ਪਟਿਆਲਾ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਂਗਰਸ ਦੇ ਸਾਬਕਾ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਮੋਰਚਾ ਖੋਲ ਦਿੱਤਾ ਹੈ। ਅੰਮ੍ਰਿਤਸਰ ਤੋਂ ਪਟਿਆਲਾ ਨਵਜੋਤ ਸਿੰਘ ਸਿੱਧੂ ਤੋਂ ਸਵਾਲ ਕਰਨ ਆਏ ਮੰਨਾ ਨੇ ਸਿੱਧੂ ਨੂੰ ਮੌਕਾਪ੍ਰਸਤ ਸਿਆਸਤਦਾਨ ਕਰਾਰ ਦਿੱਤਾ।
ਮੰਨਾ ਨੇ ਕਿਹਾ, ‘ਸਿੱਧੂ ਬੇਅਦਬੀ ਦੇ ਧਾਰਮਿਕ ਮੁੱਦੇ ਦੀ ਪਿੱਚ ‘ਤੇ ਸਿਆਸੀ ਖੇਡ ਖੇਡ ਰਹੇ ਹਨ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।’
ਮੰਨਾ ਨੇ ਸਿੱਧੂ ਨੂੰ ਟਵੀਟ ਰਾਹੀਂ ਸਿਆਸੀ ਬਿਆਨਬਾਜ਼ੀ ਕਰਨ ਦੇ ਬਜਾਇ ਖੁੱਲ ਕੇ ਮੈਦਾਨ ਵਿੱਚ ਨਿੱਤਰਨ ਦੀ ਚੁਣੌਤੀ ਦਿੱਤੀ । ਉਨ੍ਹਾਂ ਕਿਹਾ, ਸਿੱਧੂ ਜੋੜੀ ਸਿੱਧੀ ਤਰ੍ਹਾਂ ਮੈਦਾਨ ਵਿਚ ਆਏ, ਰੋਜ਼ਾਨਾ ਸਿਰਫ਼ ਟਵੀਟ ਪਾ ਕੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਿਆਨਬਾਜ਼ੀ ਕਰ ਕੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰੇ।
ਮੰਨਾ ਨੇ ਇਲਜਾਮ ਲਗਾਇਆ ਕਿ ਸਿੱਧੂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ, ਇਸ ਸਮੇਂ ਉਨ੍ਹਾਂ ਨੂੰ ਕੋਰੋਨਾ ਪੀੜਤਾਂ ਵਾਸਤੇ ਆਕਸੀਜ਼ਨ ਅਤੇ ਹੋਰ ਸਹੂਲਤਾਂ ਲਈ ਆਵਾਜ਼ ਚੁੱਕਣੀ ਚਾਹੀਦੀ ਸੀ ਪਰ ਉਹ ਰੋਜ਼ ਟਵਿੱਟਰ ਤੇ ਬਿਆਨੀ ਫਾਇਰ ਕੱਢ ਰਹੇ ਹਨ।
ਮੰਨਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਿੰਨੀ ਤੇਜ਼ੀ ਸਿੱਧੂ, ਪ੍ਰਗਟ ਸਿੰਘ ਅਤੇ ਹੋਰਨਾਂ ਖ਼ਿਲਾਫ਼ ਜਾਂਚ ਦੀ ਕਾਰਵਾਈ ਕਰਨ ‘ਚ ਲਗਾਈ ਹੈ ਜੇਕਰ ਇੰਨੀਂ ਤੇਜ਼ੀ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਦਿਖਾਈ ਹੁੰਦੀ ਤਾਂ ਅੱਜ ਦੋਸ਼ੀ ਸਲਾਖਾਂ ਦੇ ਪਿੱਛੇ ਹੋਣੇ ਸੀ।