ਕੋਲਕਾਤਾ : 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੱਛਮੀ ਬੰਗਾਲ ਦੀ ਮੁੱਖ ਮਮਤਾ ਬੈਨਰਜੀ ਹੁਣੇ ਤੋਂ ਭਾਜਪਾ ਦੀ ਘੇਰਾਬੰਦੀ ਕਰਨ ਲਈ ਤਿਆਰੀ ਖਿੱਚ ਲਈ ਹੈ। ਮਮਤਾ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਵਿਚ ਡਟ ਗਈ ਹੈ। ਬੁੱਧਵਾਰ ਨੂੰ ਸ਼ਹੀਦ ਦਿਵਸ ਮੌਕੇ ਆਪਣੀ ਪਾਰਟੀ ਟੀਐੱਮਸੀ ਦੇ ਸਭ ਤੋਂ ਵੱਡੇ ਸਾਲਾਨਾ ਸਮਾਗਮ ਮੌਕੇ ਮਮਤਾ ਨੇ ਭਾਜਪਾ ਖ਼ਿਲਾਫ਼ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਣ ਅਤੇ ਇਕ ਫਰੰਟ ਬਣਾਉਣ ਦਾ ਸੱਦਾ ਦਿੰਦੇ ਹੋਏ ਭਗਵਾ ਦਲ ਨੂੰ ਦਿੱਲੀ ਦੀ ਗੱਦੀ ਤੋਂ ਹਟਾਉਣ ਦੀ ਅਪੀਲ ਕੀਤੀ।
ਕੋਲਕਾਤਾ ਦੇ ਕਾਲੀਘਾਟ ਸਥਿਤ ਆਪਣੀ ਰਿਹਾਇਸ਼ ‘ਚ ਵਰਚੂਅਲ ਸੰਬੋਧਨ ਦੌਰਾਨ ਮਮਤਾ ਨੇ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਬੰਗਾਲ ਦੀ ਜਨਤਾ ਨੇ ਧਨ, ਬਲ ਅਤੇ ਬਾਹੂ ਬਲ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਤਾਨਾਸ਼ਾਹੀ ‘ਤੇ ਉੱਤਰ ਆਈ ਹੈ। ਦੇਸ਼ ਵਿਚ ਲੋਕਾਂ ਦੀ ਆਜ਼ਾਦੀ ਤੇ ਲੋਕਤੰਤਰ ਖ਼ਤਰੇ ‘ਚ ਹੈ। ਭਾਜਪਾ ਦੇਸ਼ ਨੂੰ ਹਨੇਰੇ ਵਿਚ ਲੈ ਗਈ ਹੈ। ਮਮਤਾ ਨੇ ਕਿਹਾ ਕਿ ਹਾਲੇ ਤਾਂ ਭਾਜਪਾ ਨੂੰ ਸਿਰਫ ਬੰਗਾਲ ਤੋਂ ਭਜਾਇਆ ਹੈ, ਜਦੋਂ ਤਕ ਦੇਸ਼ ਦੀ ਸੱਤਾ ਤੋਂ ਉਸ ਨੂੰ ਬੇਦਖਲ ਨਹੀਂ ਕਰਦੇ, ਤਦ ਤਕ ਸੰਘਰਸ਼ ਜਾਰੀ ਰਹੇਗਾ।
ਮਮਤਾ ਨੇ ਪੈਗਾਸਸ ਜਾਸੂਸੀ ਵਿਵਾਦ ਨੂੰ ਲੈ ਕੇ ਵੀ ਮੋਦੀ ਸਰਕਾਰ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਰਕਾਰ ਪੈਗਾਸਸ ਜ਼ਰੀਏ ਫੋਨ ਟੈਪ ਕਰਵਾ ਰਹੀ ਹੈ। ਜਾਸੂਸੀ ਲਈ ਦੇਸ਼ ਦਾ ਪੈਸਾ ਖਰਚ ਕੀਤਾ ਜਾ ਰਿਹਾ ਹੈ। ਵਿਰੋਧੀ ਆਗੂਆਂ ਨੂੰ ਹੀ ਨਹੀਂ ਬਲਕਿ ਕੇਂਦਰੀ ਮੰਤਰੀਆਂ ਤੇ ਜੱਜਾਂ ਤਕ ਨੂੰ ਨਹੀਂ ਛੱਡਿਆ ਜਾ ਰਿਹਾ।