ਮਾਨਸਾ : ਬੀਤੇ ਦਿਨ ਨਵੇਂ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਯੂਥ ਦੇ ਦਿਲਾਂ ਦੀ ਧੜਕਣ ਸਿੱਧੂ ਮੂਸੇਵਾਲਾ ਨੇ ਮਾਨਸਾ ਵਿਖੇ ਕਿਸਾਨਾਂ ਦੇ ਹੱਕ ‘ਚ ਧਰਨਾ ਦਿੱਤਾ। ਮੂਸੇਵਾਲਾ ਦੀ ਅਗਵਾਈ ‘ਚ ਬਹੁਤ ਸਾਰੇ ਕਲਾਕਾਰਾਂ ਨੇ ਧਰਨਾ ‘ਚ ਸ਼ਮੂਲੀਅਤ ਕੀਤੀ। ਇਸ ਠਾਠਾ ਮਾਰਦੇ ਇਕੱਠ ‘ਚ ਚੋਰ ਵੀ ਦਾਅ ਲਾਉਣ ਤੋਂ ਪਿੱਛੇ ਨਹੀਂ ਹਟੇ। ਸਿੱਧੂ ਮੂਸੇਵਾਲਾ ਦੇ ਧਰਨੇ ‘ਚ ਬਰਨਾਲਾ ਤੋਂ ਪਹੁੰਚੇ ਨੌਜਵਾਨ ਲੀਡਰ ਭਾਨਾ ਸਿੱਧੂ ਦੇ ਇੱਕ ਸਾਥੀ ਦਾ ਲਾਇਸੰਸੀ ਰਿਵਾਲਵਰ ਚੋਰੀ ਹੋ ਗਿਆ ਅਤੇ ਕਈ ਹੋਰਾਂ ਦੇ ਪਰਸ ਅਤੇ ਮੋਬਾਇਲ ਵੀ ਗਾਇਬ ਹੋ ਗਏ।
ਜ਼ਿਕਰਯੋਗ ਹੈ ਕਿ ਕਿਸਾਨ ਧਰਨਿਆਂ ਦੇ ਚੱਲਦਿਆਂ ਮਾਨਸਾ ‘ਚ ਅਸਲਾ ਲੈ ਕੇ ਚੱਲਣ ‘ਤੇ ਮਨਾਹੀ ਹੈ। ਡੀ.ਸੀ. ਮਾਨਸਾ ਵੱਲੋਂ ਜ਼ਿਲ੍ਹੇ ‘ਚ ਧਾਰਾ 144 ਲਗਾਈ ਗਈ ਹੈ। ਪਰ ਇਸ ਸਭ ਦੇ ਬਾਵਜੂਦ ਵੀ ਨੌਜਵਾਨ ਧਰਨੇ ‘ਚ ਹਥਿਆਰ ਲੈ ਕੇ ਪਹੁੰਚੇ। ਪੁਲਿਸ ਇਸ ਮਾਮਲੇ ‘ਚ ਕੀ ਕਾਰਵਾਈ ਕਰੇਗੀ ਇਸ ਬਾਰੇ ਅਜੇ ਕੋਈ ਠੋਸ ਜਾਣਕਾਰੀ ਨਹੀਂ ਹੈ ਪਰ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਇੱਕ ਹੋਰ ਘਟਨਾ ‘ਚ ਅਦਾਕਾਰ ਦੀਪ ਸਿੱਧੂ ਦਾ ਸ਼ੰਭੂ ‘ਚ ਧਰਨੇ ਦੌਰਾਨ ਆਈ ਫੋਨ ਗੁੰਮ ਗਿਆ। ਇਸ ਦੀ ਜਾਣਕਾਰੀ ਦੀਪ ਸਿੱਧੂ ਨੇ ਖੁਦ ਇਕ ਫੇਸਬੁੱਕ ਪੋਸਟ ਰਾਹੀਂ ਦਿੱਤੀ ਹੈ। ਸਿੱਧੂ ਨੇ ਮੋਬਾਇਲ ਲੱਭ ਕੇ ਦੇਣ ਵਾਲੇ ਨੂੰ 20 ਹਜ਼ਾਰ ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।