Breaking News

ਮਾਨਵਤਾ ਦੇ ਗੁਰੂ : ਸ੍ਰੀ ਗੁਰੂ ਗੋਬਿੰਦ ਸਿੰਘ ਜੀ -ਡਾ. ਰੂਪ ਸਿੰਘ

ਲੜੀ ਜੋੜਨ ਲਈ ਇਥੇ ਕਲਿਕ ਕਰੋ

https://scooppunjab.com/global/manvta-de-guru-sri-guru-gobind-singh-ji-_dr-roop-singh/


9 ਜਨਵਰੀ, 2022 ਲਈ ਵਿਸ਼ੇਸ਼

ਮਾਨਵਤਾ ਦੇ ਗੁਰੂ : ਸ੍ਰੀ ਗੁਰੂ ਗੋਬਿੰਦ ਸਿੰਘ ਜੀ

*ਡਾ. ਰੂਪ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਵਿੱਚ ਇਹ ਸਥਾਪਿਤ ਤੇ ਸਾਬਤ ਕਰ ਦਿੱਤਾ ਕਿ ਹਲਤ–ਪਲਤ ਸੰਵਾਰਨ ਲਈ ਮੀਰੀ–ਪੀਰੀ, ਭਗਤੀ–ਸ਼ਕਤੀ, ਗਿਆਨ ਤੇ ਸੱਤਾ ਦਾ ਸੁਖਾਵਾਂ ਸੁਮੇਲ ਜ਼ਰੂਰੀ ਹੈ । ਖਾਲਸਾ–ਪੰਥ ਨੂੰ ਪ੍ਰਗਟ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਵੱਡੀ ਕਰਾਮਾਤ ਸੀ, ਜਿਸ ਕਰਕੇ ਗਰੀਬ ਸਿੱਖਨ ਨੂੰ ਪਾਤਸ਼ਾਹੀ ਪ੍ਰਾਪਤ ਹੋਈ । ਵਹਿਮਾਂ–ਭਰਮਾਂ ਦਾ ਨਾਸ਼ ਕਰਨ ਵਾਸਤੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਊਚ–ਨੀਚ, ਗਰੀਬ–ਅਮੀਰ, ਚੇਲੇ–ਗੁਰੂ ਦੀ ਇਕਸਾਰਤਾ ਤੇ ਇਕਸੁਰਤਾ ਕਾਇਮ ਕੀਤੀ ।

ਘਰ–ਘਰ ਦੇਵੀ–ਦੇਵਤਿਆਂ, ਵੱਖ–ਵੱਖ ਰੂਪਾਂ ‘ਚ ਮੰਨਣ ਵਾਲੀ ਗੁਲਾਮੀ ਦੀ ਆਦੀ ਹੋ ਚੁੱਕੀ ਭਾਰਤੀ ਲੋਕਾਈ ਵਿਚ ਦੈਵੀ ਏਕਤਾ, ਮਨੁੱਖੀ ਸਮਾਨਤਾ ਦਾ ਬੀਜ ਵੀ ਗੁਰੂ ਜੀ ਨੇ ਹੀ ਬੋਇਆ । ਪਹਿਲੀ ਵਾਰ ਸੁਤੰਤਰ ਸਿੱਖ ਸੋਚ–ਹੋਂਦ ਹਸਤੀ ਤੇ ਪਹਿਚਾਨ ਵਾਲਾ ਖਾਲਸਾ ਰੂਪੀ ਬੋਹੜਨੁਮਾ ਦਰੱਖਤ ਪੈਦਾ ਕੀਤਾ ਜਿਹੜਾ ਹਰ ਤਰ੍ਹਾਂ ਦੇ ਹਾਲਾਤਾਂ, ਜਬਰ_ਜ਼ੁਲਮ ਦੀਆਂ ਹਨੇਰੀਆਂ–ਝੱਖੜਾਂ ਦਾ ਮੁਕਾਬਲਾ ਕਰਦਾ ਹੋਇਆ ਵੀ ਵਿਸ਼ਵ ਭਰ ਵਿਚ ਸੱਚ, ਸੰਜਮ, ਸਹਿਜ, ਸੰਤੋਖ ਦਾ ਧਾਰਣੀ ਹੋ ਸੁਤੰਤਰਤਾ, ਸਾਦਗੀ ਦੀ ਖੁਸ਼ਬੋਈ ਬਖੇਰ ਰਿਹਾ ਹੈ । ਅਵਤਾਰਵਾਦ ਦਾ ਖੰਡਨ ਕਰਦਿਆਂ ਗੁਰਦੇਵ ਪਿਤਾ ਨੇ ਸਪੱਸ਼ਟ ਕੀਤਾ :

ਆਦਿ ਅੰਤਿ ਏਕੈ ਅਵਤਾਰਾ ॥

ਸੋਈ ਗੁਰੂ ਸਮਝਿਯਹੁ ਹਮਾਰਾ ॥  (ਬੇਨਤੀ ਚੌਪਈ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਰਮ–ਭੇਖ–ਪਾਖੰਡ ਦਾ ਬਾਖੂਬੀ ਖੰਡਨ ਕੀਤਾ ਹੈ । ਜਿਸ ਦੇਸ਼ ਵਿਚ ਮੰਦਰ ਢਾਹੇ ਜਾ ਰਹੇ ਸਨ ਤੇ ਮਸਜਿਦਾਂ ਉਸਾਰੀਆਂ ਜਾ ਰਹੀਆਂ ਸਨ ਮੂਰਤੀਆਂ ਦੇ ਵੱਟੇ ਬਣਾ ਕੇ ਮਾਸ ਤੋਲਣ ਲਈ ਵਰਤੀਆਂ ਜਾ ਰਹੀਆਂ ਸਨ, ਘੋੜ–ਸਵਾਰੀ, ਦਸਤਾਰ ਦੀ ਮਨਾਹੀ ਸੀ ਉਸ ਸਮੇਂ ਮੰਦਰ–ਮਸੀਤ ਇਕ ਕਹਿਣਾ, ਪੂਜਾ ਤੇ ਨਿਮਾਜ਼ ਨੂੰ ਇਕ ਮੰਨਣਾ ਕਰਾਮਾਤ ਤੋਂ ਘੱਟ ਨਹੀਂ । ਅਕਾਲ ਪੁਰਖ ਨੂੰ ਇਕ ਮੰਨਣ–ਮੰਨਵਾਉਣ ਵਾਲੇ ਮਾਨਵਤਾ ਦੇ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬ੍ਰਹਿਮੰਡੀ ਦ਼੍ਰਿਸ਼ਟੀ ਦੇ ਦਰਸ਼ਨ–ਦੀਦਾਰ ਕਰੋ :

ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ਼੍ਰਮਾਉ ਹੈ ॥

ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ॥

ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ ॥

ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ ॥(ਅਕਾਲ ਉਸਤਤਿ)

ਮਜ਼੍ਹਬਾਂ, ਦੇਸ਼ਾਂ, ਜਾਤਾਂ–ਪਾਤਾਂ, ਰੰਗਾਂ, ਨਸਲਾਂ ਦੇ ਬੇਸ਼ੁਮਾਰ ਝਗੜਿਆਂ ਨੂੰ ਨਕਾਰਦਿਆਂ–ਨਬੇੜਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਵਤਾ ਦੇ ਗੁਰੂ ਰੂਪ ‘ਚ ਸਦੀਵੀ ਸੰਦੇਸ਼ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਰਾਹੀਂ ਦ਼੍ਰਿੜ੍ਹ ਕਰਵਾਇਆ । ਸਮਾਜਿਕ ਨਾ ਬਰਾਬਰੀ, ਜਾਤਾਂ–ਪਾਤਾਂ, ਵਹਿਮਾਂ–ਭਰਮਾਂ ਦਾ ਖੰਡਨ ਕਰਨ ਵਾਸਤੇ ਸਮਾਜਿਕ ਚੇਤਨਾ, ਸਮਾਜਿਕ ਕੁਰੀਤੀਆਂ ਨੂੰ ਖਾਲਸੇ ਦੇ ਰੂਪ ‘ਚ ਖਤਮ ਕੀਤਾ । ‘ਜਬੈ ਬਾਣ ਲਾਗੴੋ, ਤਬੈ ਰੋਸ ਜਾਗੴੋ’ ਕਹਿਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸਾਰਾ ਸਮਾਂ ਧਰਮ ਯੁੱਧਾਂ ਵਿਚ ਬੀਤਿਆ । ਇਕ ਵੀ ਯੁੱਧ ਜ਼ਰ, ਜ਼ੋਰੂ ਤੇ ਜ਼ਮੀਨ ਵਾਸਤੇ ਨਹੀਂ ਲੜਿਆ ਗਿਆ । ਨੀਲੇ ਦੇ ਸ਼ਾਹ ਸਵਾਰ, ਪ੍ਰਸ਼ਾਦੀ ਹਾਥੀਆਂ ਨੂੰ ਪਿਆਰ ਕਰਨ ਵਾਲੇ, ਤਾਜ਼, ਬਾਜ਼, ਸ਼ਸਤਰਾਂ ਦੇ ਧਾਰਨੀ ਦਸਮੇਸ਼ ਪਿਤਾ, ਨਾ ਸਾਜੋ ਨਾ ਬਾਜੋ••• ਦੀ ਅਵਸਥਾ ‘ਚ ਵੀ ਔਰੰਗਜ਼ੇਬ ਦੀ ਮਰ ਚੁੱਕੀ ਜ਼ਮੀਰ ਨੂੰ ਜਗਾਉਣ ਵਾਸਤੇ ਅਦੁੱਤੀ ਅਨੌਖੀ ਜੁਰਤ ਦਿਖਾਈ । ਸ਼ਹਿਨਸ਼ਾਹ ਔਰੰਗਜ਼ੇਬ ਨੂੰ ਉਸ ਦੀ ਅਸਲੀਅਤ ਤੋਂ ਜਾਣੂ ਕਰਾਉਂਦਿਆਂ ਤਾੜਨਾ ਕਰਦੇ ਹਨ ਕਿ ਸੰਸਾਰੀ ਤੌਰ ‘ਤੇ ਤੁੰੂ ਬਾਦਸ਼ਾਹ ਤਾਂ ਹੈਂ ਪਰ ਸੱਚਾਈ ਤੇ ਇਨਸਾਫ ਤੋਂ ਕੋਹਾਂ ਦੂਰ ਹੈਂ । ਤੈਨੂੰ ਨਾ ਅੱਲ੍ਹਾ ਤਾਲਾ ‘ਤੇ ਅਤੇ ਨਾ ਹੀ ਹਜ਼ਰਤ ਮੁਹੰਮਦ ‘ਤੇ ਯਕੀਨ–ਭਰੋਸਾ ਹੈ:

ਸ਼ਹਿਨਸ਼ਾਹਿ ਔਰੰਗਜ਼ੇਬ ਆਲਮੀਂ ॥

ਕਿ ਦਾਰਾਇ ਦੌਰ ਅਸਤੁ ਦੂਰ ਅਸਤ ਦੀਂ ॥੯੪॥

ਨ ਸਾਹਿਬ ਸ਼ਨਾਸੀ ਨ ਮਹੰਮਦ ਯਕੀਂ ॥੪੬॥ (ਜ਼ਫ਼ਰਨਾਮਾ)

ਚਮਕੌਰ ਦੀ ਕੱਚੀ ਗੜ੍ਹੀ ‘ਚ ਮੌਤ ਨਾਲ ਮਖੌਲਾਂ ਕਰਨ ਵਾਲੇ ਹਮਸ਼ਕਲ ਸੂਰਮੇ ਭਾਈ ਸੰਗਤ ਸਿੰਘ ਜੀ ਦੇ ਸੀਸ ‘ਤੇ ਕਲਗੀ ਸਜਾਉਂਦੇ ਹਨ । ਯੁੱਧ ਦੇ ਮੈਦਾਨ ਵਿਚ ਵੀ ‘ਸਭੇ ਸਾਝੀਵਾਲ ਸਦਾਇਨ’ ਦਾ ਉਪਦੇਸ਼ ਦ਼੍ਰਿੜ ਕਰਵਾਇਆ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਵਹਾਰਕ ਤੌਰ ‘ਤੇ ਵੀ ਵਿਲੱਖਣ ਧਾਰਮਿਕ ਆਗੂ ਹਨ ਜੋ ਯੁੱਧ ਦੇ ਮੈਦਾਨ ਵਿਚ ਆਸਾ ਕੀ ਵਾਰ ਦਾ ਕੀਰਤਨ ਕਰ ਸਕਦੇ ਹਨ ।  ਫਿਰ ਵੀ ਅਡੋਲਤਾ ਤੱØਕੋ ਪਾਵਨ–ਪਵਿੱਤਰ ਇਤਿਹਾਸਕ ਪਿਆਰੀ ਅਨੰਦਪੁਰੀ ਨੂੰ ਛੱਡਣ, ਸਰਸਾ ਨਦੀ ‘ਤੇ ਪਏ ਵਿਛੋੜੇ ਦੇ ਦਰਦ, ਚਮਕੌਰ ਦੇ ਅਸਾਵੇਂ ਯੁੱਧ ਪੁੱਤਰਾਂ ਤੋਂ ਪਿਆਰੇ ਤਿੰਨ ਪਿਆਰਿਆਂ, ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਲਾਡਲੇ ਸਿੰਘਾਂ ਦਾ ਸਦੀਵੀ ਵਿਛੋੜਾ, ਮਾਛੀਵਾੜੇ ਦੀ ਧਰਤੀ ‘ਤੇ ਸ਼ਾਹਾਂ ਦਾ ਸੁਲਤਾਨ ਕੰਡਿਆਲੀ ਧਰਤੀ ਨੂੰ ਸੱਥਰ ਬਣਾਉਣ ਉਪਰੰਤ ਵੀ ਮਿਤ਼੍ਰ ਪਿਆਰੇ ਨੂੰ ਯਾਦ ਕਰ ਉਚਾਰਣ ਕਰਦੇ ਹਨ ‘ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ’ ਇਹ ਅਵਸਥਾ ਹੈ ਮੁਖ ਤੇ ਹਰਿ ਚਿਤ ਮੈ ਜੁਧ ਬਿਚਾਰੈ । ਕਦੇ ਵੀ ਅਕਾਲ ਪੁਰਖ ਨੂੰ ਸ਼ਿਕਵਾ ਸ਼ਿਕਾਇਤ ਨਹੀਂ ਕਰਦੇ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਨੰਦ ਲਾਲ ਸਪੱਸ਼ਟ ਕਰਦੇ ਹਨ ਕਿ ਉਹ ਅਬਿਨਾਸ਼ੀ ਤਖ਼ਤ ‘ਤੇ ਬਿਰਾਜਮਾਨ ਸਰਬਪੱਖੀ ਸ਼ਖ਼ਸੀਅਤ ਦੇ ਮਾਲਕ ਹਨ, ਜਿਨ੍ਹਾਂ ਦੀਆਂ ਸਿੱਖਿਆਵਾਂ ਦਾ ਵਰਤਾਰਾ ਨੌਂ ਤਬਕਾਂ ਵਿਚ ਵਰਤਦਾ ਹੈ । ਤਿੰਨਾਂ ਲੋਕਾਂ, ਸਭ ਦਿਸ਼ਾਵਾਂ ਦੇ ਲੋਕ ਉਨ੍ਹਾਂ ਦੇ ਦਰਸ਼ਨਾਂ ਨੂੰ ਤਰਸਦੇ ਹਨ । ਲੱਖਾਂ ਈਸ਼ਰ, ਬਹ੍ਰਮਾ, ਅਰਸ਼–ਕੁਰਸ਼ ਉਸ ਦੀ ਸ਼ਰਨ ਵਿਚ ਆਉਣਾ ਲੋਚਦੇ ਹਨ । ਅਣਗਿਣਤ ਧਰਤ–ਅਕਾਸ਼ ਉਨ੍ਹਾਂ ਦੇ ਗੁਲਾਮ ਹਨ, ਸੈਂਕੜੇ ਹਜ਼ਾਰਾਂ ਚੰਨ–ਸੂਰਜ ਉਨ੍ਹਾਂ ਦਾ ਸਿਰੋਪਾਓ ਪਹਿਨਣਹਾਰੇ ਹਨ :

ਕਸਤਰੀ ਜ਼ਿ ਸਮਾਨਿ ਗੁਰੂ ਗੋਬਿੰਦ ਸਿੰਘ ॥

ਰੋਜ਼ਾ ਦੀਨ ਖਾਸਿ ਗੁਰੂ ਗੋਬਿੰਦ ਸਿੰਘ ॥

ਲਾਅਲ ਸਮੇਂ ਗੁਲਾਮਿ ਗੁਰੂ ਗੋਬਿੰਦ ਸਿੰਘ ॥ (ਭਾਨੀ ਨੰਦ ਲਾਲ)

ਸਮਕਾਲੀ ਵਿਦਵਾਨ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਬਿਆਨ ਕਰਨ ਤੋਂ ਅਸਮਰੱਥਾ ਪ੍ਰਗਟ ਕਰਦੇ ਹਨ । ਬਾਦਸ਼ਾਹ–ਦਰਵੇਸ਼ ਹੱਕ–ਹੱਕ ਆਦੇਸ਼, ਸ਼ਹਿਨਸ਼ਾਹ, ਕਹਿ ਸਤਿਕਾਰ ਕਰਦੇ ਹਨ । ਸ੍ਰੀ ਗੁਰੂ ਗੋਬਿੰਦ ਸਿੰਘ ਦੇ ਇਕ ਵਾਲ ਤੋਂ ਦੋ ਜਹਾਨ–ਕੁਰਬਾਨ ਕਰਨ ਨੂੰ ਉਤਾਵਲੇ ਹਨ ।

ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰਿਮਾ,

ਹਰ ਦੋ ਆਲਮ, ਕੀਮਤੇ ਬਨ ਤਾਰ ਮੂਏ ਯਾਰਿਮਾ ॥

ਭਾਈ ਨੰਦ ਲਾਲ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਲਾਮ ਸਗ–ਕੂਕਰ ਸਦਵਾਉਣ ‘ਚ ਮਾਣ ਮਹਿਸੂਸ ਕਰਦਾ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸਦਵਾਉਣ ਵਾਲੇ ਨੂੰ ਆਪਣੇ ਗੁਰੂ ਪ੍ਰਤੀ ਸਮਰਪਣ ਭਾਵਨਾ ਤੇ ਸਥਿਤੀ ਬਾਰੇ ਸੋਚਣਾ ਪਵੇਗਾ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸੱਚੇ–ਸੁੱਚੇ ਸਿੱਖ/ ਸੇਵਾ–ਸਿਮਰਨ, ਸੰਤੋਖ, ਸਹਿਜ ਦੇ ਧਾਰਨੀ ਸਿੱਖਾਂ ਵਾਸਤੇ ਪਹਿਰੇਦਾਰੀ ਕਰਨ ਤੇ ਪਰਿਵਾਰ ਨੂੰ ਵਾਰਦੇ ਹਨ । ਭਾਈ ਨੰਦ ਲਾਲ ਜੀ ਵਰਗੇ ਵਿਦਵਾਨ ਕਵੀ–ਸਾਹਿਤਕਾਰ, ਭਾਈ ਘਨਈਆ ਵਰਗੀਆਂ ਸੇਵਾ–ਸਿਮਰਨ ਨੂੰ ਸਮਰਪਿਤ ਸ਼ਖ਼ਸੀਅਤਾਂ ਬਿਖੜੇ ਤੋਂ ਬਿਖੜੇ ਸਮੇਂ ਵੀ ਸਦੀਵੀ ਖਿੜਾਓ ਦਾ ਪ੍ਰਗਟਾਅ ਕਰਦੀਆਂ ਹਨ । ਭਾਈ ਘਨਈਆ ਜੀ ਜੰਗ ਦੇ ਮੈਦਾਨ ਵਿਚ ਦੋਸਤਾਂ–ਦੁਸ਼ਮਣਾਂ ਤੱਕ ਪਾਣੀ ਨਹੀਂ ਪਿਲਾਉਂਦੇ । ਉਹ ਤਾਂ ਹਰੇਕ ‘ਚ ਮਾਨਵਤਾ ਦੇ ਗੁਰੂ, ਗੁਰੂ ਗੋਬਿੰਦ ਸਿੰਘ ਨੂੰ ਤੱਕਦੇ ਹਨ । ਜਾਹਰ ਪੀਰ, ਪੀਰ ਬੁੱਧੂ ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਮੁਕਤੀ ਦਾਤਾ ਮੰਨਦੇ, ਸ਼ਿਵਦੱਤ ਵਰਗੇ ਬ੍ਰਾਹਮਣ ਨੂੰ ਵੀ ਆਪ ‘ਤੇ ਹੀ ਭਰੋਸਾ ਸੀ । ਨਿਹੰਗ ਖਾਂ, ਗਨੀ ਖਾਂ, ਨਬੀ ਖਾਂ, ਮਾਨਵਤਾ ਦੇ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਖੁਦਾ ਰੂਪ ਜਾਣ ਐਵੇਂ ਨਹੀਂ ਸੱਚ ਨਾਲੋਂ ਪਵਿੱਤਰ ਝੂਠ ਬੋਲਦੇ ਹਨ । ਮਾਈ ਭਾਗੋ ਐਵੇਂ ਨਹੀਂ ਬੁਜ਼ਦਿਲਾਂ ਨੂੰ ਬੀਰਤਾ–ਬਹਾਦਰੀ ਪ੍ਰਦਾਨ ਕਰਦੀ । ਭਾਈ ਬੀਰ ਸਿੰਘ–ਧੀਰ ਸਿੰਘ ਐਵੇਂ ਨਹੀਂ ਗੋਲੀ ਦਾ ਨਿਸ਼ਾਨਾ ਬਨਣ ਲਈ ਛਾਤੀ ਤਾਣਦੇ । ਧਰਮ ਬਦਲੀ ਦੀ ਜਬਰ–ਜ਼ੁਲਮ ਦੀ ਕਹਾਣੀ ਨੂੰ ਵੀ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਰੋਕਦੇ ਹਨ । ਸਾਈਂ ਬੁੱਲੇ ਸ਼ਾਹ ਦੇ ਸ਼ਬਦਾਂ ‘ਚ:

ਨ ਕਹੋ ਅਬ ਕੀ ਨ ਕਹੋ ਤਬ ਕੀ ਬਾਤ ਕਹੂੰ ਮੈਂ ਜਬ ਕੀ,

ਅਗਰ ਨ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ।

ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਇਕ ਹੀ ਇਸਲਾਮੀ ਰਾਜ ਸਤਾ ਦੀ ਸਥਾਪਤੀ ਕਰਨੀ ਚਾਹੁੰਦਾ ਹੈ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੁਦਰਤੀ, ਧਰਮ, ਸਮਾਜ, ਰਾਜ ਦੀ ਵੰਨ–ਸੁਵੰਨਤਾ ਦੇ ਵਿਰੁੱਧ ਮੰਨਦੇ ਹਨ । ਗੁਰੂ ਜੀ ਸਪੱਸ਼ਟ ਕਰਦੇ ਹਨ ਵਿਿਭੰਨਤਾ ਬਹੁ ਰੰਗੀ ਤੇ ਬਹੁ ਭਾਂਤੀ ਹੈ, ਜੋ ਕੁਦਰਤੀ ਕਾਨੂੰਨ ਦੇ ਅਨੁਸਾਰੀ ਹੈ :

ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ

ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ ॥

ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ ॥

ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨਯਾਵੈ

ਤਿੱਬਤੀ ਧਿਆਇ ਦੋਖ ਦੇਹ ਕੋ ਦਲਤ ਹੈਂ ॥

ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ

ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈਂ ॥੨੫੫ (ਅਕਾਲ ਉਸਤਤਿ)

ਭਾਈ ਸੰਤੋਖ ਸਿੰਘ ਦੇ ਸ਼ਬਦਾਂ ‘ਚ ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਗਟ ਨਾ ਹੁੰਦੇ ਤਾਂ ਕੁਦਰਤੀ ਵੰਨ ਸੁਵੰਨਤਾ ਖਤਮ ਹੋ ਜਾਣੀ ਸੀ ਤੇ ਇਸਲਾਮਕ ਏਕਤਾ ਸਥਾਪਤ ਹੋਣੀ ਸੀ । ਇਸਲਾਮ ਦਾ ਬੋਲਬਾਲਾ ਹੋਣਾ ਸੀ । ਦੇਵੀ–ਦੇਵਤੇ, ਦੇਹਰੇ, ਮੰਦਰ ਖਤਮ ਹੋ ਜਾਣੇ ਸਨ ਤੇ ਇਸ ਧਰਤੀ ਤੋਂ ਵੇਦਾਂ–ਪੁਰਾਣਾਂ ਦੀ ਕਥਾ–ਵਿਚਾਰ ਮਿਟ ਜਾਣੀ ਸੀ । ਸਾਹਿਤਕ ਕਿਰਤਾਂ ਦਾ ਵੀ ਵਿਨਾਸ਼ ਹੁੰਦਾ ਜੇਕਰ ਕਿਰਪਾ ਨਿਧਾਨ ਸ੍ਰੀ ਗੁਰੂ ਗੋਬਿੰਦ ਸਿੰਘ ਪੈਦਾ ਨਾ ਹੁੰਦੇ :

ਛਾਇ ਜਾਤੀ ਏਕਤਾ, ਅਨੇਕਤਾ ਬਿਲਾਇ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ ।

ਪਾਪ ਹੀ ਪ੍ਰਪੱਕ ਜਾਤੇ, ਧਰਮ ਧਸੱਕ ਜਾਤੇ, ਬਰਨ ਗਰਕ ਜਾਤੇ, ਸਾਹਿਤ ਬਿਧਾਨ ਕੀ ।

ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ।

ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨ ਹੋਤੀ ਜਉ ਪੈ ਕਰੁਣਾ ਨਿਧਾਨ ਕੀ ।

ਦੂਸਰਿਆਂ ਦੀ ਹੋਂਦ ਨੂੰ ਸਵੀਕਾਰਣ ਮੰਨਣ ਵਾਸਤੇ ਗੁਲਾਮ ਭਾਰਤ ਵਾਸੀਆਂ ‘ਚ ਅਹਿਸਾਸੇ ਕਮਤਰੀਂ ਨੂੰ ਨਾਸ਼ ਕਰ–ਸਵੈਮਾਣ ਭਰੋਸੇ ਦਾ ਅਹਿਸਾਸ ਕਰਵਾਇਆ।

ਸਿਰਮੌਰ–ਸੂਰਬੀਰ, ਸੰਤ–ਸਿਪਾਹੀ ਸੈਨਾਪਤੀ, ਸਾਹਿਤਕਾਰ, ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹ–ਸਤਹੀਣ ਮੁਰਦਾ ਲੋਕਾਈ, ਜਿਨ੍ਹਾਂ ਸੁਪਨੇ ‘ਚ ਵੀ ਕਦੇ ਸਿਰਦਾਰੀ–ਬਾਦਸ਼ਾਹੀ ਬਾਰੇ ਨਹੀਂ ਸੀ ਸੋਚਿਆ ਤੇ ਉਨ੍ਹਾਂ ਦੀਆਂ ਪੀੜ੍ਹੀਆਂ ਨੂੰ ਸਿਰਦਾਰੀਆਂ–ਬਾਦਸ਼ਾਹੀਆਂ ਦੀਆਂ ਬਖਸ਼ਿਸ਼ਾਂ ਨਾਲ ਨਿਵਾਜ਼ਿਆ । ਦੁਨਿਆਵੀ ਬਾਦਸ਼ਾਹੀ ਦੀ ਥਾਂ ਰੂੁਹਾਨੀ ਸਲਤਨਤ ਦੀ ਸਥਾਪਤੀ ਕੀਤੀ । ਉਨ੍ਹਾਂ ਧਰਤੀ ‘ਤੇ ਸੰਗਤੀ ਬਾਦਸ਼ਾਹੀ ਸਥਾਪਿਤ ਕੀਤੀ । ਜਿਥੇ ਪਸ਼ੂਆਂ, ਚੂਹਿਆਂ, ਮੁਰਦਿਆਂ, ਮੂਰਤਾਂ ਆਦਿ ਨੂੰ ਪੂਜਿਆ ਜਾਂਦਾ ਸੀ ਪਰ ਅਖੌਤੀ ਨੀਵੀਂ ਜਾਤ ਦੀ ਕਿਰਤੀ ਸ਼੍ਰੇਣੀ ਨਾਲ ਨਫ਼ਰਤ ਈਰਖਾ ਕੀਤੀ ਜਾਂਦੀ ਸੀ । ਚੂਹਿਆਂ ਦੀ ਜੂਠ ਪ੍ਰਸ਼ਾਦ ਸਮਝ ਕੇ ਖਾਧੀ ਜਾਂਦੀ ਪਰ ਸ਼ੁੂਦਰ ਦੇ ਪਰਛਾਵੇਂ ਨਾਲ ਭਿਟੇ ਜਾਂਦੇ । ਨਾਨਕ ਨਿਰਮਲ ਪੰਥ ਦੀ ਸਿਰਜਣਾ ਲਈ ਗੁਰੂ ਨਾਨਕ ਮੰਦਰਾਂ, ਮਸਜਿਦਾਂ, ਮਜਲਸਾਂ, ਮਠਾ ‘ਚ ਗਏ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੂਹਾਨੀ ਸਲਤਨਤ ਦੀ ਸਥਾਪਤੀ ਲਈ ਗੁਰੂ ਸਾਹਿਬ ਜੀ ਨੇ ਹਿੰਦੂ ਸਮਾਜ ਦੀ ਬਾਸੀ ਵਿਚਾਰਧਾਰਾ ਰੂਪੀ ਰਸਮਾਂ ਦੀ ਥਾਂ ਤਰੋ–ਤਾਜ਼ਾ ਸਾਹਿਤਕ ਸਰਮਾਇਆ, ਨਵੀਂ ਨਰੋਈ ਵਿਚਾਰਧਾਰਾ ਰੂਪੀ ਸ਼ੇਰਵਾਨੀ ਪ੍ਰਦਾਨ ਕੀਤੀ । ਜਿਸ ਨੂੰ ਅੰਦਰੂਨੀ ਤੇ ਬਹਿਰੂਨੀ ਤੌਰ ‘ਤੇ ਬਾਣੀ ਤੇ ਬਾਣੇ ਦੇ ਰੂਪ ‘ਚ ਧਾਰਨ ਕਰਕੇ ਗਰੀਬ ਸ਼ੂਦਰ ਬਾਦਸ਼ਾਹ, ਸ਼ਹਿਨਸ਼ਾਹ, ਸਿਕਦਾਰ ਸਦਵਾਏ । ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ, ਅਕਾਲੀ ਹਿੰਮਤ, ਖ਼ੁਦ ਗੁਰਦੇਵ ਜੀ ਨੇ ਖਾਲਸੇ ਨੂੰ ਖ਼ੁਦਾਈ ਸ਼ਕਤੀਆਂ ਪ੍ਰਦਾਨ ਕੀਤੀਆਂ, ਖ਼ਾਲਸਾ ਹੋਆ ਖ਼ੁਦ–ਖ਼ੁਦਾ ।

ਅਨੰਦਪੁਰ ਸਾਹਿਬ ਛੱਡ ਕੇ, ਚਮਕੌਰ ਦੀ ਕੱਚੀ ਗੜ੍ਹੀ ‘ਚ ਸੰਸਾਰ ਦਾ ਅਸਾਵਾਂ ਯੁੱਧ ਲੜਿਆ, ਮਾਛੀਵਾੜੇ, ਰਾਏ ਕੋਟ ਤੋਂ ਹੁੰਦੇ ਹੋਏ ਦੀਨਾ ਕਾਂਗੜ ਪਹੁੰਚੇ । ਜ਼ਫਰਨਾਮੇ ‘ਚ ਕਰਤਾਰੀ ਸ਼ਕਤੀ, ਸਵੈ–ਭਰੋਸੇ ਤੇ ਸਵੈਮਾਣ ਦਾ ਪ੍ਰਗਟਾਅ ਕਰਦਿਆਂ ਦੀਨਾ ਕਾਂਗੜ ਤੋਂ ਸਮੇਂ ਦੇ ਬਾਦਸ਼ਾਹ ਨੂੰ ਸੱਚ ਤੋਂ ਸੁਚੇਤ ਸਾਵਧਾਨ ਕੀਤਾ । ਚਮਕੌਰ ਸਾਹਿਬ ‘ਚ ਸੰਸਾਰ ਦੇ ਸਭ ਤੋਂ ਅਸਾਵੇਂ ਯੁੱਧ ‘ਚ ਇਕ ਪਾਸੇ ਚਾਲੀ ਭੁੱਖੇ ਭਾਣੇ ਗੁਰੂ ਪਿਆਰੇ ਗੁਰਸਿੱਖ ਤੇ ਦੂਸਰੇ ਪਾਸੇ ਦਸ ਲੱਖ ਬਾਦਸ਼ਾਹੀ ਫ਼ੌਜਾਂ ਦਾ ਘੇਰਾ । ਗੁਰੂ ਸਾਹਿਬ ਖੁਦ ਅੱਖੀਂ ਦੇਖ ਅਦਭੁੱਤ ਨਜ਼ਾਰੇ ਨੂੰ ਬਿਆਨ ਕਰਦੇ ਹਨ:

ਗੁਰਸਨਹ ਚਿਕਾਰੇ ਕੁਨਦ ਚਿਹਲ ਨਰ ॥

ਕਿ ਦਹ ਲਖ ਬਰਾਯਦ ਬਰੋ ਬੇਖ਼ਬਰ ॥  (ਜ਼ਫ਼ਰਨਾਮਾ)

ਨੀਲੇ ਦਾ ਸ਼ਾਹ–ਸਵਾਰ, ਕਲਗੀਧਰ ਪਿਤਾ, ਸੰਸਾਰ ਦਾ ਸ਼ਹਿਨਸ਼ਾਹ ਬਾਜ਼–ਤਾਜ ਦਾ ਧਾਰਨੀ :

ਨਾ ਸਾਜ਼ੋ ਨਾ ਬਾਜ਼ੋ ਨਾ ਫ਼ੌਜ਼ੋ ਨਾ ਫ਼ਰਸ਼ ॥

ਖ਼ੁਦਾਵੰਦ ਬਖ਼ਸ਼ਿੰਦਹਿ ਐਸ਼ਿ ਅਰਸ਼ ॥  (ਜ਼ਫ਼ਰਨਾਮਾ)

ਦੀ ਅਵਸਥਾ ‘ਚ ਵੀ ਦਸਮੇਸ਼–ਪਿਤਾ ਅਕਾਲ ਪੁਰਖ ਦੀਆਂ ਬਖ਼ਸ਼ਿਸ਼ਾਂ ਦਾ ਸ਼ੁਕਰਾਨਾ ਕਰਦੇ ਹਨ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਜੀਵਨ ‘ਚ ਚੜ੍ਹਦੀ ਕਲਾ ਹੈ । ਹੁਲਾਸ, ਖੇੜਾ, ਸਵੈ ਵਿਸ਼ਵਾਸ, ਭਰੋਸਾ ਹੈ, ਨਹੀਂ ਹੈ ਤਾਂ ਕਿਧਰੇ ਅਰਾਮ, ਆਲਸ, ਸ਼ਿਕਨ–ਸ਼ਿਕਵਾ ਤੇ ਸ਼ਿਕਾਇਤ । ਸ਼ਿਕਵੇ–ਸ਼ਿਕਾਇਤਾਂ ਦੀ ਥਾਂ ਸਤਿਗੁਰੂ ਜੀ ਚੜ੍ਹਦੀ ਕਲਾ, ਹੁਲਾਸ ਦਾ ਪ੍ਰਗਟਾ ਇਨ੍ਹਾਂ ਸ਼ਬਦਾਂ ‘ਚ ਕਰਦੇ ਹਨ :

ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ ॥

ਕਿ ਬਾਕੀ ਬਮਾਂਦਸਤੁ ਪੇਚੀਦਹ ਮਾਰ ॥  (ਜ਼ਫ਼ਰਨਾਮਾ)

ਚਮਕੌਰ ਦੀ ਗੜ੍ਹੀ ‘ਚ ਦੁਸ਼ਮਣਾਂ ਨੂੰ ਤੀਰ ਮਾਰਦੇ ਨਹੀਂ, ਬਖਸ਼ਿਸ਼ ਕਰਕੇ ਜੀਵਨ–ਮੁਕਤ ਕਰਦੇ ਹਨ । ਮਾਨਵਤਾ ਦਾ ਗੁਰੂ, ਗੁਰੂ ਗੋਬਿੰਦ ਸਿੰਘ ਹੀ ਇਸ ਤਰ੍ਹਾਂ ਕਰ ਸਕਦਾ ਹੈ । ਗੁਰੂ ਜੀ ਸਪੱਸ਼ਟ ਕਰਦੇ ਹਨ_ਔਰੰਗਜ਼ੇਬ ! ਜੇਕਰ ਤੇਰਾ ਜਰਨੈਲ ਖਵਾਜ਼ਾ ਮਰਦੂਦ ਦੀਵਾਰ ਦੇ ਉਹਲੇ ਨਾ ਹੁੰਦਾ ਤਾਂ ਮੈਂ ਇਕ ਤੀਰ ਉਸਨੂੰ ਵੀ ਬਖਸ਼ਿਸ਼ ਕਰ ਦੇਣਾ ਸੀ:

ਕਿ ਆਂ ਖ੍ਵਾਜਹ ਮਰਦੂਦ ਸਾਯਹ ਦਿਵਾਰ ॥

ਨਯਾਮਦ ਬ ਮੈਦਾਂ ਬ ਮਰਦਾਨ ਵਾਰ ॥੩੪॥

ਦਰੇਗਾ ! ਅਗਰ ਰੂਇ ਓ ਦੀਦਮੇ ॥

ਬ ਯਕ ਤੀਰ ਲਾਚਾਰ ਬਖ਼ਸ਼ੀਦਮੇ ॥੩੫॥ (ਜ਼ਫ਼ਰਨਾਮਾ)

ਤੇਗ ਦੇ ਧਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਲਮ ਦੇ ਫੱਟ ਨਾਲ ਔਰੰਗਜ਼ੇਬ ਐਸਾ ਜ਼ਖ਼ਮੀ ਹੋੋੋਇਆ ਫਿਰ ਕਫ਼ਨ–ਦਫ਼ਨ ਨੂੰ ਪ੍ਰਾਪਤ ਹੋਇਆ ।

ਮੁਕਤਸਰ ਦੀ ਧਰਤ ਸੁਹਾਵੀ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਟੂਟੀ ਗਾਢਣਹਾਰ ਗੋਪਾਲ ਦਾ ਬਿਰਦ ਪਾਲਿਆ । ਤਖ਼ਤ, ਸ੍ਰੀ ਦਮਦਮਾ ਸਾਹਿਬ ਦੀ ਧਰਤੀ ‘ਤੇ ਗੁਰੂ ਕਾਸ਼ੀ ਸਥਾਪਿਤ ਕਰ, ਗੁਰੂ–ਪਿਤਾ–ਗੁਰੂ ਤੇਗ ਬਹਾਦਰ ਜੀ ਦੀ ਪਾਵਨ ਗੁਰਬਾਣੀ ਆਦਿ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਸ਼ਾਮਲ ਕਰਕੇ ਸੰਪੂਰਨਤਾ ਪ੍ਰਦਾਨ ਕੀਤੀ । ਸ਼ਬਦ–ਵੀਚਾਰ ਦੀ ਪਰੰਪਰਾ ਤੋਰੀ । ਡੱਲੇ ਦੇ ਸਿਦਕ ਦੀ ਪਰਖ ਕੀਤੀ । ਭਾਈ ਬੀਰ ਸਿੰਘ, ਭਾਈ ਧੀਰ ਸਿੰਘ ਦੇ ਗੁਰੂ ਭਰੋਸੇ ਨੂੰ ਪ੍ਰਗਟ ਕੀਤਾ । ਲੰਮੇ ਵਿਛੋੜੇ ਉਪਰੰਤ ਮਾਤਾ ਸੁੰਦਰੀ ਜੀ ਦੀ ਤੇ ਮਾਤਾ ਸਾਹਿਬ ਦੇਵ ਜੀ ਵੀ ਦਮਦਮਾ ਸਾਹਿਬ ਦੀ ਧਰਤੀ ‘ਤੇ ਗੁਰਦੇਵ ਪਿਤਾ ਨੂੰ ਮਿਲਦੇ ਹਨ ਤੇ ਆਪਣੇ ਸਾਹਿਬਜ਼ਾਦਿਆਂ ਬਾਰੇ ਪੁਛਦੀਆਂ ਹਨ । ਜੁਆਬ ਵਿਚ ਸਤਿਗੁਰੂ ਪੰਥ ਨਾਲ ਕੀਤੇ ਇਕਰਾਰ ਨੂੰ ਪੂਰਾ ਕਰਦੇ ਹਨ । ਗੁਰਦੇਵ ਪਿਤਾ ਨੇ ਆਪਣੇ ਪਿਆਰੇ ਗੁਰਸਿੱਖਾਂ ਨਾਲ ਕੀਤਾ ਹਰ ਇਕਰਾਰ ਇਨ–ਬਿਨ ਪੂਰਾ ਕੀਤਾ:

ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ।

ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ ।

 ‘ਨ ਹਮ ਹਿੰਦੂ ਨ ਮੁਸਲਮਾਨ’ ਦੇ ਸਿਧਾਂਤ ਨੂੰ ਮੰਨਣ ਵਾਲੇ ਕਲਗੀਧਰ ਪਿਤਾ ਕਿਧਰੇ ਹਿੰਦੂ ਧਰਮ ਦੀ ਅਜ਼ਮਤ ਵਾਸਤੇ ਪਿਤਾ–ਗੁਰੂ, ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਵਾਸਤੇ ਤੋਰਦੇ ਹਨ ਤੇ ਦੂਸਰੇ ਪਾਸੇ ਕੌਮ ਦੇ ਜਾਨੀ ਦੁਸ਼ਮਣ ਮੁਸਲਮਾਨਾ ਬਾਦਸ਼ਾਹ ਔਰੰਗਜ਼ੇਬ ਦੇ ਸਪੁੱਤਰ ਬਹਾਦਰ ਸ਼ਾਹ ਨੂੰ ਬਾਦਸ਼ਾਹਤ ਦਿਵਾਉਣ ਵਾਸਤੇ ਸਿੱਖ ਸੈਨਿਕ ਸ਼ਕਤੀ ਦੀ ਸਹਾਇਤਾ ਪ੍ਰਦਾਨ ਕਰਦੇ ਹਨ । ਬਾਦਸ਼ਾਹੀ ਠਾਠ–ਬਾਠ ਨਾਲ ਬਾਦਸ਼ਾਹ ਬਹਾਦਰ ਸ਼ਾਹ ਨਾਲ ਮੁਲਾਕਾਤ ਕੀਤੀ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਾਵਨ ਬਾਣੀਆਂ–ਸਾਹਿਤਕ ਕਿਰਤਾਂ, ਦਸਮ ਗ੍ਰੰਥ ਦੇ ਰੂਪ ‘ਚ ਸੁਰੱਖਿਅਤ ਹਨ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਾਵਨ ਬਾਣੀਆਂ ਜਾਪ ਸਾਹਿਬ, ‘ਚੋਂ ਚਕਰ ਚਿਹਨ ਤੋ ਨਿਆਰੇ–ਸਦਾ ਅੰਗ ਸੰਗੇ ਅਭੰਗੰ ਬਿਭੂਤੇ ਪ੍ਰਭੂ–ਪਰਮਾਤਮਾ ਦੇ ਸਰਬ–ਨਾਵਾਂ ਦੇ ਦਰਸ਼ਨ, ਸਵੈਯੇ ‘ਚੋਂ ਵਹਿਮਾਂ–ਭਰਮਾਂ ਦਾ ਖੰਡਨ, ਕੂਰ ਕ੍ਰਿਆ ‘ਚ ਉਲਝੀ ਲੋਕਾਈ ਦੀ ਸਥਿਤੀ ਤੋਂ ਨਿਕਲਣ ਲਈ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ’ ਦੇ ਮਾਰਗ ‘ਤੇ ਚੱਲਣ ਦਾ ਉਪਦੇਸ਼, ਅਕਾਲ ਉਸਤਤਿ ‘ਚੋਂ ਤੂਹੀ–ਤੂਹੀ ਦੀ ਇਲਾਹੀ–ਅਗੰਮੀ ਧੁਨੀ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦਾ ਸੰਦੇਸ਼, ਬਚਿਤ਼੍ਰ ਨਾਟਕ ‘ਚੋਂ ਕਰਤਾਰੀ ਸ਼ਖ਼ਸੀਅਤ ਦੀ ਸਵੈ–ਜੀਵਨੀ, ਜੀਵਨ–ਉਦੇਸ਼ ਧਰਮ ਚਲਾਵਨ ਸੰਤ ਉਬਾਰਨ, 24 ਅਵਤਾਰ ਦੀ ਕਥਾ–ਕਹਾਣੀ ਬਿਆਨ ਕਰਦਿਆਂ ਤੱਤ ਸਾਰ ‘ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੈ ਨਹੀ ਆਨਯੋ’ ਦਰਸਾਇਆ । ਜ਼ਫ਼ਰਨਾਮੇ ‘ਚ ਸੁਤੰਤਰ ਸਿੱਖ ਸੋਚ ‘ਸਚੁ ਸੁਣਾਇਸੀ ਸਚ ਕੀ ਬੇਲਾ’ ਦਾ ਉਪਦੇਸ਼ ਔਰੰਗਜ਼ੇਬ ਨੂੰ ਦ਼੍ਰਿੜ੍ਹ ਕਰਵਾਇਆ । ਰਾਮ–ਕ੍ਰਿਸ਼ਨ ਅਵਤਾਰ ‘ਚ ਮਿਿਥਹਾਸਕ ਹਵਾਲਿਆਂ ਤੋਂ ਬਾਅਦ ਗੁਰਮਤਿ ਦਾ ਸਿਧਾਂਤ, ‘ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤਿ ਏਕ ਨ ਮਾਨਿਯੋ’ ਹੈ, ‘ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ’ ਦ਼੍ਰਿੜ੍ਹ ਕਰਵਾਇਆ । ਭੁਲਿਆਂ–ਭਟਕਿਆਂ ਨੂੰ ਪ੍ਰੇਮ ਗਲਵਕੜੀ ਲੈਣ ਉਪਰੰਤ ਮੁਕਤਿ ਭੁਗਤਿ ਦੀ ਬਖਸ਼ਿਸ਼ ਕੀਤੀ । ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਇਕ ਵਿਲੱਖਣ ਸਿਧਾਂਤ, ਵਿਧੀ–ਵਿਧਾਨ, ਲੈਅ ਤੇ ਸੰਗੀਤ ਦਾ ਸੁਮੇਲ ਹੈ :

ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਭੈ ਹੈ ॥ (ਅਕਾਲ ਉਸਤਤਿ)

ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ ਦ੍ਰਿੜ੍ਹ ਕਰਾਉਂਦਿਆਂ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ’  ਦਾ ਮਾਰਗ ਦੱਸਿਆ । ਮਸੰਦਾਂ ਦੀ ਸ਼ਖ਼ਸੀਅਤ–ਪ੍ਰਸਤੀ ਦੀ ਸ਼ਕਤੀ ਨੂੰ ਸਾੜ ਸੁਆਹ ਕਰ, ਸਿੱਖਾਂ ਨੂੰ ਸਿੱਧਾ ਜਾਗਤ ਜੋਤਿ ਅਕਾਲ ਪੁਰਖ ਦੇ ਪੁਜਾਰੀ ਬਣਾਇਆ । ਕਰਤਾਰੀ ਸ਼ਕਤੀਆਂ ਦੇ ਮਾਲਕ ਹੁੰਦਿਆਂ, ਅਕਾਲ ਰੂਪ ਹੋਣ ਦੇ ਬਾਵਜੂਦ ਇਹ ਕਹਿਣਾ ‘ਮੈ ਹੋ ਪਰਮ ਪੁਰਖ ਕੋ ਦਾਸਾ, ਦੇਖਨ ਆਯੋ ਜਗਤ ਤਮਾਸਾ’  (ਬਚਿਤ੍ਰ ਨਾਟਕ) ਦੀ ਹਿੰਮਤ, ਦਲੇਰੀ, ਸਾਹਸ ਨਿਮਰਤਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਦਿਖਾਈ । ਇਹ ਸੱਚ ਹੈ, ਗੁਰੂ ਜੀ ਨੇ ਇਸ ਸੰਸਾਰ ਨੂੰ ਤਮਾਸ਼ਾ ਹੀ ਤੱਕਿਆ । ਸੁਖੀ ਜੀਵਨ ਦਾ ਸੰਦੇਸ਼ ਸਤਿਗੁਰੂ ਜੀ ਨੇ ਅਲਪ–ਅਹਾਰ ਰਾਹੀਂ ਸਦੀਆਂ ਪਹਿਲਾਂ ਦ਼੍ਰਿੜ੍ਹ ਕਰਵਾ ਦਿੱਤਾ ।

ਨੰਦੇੜ ਦੀ ਪਾਵਨ ਧਰਤੀ ‘ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫ਼ਤਹਿ ਦੀ ਬਾਦਸ਼ਾਹੀ ਬਖਸ਼ਿਸ਼ ਕਰ, ਸਮਰੱਥ–ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਂਉਂਦੇ ਹਨ ਅਤੇ ਖਾਲਸੇ ਨੂੰ,‘ਸਬਦ-ਗੁਰੂ’ ਨੂੰ ਸਦੀਵੀ ਗੁਰੁ ਸਵੀਕਾਰਨ ਦਾ ਹੁਕਮ ਕਰਦੇ ਹਨ । ਗੁਰਦੇਵ ਪਿਤਾ ਆਪਣੇ ਤਿੰਨ ਰੂਪਾਂ ਬਾਰੇ ਸਪੱਸ਼ਟ ਕਰਦੇ ਹਨ:

ਤੀਨ ਰੂਪ ਹੈਂ ਮੋਹਿ ਕੇ ਸੁਣਹੁ ਨੰਦ ਚਿਤ ਲਾਇ,

ਨਿਰਗੁਣ ਸਰਗੁਣ ਗੁਰ ਸਬਦ ਕਹੋ ਤੋਹਿ ਸਮਝਾਇ ॥•••

ਜੋ ਸਿੱਖ ਗੁਰ ਦਰਸਨ ਦੀ ਚਾਹਿ ਦਰਸਨ ਕਰੇ ਗ੍ਰੰਥ ਜੀ ਆਹਿ ॥

ਸ਼ਬਦ ਗੁਰੂ ਦੇ ਦਰਸ਼ਨਾਂ ਬਾਰੇ ਸਪੱਸ਼ਟ ਕੀਤਾ ਹੈ:

ਸ਼ਬਦ ਸੁਣੇ ਗੁਰ ਹਿਤ ਚਿਤ ਲਾਇ, ਗਿਆਨ ਸ਼ਬਦ ਗੁਰ ਸੁਣੇ ਸੁਣਾਇ ॥

ਹਮੇਸ਼ਾਂ ਵਾਸਤੇ ਸਿੱਖ–ਸੇਵਕਾਂ ਨੂੰ ‘ਸਬਦ –ਗੁਰੂ’ ਨੂੰ ਸੀਸ ਨਿਵਾਉਣ ਦਾ ਹੁਕਮ ਕਰਦੇ ਹਨ ।

 ਪੰਥ ਨੇ ਗੁਰੂ–ਪਦਵੀ ਦੇ ਅਧਿਕਾਰ ਦੀ ਵਰਤੋਂ ਅਨੰਦਪੁਰ ਸਾਹਿਬ, ਚਮਕੌਰ ਦੀ ਗੜ੍ਹੀ, ਦਾਦੂ ਦਵਾਰੇ ਦੇ ਥਾਵਾਂ ‘ਤੇ ਪ੍ਰਤੱਖ ਰੂਪ ‘ਚ ਕੀਤੀ । ਗੁਰਦੇਵ ਪਿਤਾ ਨੇ ਗੁਰੂ–ਪੰਥ ਦਾ ਜਜ਼ਬਾ, ਤੇਜ਼ ਤੇ ਚੇਤਨਤਾ ਵੇਖਣ ਵਾਸਤੇ ਦਾਦੂ ਦੀ ਸਮਾਧ ਨੂੰ ਤੀਰ ਨਾਲ ਨਮਸਕਾਰ ਕੀਤੀ । ਜਿਹੜਾ ਖਾਲਸਾ–ਪੰਥ ਗੁਰੂ ਤੋਂ ਵਾਰਨੇ ਜਾਂਦਿਆਂ ਆਪਣੀ ਖੱਲੜੀ ਲੁਹਾ ਲੈਂਦਾ ਸੀ ਉਸ ਨੇ ਆਪਣੇ ਗੁਰੂ–ਪੰਥ ਦੇ ਰੂਹਾਨੀ ਅਧਿਕਾਰ ਤੇ ਤੇਜ਼ ਦੀ ਵਰਤੋਂ ਕਰਦਿਆਂ ਗੁਰੂ ਜੀ ਨੂੰ ਤਨਖਾਹ ਵੀ ਲਾਈ, ਗੁਰੂ ਜੀ ਨੇ ਸਤ–ਬਚਨ ਕਹਿ ਪ੍ਰਵਾਨ ਕੀਤੀ । ਕਰਤਾਰ ਸਿੰਘ ਕਲਾਸਵਾਲੀਏ ਨੇ ਗੁਰੂ ਜੀ ਬਾਰੇ ਖੂਬ ਕਿਹਾ ਕਿ ਗੁਰਦੇਵ ਪਿਤਾ ਨੇ ਆਪਣੇ ਖਾਲਸਾ ਪੰਥ ਤੋਂ ਸਭ ਕੁਝ ਵਾਰ ਦਿੱਤਾ :

ਐ ਪੰਥ ਤੂੰ ਸੁਣ ਲੈ ਦੋ ਗੱਲਾਂ, ਕਿਵੇਂ ਗੁਰੂ ਜੀ ਹੈਨ ਗੁਜ਼ਰਾਨ ਕਰ ਗਏ ।

ਇਕ ਗੱਦੀ ਗੁਰਿਆਈ ਦੀ ਕੋਲ ਹੈਸੀ ਉਹ ਵੀ ਜਾਂਦੀ ਵਾਰੀ ਤੈਨੂੰ ਦਾਨ ਕਰ ਗਏ ।

ਸ਼ਬਦ–ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਧਰਮ, ਜਾਤੀ, ਨਸਲ ਤੀਕ ਸੀਮਤ ਗੁਰੂ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਗਿਆਨ ਦੇ ਮਹਾਂਸਾਗਰ ਦੇ ਰੂਪ ‘ਚ ਗੁਰੂ ਹੈ, ਜਿਸ ਨੂੰ ਜੋਤਿ–ਰੂਪ ‘ਚ ਗੁਰੂ ਸਵੀਕਾਰਨ, ਸਤਿਕਾਰਨ ਤੇ ਮੰਨਣ ਦਾ ਉਪਦੇਸ਼ ਮਾਨਵਤਾ ਦੇ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ, ਜਿਸ ਨਾਲ ਸਦੀਆਂ ਤੋਂ ਚੱਲ ਰਹੇ ਅਵਤਾਰਵਾਦ ਦੀ ਪਰੰਪਰਾ ਦਾ ਅੰਤ ਹੋਇਆ । ਗੁਰਦੇਵ ਪਿਤਾ ਦੇ ਇਸ ਉਪਦੇਸ਼ ਨੂੰ ਹੂ–ਬ–ਹੂ ਪ੍ਰਵਾਨ ਕਰਦੇ ਹੋਏ, ਸਿੱਖ ਹਮੇਸ਼ਾਂ ਸੁਖੀ, ਸੱਤ–ਸੰਤੋਖ ਦੇ ਧਾਰਨੀ, ਸੁਤੰਤਰ ਸਿੱਖ ਸੋਚ ਤੇ ਸੱਤਾ–ਸ਼ਕਤੀ ਸੰਪੰਨ, ਸੁਰੱਖਿਅਤ ਰਹਿਣਗੇ ।

*roopsz@yahoo.com

Check Also

ਅੱਜ ਦਾ ਹੁਕਮਨਾਮਾ – Today’s Hukamnama from Sri Darbar Sahib (january 30th, 2023)

ਅੱਜ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ (30 January …

Leave a Reply

Your email address will not be published. Required fields are marked *