ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੂੰ ਸ਼ਮਸ਼ਾਨ ਘਾਟ ‘ਚ ਜ਼ਮੀਨ ਦੀ ਖੁਦਾਈ ਦੌਰਾਨ ਇੱਕ ਘੜੇ ਅੰਦਰ ਨਵਜੰਮੀ ਬੱਚੀ ਮਿਲੀ ਜਿਸ ਦੇ ਸਾਹ ਚੱਲ ਰਹੇ ਸਨ।
ਅਸਲ ‘ਚ ਬਰੇਲੀ ਦੇ ਸੀਬੀਗੰਜ ਦੇ ਰਹਿਣ ਵਾਲੇ ਹਿਤੇਸ਼ ਕੁਮਾਰ ਦੀ ਪਤਨੀ ਵੈਸ਼ਾਲੀ ਨੇ ਗਰਭ ਅਵਸਥਾ ਦੌਰਾਨ ਨੌਂ ਮਹੀਨੇ ਤੋਂ ਪਹਿਲਾਂ ਬੱਚੀ ਨੂੰ ਜਨਮ ਦਿੱਤਾ, ਜਿਸ ਦੀ ਕੁੱਝ ਦੇਰ ਬਾਅਦ ਹੀ ਮੌਤ ਹੋ ਗਈ। ਹਿਤੇਸ਼ ਆਪਣੀ ਮ੍ਰਿਤ ਬੱਚੀ ਨੂੰ ਦਫਨਾਉਣ ਸ਼ਮਸ਼ਾਨ ਘਾਟ ਪੁੱਜੇ ਤੇ ਜਦੋਂ ਉਨ੍ਹਾਂ ਨੇ ਜ਼ਮੀਨ ਦੀ ਖੁਦਾਈ ਸ਼ੁਰੂ ਕੀਤੀ ਤਾਂ ਲਗਭਗ ਤਿੰਨ ਫੁੱਟ ਦੀ ਖੁਦਾਈ ‘ਤੇ ਉਨਾਂ ਦੀ ਕਹੀ ਕਿਸੇ ਚੀਜ ਨਾਲ ਟਕਰਾਈ। ਹਿਤੇਸ਼ ਨੇ ਜਦੋਂ ਮਿੱਟੀ ਹਟਾ ਕੇ ਦੇਖਿਆ ਤਾਂ ਉਸ ਦੇ ਹੋਸ਼ ਉਡ ਗਏ ਉਸ ਨੂੰ ਜ਼ਮੀਨ ਅੰਦਰ ਇੱਕ ਘੜਾ ਮਿਲਿਆ ਜਿਸ ਵਿੱਚ ਨਵਜੰਮੀ ਜ਼ਿੰਦਾ ਬੱਚੀ ਸੀ।
ਹਿਤੇਸ਼ ਨੇ ਘੜੇ ‘ਚੋਂ ਨਿੱਕਲੀ ਬੱਚੀ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਤੇ ਉਸ ਲਈ ਦੁੱਧ ਦਾ ਇੰਤਜ਼ਾਮ ਕੀਤਾ। ਇਸ ਦੌਰਾਨ ਉਸ ਨੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਤੇ ਬੱਚੀ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਾਇਆ। ਇਸ ਤੋਂ ਬਾਅਦ ਹਿਤੇਸ਼ ਨੇ ਆਪਣੀ ਮ੍ਰਿਤ ਬੱਚੀ ਨੂੰ ਦਫਨਾਇਆ।
ਹਸਪਤਾਲ ਦੇ ਸਟਾਫ ਨੇ ਇਸ ਬੱਚੀ ਦਾ ਨਾਮ ਸੀਤਾ ਰੱਖਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਸਬੰਧੀ ਐਸ.ਪੀ. ਸਿਟੀ ਅਭਿਨੰਦਨ ਸਿੰਘ ਦਾ ਕਹਿਣਾ ਹੈ ਕਿ ਜਿਸ ਕਿਸੇ ਨੇ ਵੀ ਇਸ ਬੱਚੀ ਨੂੰ ਜ਼ਿੰਦਾ ਦਫਨ ਕਰਨ ਦੀ ਅਣਮਨੁੱਖੀ ਹਰਕਤ ਕੀਤੀ ਹੈ ਉਸ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।
ਆਪਣੀ ਮ੍ਰਿਤ ਬੱਚੀ ਨੂੰ ਦਫਨਾਉਣ ਗਏ ਵਿਅਕਤੀ ਨੂੰ ਖੁਦਾਈ ਦੌਰਾਨ ਘੜੇ ‘ਚ ਮਿਲੀ ਜ਼ਿੰਦਾ ਨਵਜੰਮੀ ਬੱਚੀ

Leave a Comment
Leave a Comment