ਆਗੂ ਰੁਲਦੂ ਸਿੰਘ ਮਾਨਸਾ ਦੇ ਕੈਂਪ ‘ਤੇ ਹਮਲਾ, ਟੈਂਟ ‘ਚ ਮੌਜੂਦ ਕਿਸਾਨਾਂ ਨੂੰ ਮਾਰੀਆਂ ਸੱਟਾਂ

TeamGlobalPunjab
3 Min Read

ਚੰਡੀਗੜ (ਦਰਸ਼ਨ ਸਿੰਘ ਖੋਖਰ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਿਸਾਨ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਸਰਕਾਰ ਦੀਆਂ ਬਰੂਹਾਂ ਤੇ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਦੇ ਕੈਂਪ ਤੇ ਸਰਕਾਰ ਦੀ ਸ਼ਹਿ ਪ੍ਰਾਪਤ ਗੁੰਡਿਆਂ ਵੱਲੋਂ ਹਮਲਾ ਕਰਨ ਦੀ ਪੰਜਾਬ ਕਿਸਾਨ ਯੂਨੀਅਨ, ਸੀ.ਪੀ.ਆਈ (ਐਮ. ਐਲ.) ਲਿਬਰੇਸ਼ਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਸ਼ਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ, ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਰੁਲਦੂ ਸਿੰਘ ਮਾਨਸਾ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੇ ਹਨ ਅਤੇ ਹੁਣ ਦੇਸ਼ ਅੰਦਰ ਚੱਲ ਰਹੇ ਕਿਸਾਨ ਅੰਦੋਲਨ ਦੀ ਸੁਚੱਜੇ ਢੰਗ ਨਾਲ ਅਗਵਾਈ ਕਰ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਅਤੇ ਆਰ ਐਸ ਐਸ ਵੱਲੋਂ ਸਰਕਾਰ ਅੱਗੇ ਨਾ ਝੁਕਣ ਵਾਲੇ ਆਗੂਆਂ ਨੂੰ ਵੱਖ ਵੱਖ ਤਰੀਕਿਆਂ ਨਾਲ ਬਦਨਾਮ ਕਰਨ ਅਤੇ ਅੰਦੋਲਨ ਨੂੰ ਫੇਲ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ।ਪਰ ਜਦ ਸਰਕਾਰ ਨਾਕਾਮਯਾਬ ਹੋ ਗਈ ਤਾਂ ਉਨ੍ਹਾਂ ਨੇ ਹੁਣ ਕਿਸਾਨ ਆਗੂਆਂ ਤੇ ਹਮਲੇ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਸਰਕਾਰ ਦੇ ਆਈ. ਟੀ. ਸੈੱਲ ਅਤੇ ਕਿਸਾਨ ਅੰਦੋਲਨ ਵਿਰੋਧੀ ਤਾਕਤਾਂ ਵੱਲੋਂ ਇਕ ਵੀਡੀਓ ਨੂੰ ਆਧਾਰ ਬਣਾ ਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਿਲਾਫ ਬੋਲੇ ਹਨ ਕਿਸਾਨ ਆਗੂ ਨੂੰ ਝੂਠਾ ਬਦਨਾਮ ਕਰਕੇ ਕਿਸਾਨ ਘੋਲ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ । ਜਦਕਿ ਉਸ ਵੀਡੀਓ ਸਮੇਤ ਰੁਲਦੂ ਸਿੰਘ ਦੀ ਕਿਸੇ ਵੀ ਵੀਡੀਓ ‘ਚ ਸੰਤਾਂ ਸੰਬੰਧੀ ਕੋਈ ਅਪਸ਼ਬਦ ਨਹੀਂ ਬੋਲੇ ਗਏ।  ਉਸ ਵੀਡੀਓ ‘ਚ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਘੋਲ ਨੂੰ ਫੇਲ ਕਰਨ ਲਈ ਨੌਜਵਾਨਾਂ ਨੂੰ ਉਕਸਾਉਣ ਵਾਲੇ ਬਾਹਰ ਬੈਠੇ ਗੁਰਪਤਵੰਤ ਪੰਨੂੰ ਬਾਰੇ ਬੋਲਿਆ ਗਿਆ ਹੈ। ਉਹਨਾਂ ਕਿਹਾ ਕਿ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀਆਂ ਫੋਟੋਆਂ ਪਾੜੀਆਂ ਗਈਆਂ ਅਤੇ ਉਹਨਾਂ ਦੇ ਤਾਮਕੋਟ ਪਿੰਡ ਇਕਾਈ ਦੇ ਟੈਂਟ ਤੇ ਹਮਲਾ ਕਰਕੇ ਟੈਂਟ ਵਿਚ ਪਏ ਵਿਅਕਤੀਆਂ ਦੇ ਸੱਟਾਂ ਮਾਰੀਆਂ ਹਨ। ਜਿੰਨਾਂ ਚੋਂ ਗੁਰਵਿੰਦਰ ਸਿੰਘ ਦੇ ਸਿਰ ਵਿਚ ਸੱਟਾਂ ਮਾਰੀਆਂ ਹਨ। ਜਿਸ ਨੂੰ ਰੋਹਤਕ ਪੀ.ਜੀ.ਆਈ. ‘ਚ ਦਾਖਲ ਕਰਵਾਉਣਾ ਪਿਆ ।

 

- Advertisement -

ਉਹਨਾਂ ਕਿਹਾ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਕਲ ਮਾਨਸਾ ਆਏ ਹੋਣ ਕਾਰਨ ਬਚ ਗਏ ਨਹੀ ਤਾਂ ਸ਼ਰਾਰਤੀ ਅਨਸਰ ਕਿਸਾਨ ਆਗੂ ਦਾ ਜਾਨੀ ਨੁਕਸਾਨ ਕਰ ਸਕਦੇ ਸਨ। ਉਹਨਾਂ ਸੰਯੁਕਤ ਮੋਰਚੇ ਤੋਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਨਹੀਂ ਤਾਂ ਕਿਸਾਨ ਆਗੂਆਂ ਤੇ ਅਜਿਹੇ ਹਮਲੇ ਹੋਰ ਵੀ ਵੱਧ ਸਕਦੇ ਹਨ ਅਤੇ ਘੋਲ ਨੂੰ ਫੇਲ ਕਰਨ ‘ਚ ਲੱਗੀਆਂ ਤਾਕਤਾਂ ਆਪਣੇ ਮਨਸੂਬਿਆਂ ‘ਚ ਕਾਮਯਾਬ ਹੋ ਸਕਦੀਆਂ ਹਨ। ਉਹਨਾਂ ਰਾਤ 10 ਵਜੇ ਵਾਪਰੀ ਘਟਨਾ ਦੀ ਅਜੇ ਤੱਕ ਸਟੇਟਮੈਂਟ ਰਿਕਾਰਡ ਨਾ ਕਰਨ ਦੀ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਆਗੂਆਂ ਉਪਰ ਕੀਤੇ ਜਾ ਰਹੇ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Share this Article
Leave a comment