਹਾ ਕਿ ਉਹ ਰੱਬ ਦੀ ਇਛਾਂ ਤੇ ਹੀ ਸਭ ਕੁਝ ਛੱਡ ਦੇਣ ! ਭਾਵੇਂ ਸਿੱਖ ਸਾਖੀਆਂ ਅਨੁਸਾਰ ਕਈ-ਕਥਾਵਾਂ ਹਨ। ਪਰ ‘‘ਮੁਹਿਸਨ ਫਾਨੀ’’ ਅਨੁਸਾਰ, ‘ਗੁਰੂ ਜੀ ਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ, ਗਰਮੀ, ਭੈੜਾ-ਸਲੂਕ ਅਤੇ ਦਿੱਤੇ ਤਸੀਹਿਆ ਕਾਰਨ ਹੀ ਹੋਇਆ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਾਹੌਰ ਵਿਖੇ 30 ਮਈ ਸੰਨ 1606 (ਸੰਮਤ 1663 ਜੇਠ-ਸੁਦੀ ਚੌਥ)ਅਨੁਸਾਰ ਹੋਈ ਤੇ ਰਾਵੀ ਦੇ ਕੰਢੇ ਉਨ੍ਹਾਂ ਦਾ ਸੰਸਕਾਰ ਕੀਤਾ ਗਿਆ। ਮੌਕੇ ਦੇ ਹਾਲਾਤ ਅਨੁਸਾਰ ਗੁਰੂ ਜੀ ਦੀ ਸ਼ਹੀਦੀ ਦਾ ਕਾਰਨ ਜਹਾਂਗੀਰ ਦੀ ਧਾਰਮਿਕ ਕੱਟੜ ਨੀਤੀ ਅਧੀਨ ਸਥਾਨਕ ਹਾਕਮੀ ਤਸ਼ਦਦ ਹੀ ਇਸ ਦੇ ਜਿੰਮੇਵਾਰ ਸਨ।

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਧਰਮ ਨੂੰ ਰੁਹਾਨੀਅਤ-ਵਾਦ ਦੇ ਰਾਹ ਦੇ ਨਾਲ ਫੌਜੀ ਭਾਵ ਮੀਰੀ-ਪੀਰੀ ਦੇ ਰਾਹ ‘ਤੇ ਵੀ ਤੁਰਨ ਵੱਲ ਪਾ ਦਿੱਤਾ। ਸਿੱਖਾਂ ਅੰਦਰ ਗੁਰੂ ਅਰਜਨ ਦੇਵ ਜੀ ਨੂੰ ਦਰਵੇਸ਼ ਜੀਵਨ ਵਾਲਾ ਹੋਣ ਕਰਕੇ,‘ਉਤਮ ਦਰਜਾ ਮਿਲਿਆ ਹੋਇਆ ਸੀ। ਸਿੱਖ-ਸੰਗਤਾਂ ਉਨ੍ਹਾਂ ਪਾਸ ਆਤਮਿਕ ਸ਼ਾਂਤੀ ਅਤੇ ਰੁਹਾਨੀਅਤ ਗਿਆਨ ਲਈ ਆਉਂਦੀਆਂ ਸਨ। ਉਹ ਆਪਣੇ ਪਿਆਰੇ ਗੁਰੂ ਦੀ ਇਸ ਦਰਦਨਾਕ ਸ਼ਹੀਦੀ ਨੂੰ ਮੁਗਲ ਸਰਕਾਰ ਦੀ ਕੱਟੜਤਾ ਦਾ ਸਿੱਟਾ ਗਿਣਦੇ ਸਨ। ਉਨ੍ਹਾਂ ਦੀ ਸ਼ਹੀਦੀ ਤਕ, ‘ਸਿੱਖ ਧਰਮ ਨੂੰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਪਹਿਲਾ ਦਖ਼ਲ ਦਿੱਤੇ ਬਿਨਾਂ, ਅਮਨ-ਸ਼ਾਂਤੀ ਨਾਲ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਕੋਈ ਰੋਕ ਨਹੀਂ ਆਈ ਸੀ। ਪਰ ਹੁਣ ਸਿੱਖ ਸੰਸਥਾਂ ਨੂੰ ਗੁਰੂ ਜੀ ਦੀ ਸ਼ਹੀਦੀ ਬਾਅਦ ਇਕ ਨਵੇਂ ਤਰ੍ਹਾਂ ਦਾ ਧਾਰਮਿਕ, ਰਾਜਸੀ ਤੇ ਸਮਾਜਿਕ ਚੈਲੰਜ ਪੇਸ਼ ਹੋਇਆ। ਉਨ੍ਹਾਂ ਨੂੰ ਜਾਨ ਅਤੇ ਮਾਲ ਦੀ ਰੱਖਿਆ ਲਈ ਆਪਣੇ ਆਪ ਨੂੰ ਹਥਿਆਰਬੰਦ ਹੋਣ ਲਈ ਸੋਚਣਾ ਪਿਆ। ਦੇਸ਼ ਅੰਦਰ ਹੁਣ ਸਿੱਖਾਂ ਨੂੰ ਵੀ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਮੁਗਲ-ਸਲਤਨਤ ਵਿਰੁਧ ਹਥਿਆਰਬੰਦ ਹੋਣ ਲਈ ਮਜਬੂਰ ਹੋਣਾ ਪਿਆ। ਗੁਰੂ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਅੰਦਰ ਹਾਲਾਤਾਂ ਨੂੰ ਬਦਲਣ ਵਾਲੀ ਇਕ ਮਹਾਨ ਘਟਨਾ ਸੀ, ਕਿਉਂਕਿ ਹੁਣ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਵਡੇਰੇ ਹਿਤਾਂ ਦੀ ਪੂਰਤੀ ਲਈ ਆਪਣੇ ਆਪ ਨੂੰ ਮੁਗਲਾਂ ਦੇ ਜ਼ੁਲਮਾਂ ਤੋਂ ਬਚਾਉਣ ਲਈ ਹਥਿਆਰਬੰਦ ਹੋਣਾ ਪਿਆ। ਇਹ ਵੀ ਇਕ ਇਤਿਹਾਸਕ ਮੋੜ ਸੀ ਕਿ ਰਾਜਸੀ ਆਜ਼ਾਦੀ ਦੇ ਬਿਨਾਂ ਆਤਮਿਕ ਸ਼ਕਤੀ ਪ੍ਰਾਪਤ ਕਰਨੀ ਕਠਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਦੇਣ ਨੇ ਲੋਕਾਂ ਅੰਦਰ ਸਹਿਣਸ਼ੀਲਤਾ ਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ। ਇਨ੍ਹਾਂ ਨਵੇਂ ਹਲਾਤਾਂ ਨੇ ਗੁਰੂ ਜੀ ਦੀ ਸ਼ਹੀਦੀ ਨੇ ਦੂਸਰੇ ਸ਼ਹੀਦਾਂ ਵਾਂਗ ਸਿੱਖਾਂ ਨੂੰ ਵੀ ਮੁਗਲਾਂ ਨਾਲ ਆਪਣੀ ਖਿਚੋਤਾਣ ਅਤੇ ਵਿਗੜੇ ਸੰਬੰਧਾਂ ਦੇ ਕਾਰਨ ਰੂਹਾਨੀਅਤ ਵਾਲੇ ਰਾਹ ਦੇ ਨਾਲ ਫੌਜੀ ਤਾਕਤ ਦੇ ਰੂਪ ਵਿੱਚ ਸੰਗਠਤ ਹੋਣ ਲਈ ਮਜਬੂਰ ਕਰ ਦਿੱਤਾ।

ਆਪਣੀ ਸ਼ਹੀਦੀ ਤੋਂ ਪਹਿਲਾਂ ਗੁਰੂ ਜੀ ਵੱਲੋਂ ਸਿੱਖ ਸੰਗਤ ਨੂੰ ਦਿੱਤੇ ਜਾਣ ਵਾਲੇ ਅੰਤਲੇ ਸੁਨੇਹੇ ਵਿੱਚ ਵੀ ਮੁਗਲ ਰਾਜ ਅੰਦਰ ਆਉਣ ਵਾਲੀਆਂ ਭਵਿੱਖ ਵਿਚਲੀਆਂ ਪੇਸ਼ਬੰਦੀਆਂ ਲਈ ਚੁੱਕੇ ਜਾਣ ਵਾਲੇ ਕਦਮਾਂ ਨੂੰ ਦਸ ਦਿੱਤਾ। ਉਨ੍ਹਾਂ ਕਿਹਾ, ‘ਮੈਂ ਆਪਣੇ ਜੀਵਨ ਦਾ ਆਦਰਸ਼ ਪ੍ਰਾਪਤ ਕਰਨ ਵਿੱਚ ਸਫਲ ਹੋ ਗਿਆ ਹਾਂ। ਮੇਰੇ ਪਾਰਸਾ (ਪਵਿੱਤਰ ਸੰਤ) ਪੁੱਤਰ ਹਰਗੋਬਿਦ ਦੇ ਕੋਲ ਜਾਓ ਅਤੇ ਮੇਰੇ ਵੱਲੋਂ ਉਸ ਨੂੰ ਪੂਰਨ ਤਸੱਲੀ ਦਿਓ ਅਤੇ ਕਹੋ ਕਿ ਉਹ ਮੇਰਾ ਅਫ਼ਸੋਸ ਨਾ ਕਰੇ ਅਤੇ ਨਾ ਹੀ ਅਤਿਅੰਤ ਤਰ੍ਹਾਂ ਦਾ ਗਮ ਕਰੇ। ਸਗੋਂ ਸੱਚੇ ਪ੍ਰਮਾਤਮਾ ਦਾ ਨਾਮ ਸਿਮਰਨ ਕਰੇ ! ਉਸ ਨੂੰ ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇਗੱਦੀ ‘ਤੇ ਬੈਠਣ ਦਿਓ ਅਤੇ ਪੂਰੀ ਯੋਗਤਾ ਨਾਲ ਫੌਜ ਰੱਖਣ ਦਿਓ। ਭਾਈ ਬੁੱਢਾ ਜੀ ਦਾ ਸਤਿਕਾਰ ਕਰਨ ਦਿਓ ਅਤੇ ਹਥਿਆਰ ਬੰਦੀ ਦੇ ਇਲਾਵਾ ਹਰ ਇਕ ਦ੍ਰਿਸ਼ਟੀਕੋਣ ਤੋਂ ਪਹਿਲੇ ਗੁਰੂਆਂ ਦੇ ਉਪਦੇਸ਼ ‘ਤੇ ਅਮਲ ਕਰਨ ਦਿੱਤਾ ਜਾਵੇ। ਗੁਰੂ ਜੀ ਦੇ ਅੰਤਲੇ ਸ਼ਬਦ ਹਿੰਦੁਸਤਾਨ ਦੇ ਬਾਜ਼ਾਰਾਂ ਅਤੇ ਹੋਰ ਯਾਤਰਾਂ ਦੇ ਅਸਥਾਵਾਂ ਤੇ ਬਿਜਲੀ ਦੀ ਲਹਿਰ ਵਾਂਗ ਫਿਰ ਗਏ। ਸਿੱਖ ਸੰਸਥਾ ਇਕ ਨਵੀਂ ਹੀ ਰੁਚੀ ਵਾਲੀ ਬਣ ਗਈ। ਇਹ ਇਕ ਪੰਜਾਬ ਅੰਦਰ ਨਵੀਂ ਗੁਣਾਤਮਿਕ ਤਬਦੀਲੀ ਦਾ ਜਨਮ ਸੀ ਜਿਸ ਨੇ ਨਾਮ ਬਾਣੀ ਦੇ ਨਾਲ ਨਾਲ ਹਲ ਦੇ ਫਾਲਾਂ ਨੂੰ ਤਲਵਾਰਾਂ ਅਤੇ ਦਾਤਰੀਆਂ ਨੂੰ ਭਾਲਿਆ ਦੇ ਰੂਪ ਦੇਣੇ ਅਰੰਭ ਕਰ ਦਿੱਤੇ। ਇਸ ਤਰ੍ਹਾਂ ਨਾਲ ਇਕ ਪੂਰਨ ਅਮਨ ਪਸੰਦ ਸ਼੍ਰੇਣੀ ਨੇ ਜ਼ੰਗਜੂ ਅਥਵਾ ਲੜਾਕਾ ਰੂਪ ਧਾਰਨ ਕਰ ਲਿਆ।

- Advertisement -

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਸਿੱਖਾਂ ਦੇ ਕਪਾਟ ਖੁਲ੍ਹ ਗਏ ਅਤੇ ਉਨ੍ਹਾਂ ਨੂੰ ਹੁਣ ਆਪਣਾ ਨਵਾਂ ਰੂਪ ਅਰਥਾਤ ਫੌਜੀ ਰੂਪ ਧਾਰਨ ਕਰਨਾ ਪਿਆ। ਉਹ ਸੰਤ ਸਿਪਾਹੀ ਬਣ ਗਏ। ਸਿੱਖਾਂ ਦੀ ਇਸ ਨਵੀਂ ਤਿਆਰੀ ਅਤੇ ਨਵੀਂ ਰੁਚੀ ਨੂੰ ਮੁਗਲ ਸਲਤਨਤ ਵੀ ਅੱਖੋਂ ਉਹਲੇ ਨਾ ਕਰ ਸਕੀ। ਖਾਸ ਕਰਕੇ ਇਸ ਲਈ ਕਿਉਂ ਜੋ ਇਕ ਸਿੱਖਾਂ ਦੀ ਨਵੀਂ ਤਰ੍ਹਾਂ ਦੀ ਜ਼ਬਰਦਸਤ ਜੱਥੇਬੰਦੀ ਸਾਂਝੇ ਰੂਪ ਵਿੱਚ ਆਪਣੇ ਆਗੂ ਦੇ ਅਧੀਨ ਸਾਰੇ ਦੇਸ਼ ਵਿੱਚ ਨਾ-ਫ਼ਰਮਾਨੀ ਦੀ ਹੱਦ ਤੱਕ ਪੁੱਜ ਗਈ। ਸੋ ਵੱਧ ਹੋਵੇ ਜਾਂ ਘੱਟ ਇਹ ਖਿਚਾ-ਖਿਚੀ ਨਾ ਮੁਕਣ ਵਾਲਾ ਰੂਪ ਧਾਰਨ ਕਰਦੀ ਜਾ ਰਹੀ ਸੀ ਅਤੇ ਇਹ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਅਤੇ ਉਤਰ-ਅਧਿਕਾਰੀ ਗੁਰੂ ਹਰਗੋਬਿੰਦ ਜੀ ਦੇ ਅਧੀਨ ਸਾਫ਼-ਸਾਫ਼ ਪ੍ਰਗਟ ਹੋ ਗਈ। ਗੁਰੂ ਹਰਗੋਬਿੰਦ ਜੀ ਨੇ ਪਹਿਲੇ ਗੁਰੂਆਂ ਦੀ ਰੂਹਾਨੀ-ਨੀਤੀ ਦੇ ਨਾਲ ਨਾਲ ਫੌਜੀ ਕਰਨ ਦੀ ਨੀਤੀ ਵੀ ਸਿੱਖ ਧਰਮ ਅੰਦਰ ਅਪਣਾਈ, ਜਿਸ ਨਾਲ ਉਨ੍ਹਾਂ ਦੁਸ਼ਮਣਾਂ ਦਾ ਮੁਕਾਬਲਾ ਹੋ ਸਕੇ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ। ਗੁਰੂ ਅਰਜਨ ਦੇਵ ਜੀ ਦੇ ਅੰਤਲੇ ਸੁਨੇਹੇ ਨੇ ਆਉਣ ਵਾਲੇ ਗੁਰੂਆਂ ਅਤੇ ਭਵਿੱਖਤ ਵਿੱਚ ਪ੍ਰਗਟ ਹੋਣ ਵਾਲੀ ਹਥਿਆਰਬੰਦ ਰੁਕਾਵਟ ਜਾਂ ਰੱਖਿਆ ਦੀ ਨਵੀਂ ਨੀਤੀ ਨੂੰ ਪ੍ਰਗਟ ਕੀਤਾ ਜੋ ਰੁਹਾਨੀਅਤ ਤੋਂ ਮੀਰੀ-ਪੀਰੀ ਵੱਲ ਵਧ ਰਹੀ ਸੀ।

Share this Article
Leave a comment