ਮਾਨਸਾ : ਦਿੱਲੀ ਦੇ ਕਿਸਾਨ ਅੰਦੋਲਨ ਤੋਂ ਘਰ ਨੂੰ ਵਾਪਸ ਪਰਤਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ 5 ਔਰਤਾਂ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ( ਟਿੱਪਰ) ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਨ੍ਹਾਂ ਵਿੱਚ 3 ਔਰਤਾਂ ਦੀ ਮੌਤ ਹੋ ਗਈ ਅਤੇ 2 ਔਰਤਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ ਹਨ। ਇਹ ਘਟਨਾ ਬਹਾਦੁਰਗੜ੍ਹ ਦੇ ਫਲਾਈਓਵਰ ਹੇਠਾਂ ਝੱਜਰ ਰੋਡ ‘ਤੇ ਵਾਪਰੀ। ਜਿੱਥੇ ਡਿਵਾਈਡਰ ‘ਤੇ ਬੈਠੀਆਂ ਕਿਸਾਨ ਬੀਬੀਆਂ ਉੱਪਰ ਟਰੱਕ ਚੜ੍ਹ ਗਿਆ।
ਦੱਸਿਆ ਜਾ ਰਿਹਾ ਹੈ ਕਿ ਕਿਸਾਨ ਬੀਬੀਆਂ ਘਰ ਜਾਣ ਲਈ ਆਟੋ ਦਾ ਇੰਤਜ਼ਾਰ ਕਰ ਰਹੀਆਂ ਸਨ। ਇਸ ਦੌਰਾਨ ਮੌਕੇ ‘ਤੇ 2 ਕਿਸਾਨ ਬੀਬੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਇਹ ਮ੍ਰਿਤਕ ਬੀਬੀਆਂ ਕਿਸਾਨ ਅੰਦੋਲਨ ‘ਚ ਸ਼ਾਮਲ ਸਨ ਅਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਸਨ।
ਟਰੱਕ ਚਾਲਕ ਮੌਕੇ ਤੋਂ ਦੌੜ ਗਿਆ ਅਤੇ ਪੁਲਿਸ ਨੇ ਆ ਕੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।