ਕੈਨੇਡਾ ਤੋਂ ਡਿਪੋਰਟ ਹੋਇਆ ਪੰਜਾਬੀ, ਭਾਰਤ ਆ ਕੇ ਜੇਲ੍ਹ ਤੇ ਥਾਈਲੈਂਡ ‘ਚ ਕਤਲ, ਜਾਣੋ ਪੂਰੀ ਕਹਾਣੀ

Prabhjot Kaur
4 Min Read

ਨਿਊਜ਼ ਡੈਸਕ: ਪੰਜਾਬੀ ਗੈਂਗਸਟਰ ਜਿੰਮੀ ਸੰਧੂ ਦਾ 4 ਫਰਵਰੀ 2022 ਨੂੰ ਥਾਈਲੈਂਡ ਦੇ ਹੋਟਲ ਫੂਕੇਟ ਦੇ ਬਾਹਰ ਕਾਤਲ ਕਰ ਦਿੱਤਾ ਗਿਆ। ਬੀਤੇ ਦਿਨੀਂ ਜਿੰਮੀ ਸੰਧੂ ਦੇ ਕਾਤਲ ਮੈਥਿਊ ਡੁਪਰੇ ਨੂੰ ਕੈਨੇਡਾ ਤੋਂ ਥਾਈਲੈਂਡ ਡਿਪੋਰਟ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਸੰਧੂ ਦਾ ਕਤਲ ਕਰਨ ਤੋਂ ਬਾਅਦ ਕੈਨੇਡਾ ਫਰਾਰ ਹੋਏ ਦੋ ਕਾਤਲਾਂ ਵਿੱਚ ਜੀਨ ਲਾਰਕੈਂਪ ਦੀ ਜਹਾਜ਼ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ, ਜਦਕਿ ਮੈਥਿਊ ਡੁਪਰੇ ਨੂੰ ਕੈਨੇਡਾ ਤੋਂ ਥਾਈਲੈਂਡ ਡਿਪੋਰਟ ਕਰ ਦਿੱਤਾ ਗਿਆ ਜਿੱਥੇ ਉਸ ‘ਤੇ ਕਤਲ ਦਾ ਮੁਕੱਦਮਾ ਚੱਲੇਗਾ।

ਜਿੰਮੀ ਸੰਧੂ ‘ਤੇ ਪਿਛਲੇ ਸਾਲ ਥਾਈਲੈਂਡ ਦੇ ਹੋਟਲ ਫੂਕੇਟ ਦੇ ਬਾਹਰ ਕਾਤਲਾਨਾ ਹਮਲਾ ਹੋਇਆ ਸੀ। ਇਸ ਦੌਰਾਨ ਦੋ ਭਾੜੇ ਦੇ ਕਾਤਲਾਂ ਨੇ ਉਸ ‘ਤੇ ਅੰਨੇਵਾਹ ਗੋਲੀਆਂ ਚਲਾਈਆਂ ਅਤੇ ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਏ। ਥਾਈਲੈਂਡ ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਗਈ ਪੜਤਾਲ ਵਿੱਚ ਇਹਨਾਂ ਦੋਵੇਂ ਹਮਲਵਾਰਾਂ ਦੀ ਪਛਾਣ ਮੈਥਿਊ ਡੁਪਰੇ ਅਤੇ ਜੀਨ ਲਾਰਕੈਂਪ ਵਜੋਂ ਹੋਈ ਸੀ। ਵਾਰਦਾਤ ਤੋਂ ਬਾਅਦ ਇਹਨਾਂ ਦੋਵਾਂ ਨੇ ਉਸੇ ਦਿਨ ਥਾਈਲੈਂਡ ਛੱਡ ਦਿੱਤਾ ਅਤੇ ਉਹ ਕੈਨੇਡਾ ਪਹੁੰਚ ਗਏ। ਇੱਕ ਤਾਂ ਥਾਈਲੈਂਡ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਸੀ, ਉੱਧਰ ਕੈਨੇਡਾ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਉਹ ਵੀ ਚੌਕਸ ਹੋ ਗਈ। ਇਸ ਤੋਂ ਬਾਅਦ ਓਨਟਾਰੀਓ ਵਿੱਚ 30 ਅਪ੍ਰੈਲ 2022 ਨੂੰ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਸੀ, ਜਿਸ ਵਿੱਚ ਜਿੰਮੀ ਸੰਧੂ ਦਾ ਕਾਤਲ ਜੀਨ ਲਾਰਕੈਂਪ ਵੀ ਮੌਜੂਦ ਸੀ ਤੇ ਤਿੰਨ ਹੋਰ ਲੋਕਾਂ ਸਣੇ ਉਸ ਦੀ ਵੀ ਜਾਨ ਚਲੀ ਗਈ।

ਸੰਧੂ ਦੇ ਦੋ ਕਾਤਲਾਂ ਵਿੱਚੋਂ ਜ਼ਿੰਦਾ ਬਚੇ ਮੈਥਿਊ ਡੁਪਰੇ ਨੂੰ ਕੈਨੇਡਾ ਪੁਲਿਸ ਨੇ ਪਿਛਲੇ ਸਾਲ ਹੀ ਵੈਨਕੂਵਰ ਤੋਂ ਗ੍ਰਿਫ਼ਤਾਰ ਕਰ ਲਿਆ ਤੇ ਹੁਣ ਉਸ ਨੂੰ ਥਾਈਲੈਂਡ ਡਿਪੋਰਟ ਕੀਤਾ ਗਿਆ। ਇਸ ਅਪਰਾਧੀ ਨੂੰ ਕੈਨੇਡਾ ਤੋਂ ਲਿਆਉਣ ਲਈ ਥਾਈਲੈਂਡ ਪੁਲਿਸ ਦੀ ਕਰਾਈਮ ਸੁਪਰੇਸ਼ਨ ਡਵੀਜ਼ਨ ਦੇ 10 ਮੈਂਬਰ ਅਤੇ ਰੋਇਲ ਥਾਈ ਏਅਰ ਫੋਰਸ ਸਪੈਸ਼ਲ ਅਪ੍ਰੇਸ਼ਨ ਯੂਨਿਟ ਦੇ 30 ਮੈਂਬਰ ਸਪੈਸ਼ਲ ਫਲਾਈਟ ਰਾਹੀਂ ਵੈਨਕੁਵਰ ਪੁੱਜੇ। ਐਤਵਾਰ ਨੂੰ ਉੱਥੋਂ ਉਸ ਨੂੰ ਲੈ ਕੇ ਇਹ ਟੀਮ ਵਾਪਸ ਥਾਈਲੈਂਡ ਪਰਤ ਆਈ। ਨੈਸ਼ਨਲ ਪੁਲਿਸ ਚੀਫ਼ ਨੇ ਮੀਡੀਆ ਨੂੰ ਦੱਸਿਆ ਕਿ ਜਿੰਮੀ ਸੰਧੂ ਦੇ ਕਾਤਲ ਕੈਨੇਡਾ ਤੋਂ ਥਾਈਲੈਂਡ ਲਿਆਉਣ ਸਮੇਂ ਪੁਲਿਸ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ। ਇਸ ਲਈ ਉਸ ਨੂੰ ਬਿਨਾ ਕਿਸੇ ਹੋਰ ਦੇਸ਼ ਵਿੱਚ ਰੁਕੇ ਸਿੱਧੀ ਤੇ ਸਪੈਸ਼ਲ ਫਲਾਈਟ ਰਾਹੀਂ ਲਿਆਂਦਾ ਗਿਆ। ਡੁਪਰੇ ‘ਤੇ ਯੋਜਨਾਬੱਧ ਢੰਗ ਨਾਲ ਕਤਲ ਕਰਨ, ਗ਼ੈਰ-ਕਾਨੂੰਨੀ ਹਥਿਆਰ ਰੱਖਣ ਸਣੇ ਕਈ ਦੋਸ਼ ਆਇਦ ਕੀਤੇ ਗਏ ਨੇ, ਪਰ ਉਹ ਇਨਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਐਲਬਰਟਾ ਦੀ ਕੋਰਟ ਨੇ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਮੈਥਿਊ ਡੁਪਰੇ ਦੀ ਹਵਾਲਗੀ ਨੂੰ ਪ੍ਰਵਾਨਗੀ ਦਿੰਦਿਆਂ ਉਸ ਨੂੰ ਥਾਈਲੈਂਡ ਦੇ ਹਵਾਲੇ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸੀ।

- Advertisement -

 

ਕੌਣ ਸੀ ਜਿੰਮੀ ਸੰਧੂ?

ਜਿੰਮੀ ਸੰਧੂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਵਾਸੀ ਸੀ ਤੇ ਉਹ ਇੱਕ ਗੈਂਗ ਨਾਲ ਜੁੜਿਆ ਹੋਇਆ ਸੀ। ਜਨਵਰੀ 2014 ਵਿੱਚ ਰੈਡ ਸਕੌਰਪੀਅਨ ਗਿਰੋਹ ਦੇ ਲੀਡਰ ਮੈਥਿਊ ਕੈਮਬੈੱਲ ਦਾ ਕਤਲ ਹੋਇਆ ਸੀ ਤੇ ਉਸ ਦੇ ਕਤਲ ਦੇ ਦੋਸ਼ਾਂ ਵਿੱਚ ਘਿਰੇ ਜਿੰਮੀ ਸੰਧੂ ਨੂੰ 2016 ਦੇ ਸ਼ੁਰੂ ਵਿੱਚ ਕੈਨੇਡਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਭਾਰਤ ਆ ਕੇ ਵੀ ਉਸ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ ਤੇ 2018 ਵਿੱਚ ਉਸ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਕੈਦ ਦੀ ਸਜ਼ਾ ਹੋ ਗਈ। ਇਸ ਮਗਰੋਂ ਜਿਵੇਂ ਹੀ ਸੰਧੂ ਨੂੰ ਜੇਲ ਵਿੱਚੋਂ ਜ਼ਮਾਨਤ ਮਿਲੀ ਤਾਂ ਉਹ ਭਾਰਤ ਵਿੱਚੋਂ ਫਰਾਰ ਹੋ ਕੇ ਥਾਈਲੈਂਡ ਪਹੁੰਚ ਗਿਆ, ਜਿੱਥੇ ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਉਸ ਦਾ ਕਤਲ ਹੋ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -
Share this Article
Leave a comment