ਕੋਵਿਡ-19 ਲਈ ਸੁਰੱਖਿਆਤਮਕ ਆਈ-ਵੀਅਰ ਐਨਕਾਂ ਤਿਆਰ ਕੀਤੀਆਂ

TeamGlobalPunjab
3 Min Read

ਚੰਡੀਗੜ੍ਹ: ਸੀਐੱਸਆਈਆਰ – ਸੈਂਟਰਲ ਸਾਇੰਟੀਫ਼ਿਕ ਇੰਸਟਰੂਮੈਂਟਸ ਆਰਗੇਨਾਇਜ਼ੇਸ਼ਨ (ਸੀਐੱਸਆਈਓ – CSIO – ਕੇਂਦਰੀ ਵਿਗਿਆਨਕ ਉਪਕਰਣ ਸੰਗਠਨ), ਚੰਡੀਗੜ੍ਹ ਨੇ ਕੋਵਿਡ–19 ਮਹਾਮਾਰੀ ਦੇ ਚਲਦਿਆਂ ਵਾਇਰਸ ਤੋਂ ਵਧੇਰੇ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਿਹਤ ਸੰਭਾਲ਼ ਪ੍ਰੋਫ਼ੈਸ਼ਨਲਜ਼ ਲਈ ਸੁਰੱਖਿਆ ਐਨਕਾਂ ਦੇ ਸ਼ੁੱਧ ਨਿਰਮਾਣ ਲਈ ਇੱਕ ਟੈਕਨੋਲੋਜੀ ਵਿਕਸਿਤ ਕੀਤੀ ਹੈ। ਮੌਜੂਦਾ ਸਥਿਤੀ ਨੇ ਸਿਹਤ ਸੰਭਾਲ਼ ਸੇਵਾ ਕਰਨ ਵਾਲਿਆਂ ਲਈ, ਮਰੀਜ਼ਾਂ ਅਤੇ ਮੁਲਾਕਾਤੀਆਂ ਨੂੰ ਅਚਾਨਕ ਛੂਤਗ੍ਰਸਤ ਹੋਣ ਤੋਂ ਬਚਾਉਣ ਲਈ ਪ੍ਰਭਾਵਸ਼ਾਲੀ ‘ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ’ (ਪੀਪੀਈ– ਨਿਜੀ ਸੁਰੱਖਿਆਤਮਕ ਉਪਕਰਣ) ਦੀ ਲੋੜ ਤੇ ਮਹੱਤਵ ਨੂੰ ਉਜਾਗਰ ਕੀਤਾ ਹੈ। ਅੱਖਾਂ ਦੀਆਂ ਪੁਤਲੀਆਂ ਨੂੰ ਚਿਕਨਾ ਰੱਖਣ ਲਈ ਅੱਖ ਦੇ ਛੱਪਰਾਂ ਅੰਦਰ ਸਥਿਤ ਕੰਜਕਟਿਵਾ ਝਿੱਲੀ ਸਰੀਰ ਦੀ ਇੱਕੋ–ਇੱਕ ਅਜਿਹੀ ਮਿਊਕਸ ਝਿੱਲੀ ਹੈ, ਜੋ ਸਰੀਰ ਦੇ ਬਾਹਰ ਦਿਖਾਈ ਦਿੰਦੀ ਹੈ। ਜਦੋਂ ਅੱਖਾਂ ਖੁੱਲ੍ਹੀਆਂ ਹੁੰਦੀਆਂ ਹਨ, ਤਾਂ ਕੰਜਕਟਿਵਾ ਝਿੱਲੀ ਉੱਤੇ ਬਾਹਰਲੇ ਵਾਤਾਵਰਣ ਦਾ ਪ੍ਰਭਾਵ ਪੈਂਦਾ ਹੈ, ਜਿਸ ਲਈ ਇਹ ਅੰਗ ਬੇਹੱਦ ਮਹੱਤਵਪੂਰਨ ਬਣ ਜਾਂਦਾ ਹੈ ਪਰ ਇਸ ਨੂੰ ਅਕਸਰ ਅੱਖੋਂ ਪ੍ਰੋਖੇ ਕਰ ਦਿੱਤਾ ਜਾਂਦਾ ਹੈ, ਜਦ ਕਿ ਇੱਥੋਂ ਵਾਇਰਸ ਸਰੀਰ ਅੰਦਰ ਦਾਖ਼ਲ ਹੋ ਸਕਦੇ ਹਨ।

ਵਿਕਸਿਤ ਸੁਰੱਖਿਆਤਮਕ ਆਈ–ਵੀਅਰ (ਐਨਕ) ਨੂੰ ਬਹੁਤ ਮਿਹਨਤ ਤੇ ਮੁਹਾਰਤ ਨਾਲ ਡਿਜ਼ਾਇਨ ਕੀਤਾ ਗਿਆ ਹੈ, ਜਿਸ ਨਾਲ ਅੱਖ ਦਾ ਖੇਤਰ ਪੂਰੀ ਤਰ੍ਹਾਂ ਢਕਿਆ ਜਾਂਦਾ ਹੈ ਤੇ ਉਸ ਦੀ ਕਾਰਜਕੁਸ਼ਲ ਸੀਲਿੰਗ ਹੋ ਜਾਂਦੀ ਹੈ ਅਤੇ ਇਹ ਸਿਹਤ–ਸੰਭਾਲ਼ ਪ੍ਰੋਫ਼ੈਸ਼ਨਲਜ਼ ਨੂੰ ਖ਼ਤਰਨਾਕ ਏਅਰੋਸੋਲਜ਼ ਅਤੇ ਨਿੱਕਲਣ ਵਾਲੇ ਹੋਰ ਕਣਾਂ ਤੋਂ ਸੁਰੱਖਿਅਤ ਰੱਖੇਗੀ। ਇਨ੍ਹਾਂ ਸੁਰੱਖਿਆ ਐਨਕਾਂ ਨੂੰ ਲਚਕਦਾਰ ਫ਼੍ਰੇਮ ਨਾਲ ਡਿਜ਼ਾਇਨ ਕੀਤਾ ਗਿਆ ਹੈ ਤਾਂ ਜੋ ਚਿਹਰੇ ਦੀ ਚਮੜੀ ਨਾਲ ਉਹ ਪੂਰੀ ਤਰ੍ਹਾਂ ਫ਼ਿੱਟ ਸੀਲਿੰਗ ਮੁਹੱਈਆ ਕਰਵਾ ਸਕੇ ਤੇ ਇਹ ਅੱਖਾਂ ਦੇ ਨਾਲ ਨਾਲ ਆਲੇ ਦੁਆਲੇ ਦੇ ਸਥਾਨ ਨੂੰ ਵੀ ਢਕੇਗੀ ਅਤੇ ਇਸ ਵਿੱਚ ਡਾਕਟਰਾਂ ਵੱਲੋਂ ਦੱਸੇ ਸ਼ੀਸ਼ੇ/ਲੈਨਜ਼ ਵੀ ਫ਼ਿੱਟ ਹੋ ਸਕਣਗੇ।

ਡਾ. ਵਿਨੋਦ ਕਰਾਰ, ਮੁੱਖ ਵਿਗਿਆਨੀ ਤੇ ਮੁਖੀ, ਔਪਟੀਕਲ ਡਿਵਾਈਸਜ਼ ਐਂਡ ਸਿਸਟਮਜ਼ ਦੀ ਅਗਵਾਈ ਹੇਠ ਸੀਐੱਸਆਈਆਰ–ਸੀਐੱਸਆਈਓ (CSIR-CSIO) ਦੇ ਵਿਗਿਆਨੀਆਂ ਦੀ ਟੀਮ ਨੇ ਵਿਭਿੰਨ ਉਦਯੋਗਾਂ ਤੇ ਸਬੰਧਤ ਧਿਰਾਂ ਦੀ ਨਾਲ ਸਲਾਹ–ਮਸ਼ਵਰਾ ਕਰ ਕੇ ਇਸ ਸੁਰੱਖਿਆ ਐਨਕ ਨੂੰ ਇੱਕ ਸੁਰੱਖਿਆਤਮਕ ਆਈ–ਵੀਅਰ ਵਜੋਂ ਡਿਜ਼ਾਇਨ ਤੇ ਵਿਕਸਿਤ ਕੀਤਾ ਹੈ; ਜਿਸ ਰਾਹੀਂ ਵਪਾਰਕ ਉਤਪਾਦਨ ਲਈ ਇੱਕ ਸਸਤੀ ਤੇ ਖੋਜੀ ਸ਼ੁੱਧ ਨਿਰਮਾਣ ਤਕਨੀਕ ਸਾਹਮਣੇ ਆਈ ਹੈ। ਇਸ ਪ੍ਰੋਜੈਕਟ ਨਾਲ ਜੁੜੇ ਸੀਐੱਸਆਈਆਰ–ਸੀਐੱਸਆਈਓ (CSIR-CSIO) ਦੇ ਸੀਨੀਅਰ ਵਿਗਿਆਨੀ ਡਾ. ਨੇਹਾ ਖੱਤਰੀ ਨੇ ਦੱਸਿਆ,‘ਇਹ ਐਨਕਾਂ ਔਪਟੀਕਲ ਟ੍ਰਾਂਸਮਿੱਟੈਂਸ ਵਿੱਚੋਂ ਦੀ ਦੇਖਣ ਦੇ ਮਾਮਲੇ ਵਿੱਚ ANSI/SEA Z87.1-2010 ਮਾਪਦੰਡ ਦੇ ਅਨੁਰੂਪ ਹਨ ਅਤੇ ਇਨ੍ਹਾਂ ਦੀ ਵਰਤੋਂ ਵਿਭਿੰਨ ਵਾਤਾਵਰਣਕ ਸਥਿਤੀਆਂ ਵਿੱਚ ਕੀਤੀ ਜਾ ਸਕਦੀ ਹੈ ਤੇ ਇਨ੍ਹਾਂ ਵਿੱਚ ਨਾ ਤਾਂ ਧੁੰਦ ਜੰਮਦੀ ਹੈ ਤੇ ਨਾ ਹੀ ਇਸ ਐਨਕ ਨਾਲ ਥਕਾਵਟ ਹੁੰਦੀ ਹੈ।’ ਇਸ ਟੀਮ ਦੇ ਹੋਰ ਮੈਂਬਰਾਂ ਵਿੱਚ ਡਾ. ਸੰਜੀਵ ਸੋਨੀ, ਡਾ. ਅਮਿਤ ਐੱਲ. ਸ਼ਰਮਾ, ਡਾ. ਮੁਕੇਸ਼ ਕੁਮਾਰ ਅਤੇ ਸ੍ਰੀ ਵਿਨੋਦ ਮਿਸ਼ਰਾ ਸ਼ਾਮਲ ਹਨ। ਇਹ ਟੈਕਨੋਲੋਜੀ 26 ਜੂਨ, 2020 ਨੂੰ ਇਸ ਦੇ ਵਪਾਰੀਕਰਣ ਅਤੇ ਵੱਡੇ ਪੱਧਰ ਉੱਤੇ ਉਤਪਾਦਨ ਲਈ ਮੈਸ. ਸਾਰਕ ਇੰਡਸਟ੍ਰੀਜ਼, ਚੰਡੀਗੜ੍ਹ ਨੂੰ ਟ੍ਰਾਂਸਫ਼ਰ ਕੀਤੀ ਗਈ ਸੀ।

Share this Article
Leave a comment