Home / ਓਪੀਨੀਅਨ / ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਲਈ ਕੁਪੋਸ਼ਣ ਇੱਕ ਗੰਭੀਰ ਚੁਣੌਤੀ

ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਲਈ ਕੁਪੋਸ਼ਣ ਇੱਕ ਗੰਭੀਰ ਚੁਣੌਤੀ

ਭੋਜਨ ’ਚ ਜੀਵ-ਜੰਤੂਆਂ ਨੂੰ ਰੋਗਾਂ ਤੋਂ ਬਚਾਉਣ ਤੇ ਰੋਗਾਂ ਦਾ ਇਲਾਜ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਨੂੰ ਸਮਝਦਿਆਂ ਲਗਭਗ 400 ਸਾਲ ਈਸਾ ਪੂਰਵ ਸਰਬ-ਗਿਆਨੀ ਹਿਪੋਕ੍ਰੇਟਸ ਨੇ ਆਪਣੀ ਧਾਰਨਾ ’ਚ ਕਿਹਾ ਸੀ,‘ਭੋਜਨ ਨੂੰ ਆਪਣੀ ਦਵਾਈ ਤੇ ਦਵਾਈ ਨੂੰ ਆਪਣਾ ਭੋਜਨ ਹੋਣ ਦੇਵੋ।’ ਆਧੁਨਿਕ ਪ੍ਰਗਤੀ ਤੇ ਖੋਜ, ਇਸ ਨਤੀਜੇ ਦੇ ਵਾਜਬ ਸਬੂਤ ਦਿੰਦੇ ਹਨ ਕਿ ਕਾਰਜਸ਼ੀਲ ਖ਼ੁਰਾਕੀ ਪਦਾਰਥਾਂ ਤੇ ਪੋਸ਼ਣ-ਦਵਾ ’ਚ; ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਘਟਾਉਣ-ਵਧਾਉਣ ਤੇ ਵਿਵਸਥਿਤ ਕਰਨ ਅਤੇ ਛੂਤ ਤੋਂ ਬਚਾਅ ਕਰਨ ਦੀ ਸਮਰੱਥਾ ਹੁੰਦੀ ਹੈ। ਸੰਤੁਲਿਤ ਪੋਸ਼ਕ ਤੱਤਾਂ ਨਾਲ ਇੱਕ ਤੰਦਰੁਸਤ ਖ਼ੁਰਾਕ, ਕੁਦਰਤੀ ਤੌਰ ’ਤੇ ਵਾਤਾਵਰਣ ਕਾਰਣ ਪੈਦਾ ਮੁਕਤ ਕਣਾਂ ਨੂੰ ਕਿਰਿਆਹੀਣ ਬਣਾ ਸਕਦੀ ਹੈ। ਮੁਕਤ ਕਣ ਸਰੀਰ ਦੇ ਕਈ ਹਿੱਸਿਆਂ ’ਚ ਆਕਸੀਡੇਟਿਵ ਤਣਾਅ ਦਾ ਕਾਰਣ ਬਣਦੇ ਹਨ, ਜੋ ਰੋਗ ਦੀਆਂ ਸਥਿਤੀਆਂ ਨੂੰ ਜਨਮ ਦਿੰਦੇ ਹਨ ਅਤੇ ਆਧੁਨਿਕ ਦਵਾਈ ਇਸ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਦੀ ਹੈ। ਇੱਕ ਤੰਦਰੁਸਤ ਭੋਜਨ ਵਿੱਚ ਐਂਟੀ–ਆਕਸੀਡੈਂਟ, ਮੁਕਤ ਕਣਾਂ ਨੂੰ ਕਿਰਿਆਹੀਣ ਬਣਾਉਂਦੇ ਹਨ ਤੇ ਕੋਸ਼ਿਕਾਵਾਂ ਦਾ ਨੁਕਸਾਨ ਹੋਣ ਤੋਂ ਰੋਕਦੇ ਹਨ ਅਤੇ ਇਸ ਤਰ੍ਹਾਂ ਬੀਮਾਰੀ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕ ਦਿੰਦੇ ਹਨ, ਜਿਸ ਨਾਲ ਦਵਾਈਆਂ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਇੱਕ ਤੰਦਰੁਸਤ ਸਮਾਜ ਦੇ ਨਿਰਮਾਣ ’ਚ ਭੋਜਨ ਸਦਾ ਇੱਕ ਤਾਕਤਵਰ ਸਾਧਨ ਰਿਹਾ ਹੈ ਤੇ ਰਹੇਗਾ।

ਵਿਭਿੰਨਤਾਪੂਰਨ ਤੇ ਸੰਤੁਲਿਤ ਖ਼ੁਰਾਕ ਦੀ ਅਣਉਪਲਬਧਤਾ, ਕੁਪੋਸ਼ਣ ਵੱਲ ਲੈ ਜਾਂਦੀ ਹੈ, ਜਿਸ ਨਾਲ ਮਨੁੱਖ ਲਈ ਸਿਹਤ ਤੇ ਸਰੀਰਕ ਸਥਿਤੀਆਂ ਨਾਲ ਜੁੜੇ ਕਈ ਪ੍ਰਤੀਕੂਲ ਨਤੀਜੇ ਸਾਹਮਣੇ ਆ ਸਕਦੇ ਹਨ, ਜਿਵੇਂ ਬੌਧਿਕ ਅਸਮਰੱਥਾ, ਜਮਾਂਦਰੂ ਅਸਮਰੱਥਾ, ਅੰਨਾਪਣ ਆਦਿ। ਕੁਪੋਸ਼ਣ ਦੇ ਨਤੀਜੇ ਕੇਵਲ ਸਿਹਤ ਮਾਪਦੰਡਾਂ ਤੱਕ ਹੀ ਸੀਮਤ ਨਹੀਂ ਹਨ, ਬਲਕਿ ਇਸ ਨਾਲ ਸਰੀਰਕ ਤੇ ਮਾਨਸਿਕ ਚੁਣੌਤੀਆਂ ਕਾਰਣ ਉਤਪਾਦਕਤਾ ਤੇ ਅਰਥਵਿਵਸਥਾ ਵੀ ਪ੍ਰਭਾਵਿਤ ਹੁੰਦੀ ਹੈ। ਕੁਪੋਸ਼ਣ ਇੱਕ ਪੁਰਾਣੀ ਸਮੱਸਿਆ ਹੈ ਤੇ ਸਦਾ ਤੋਂ ਲੋਕ ਪ੍ਰਸ਼ਾਸਨ ਤੇ ਲੋਕ ਭਲਾਈ ਲਈ ਇੱਕ ਚੁਣੌਤੀ ਰਹੀ ਹੈ, ਜੋ ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਆਰਥਿਕ ਖ਼ੁਸ਼ਹਾਲੀ ’ਚ ਅੜਿੱਕਾ ਬਣਦੀ ਹੈ। ਬੱਚੇ, ਔਰਤਾਂ ਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਲਈ ਕੁਪੋਸ਼ਣ ਇੱਕ ਗੰਭੀਰ ਚੁਣੌਤੀ ਹੈ। 136 ਕਰੋੜ ਦੀ ਆਬਾਦੀ ਵਾਲੇ ਭਾਰਤ ਜਿਹੇ ਦੇਸ਼ ਵਿੱਚ, ਜਿਸ ਦੀ ਖੁਰਾਕ ਪ੍ਰਣਾਲੀ ਵਿੱਚ ਕਾਰਬੋਹਾਈਡਰੇਟ ਦੀ ਪ੍ਰਮੁੱਖਤਾ ਹੈ, ਹਰ ਵਿਅਕਤੀ ਲਈ ਕੁਦਰਤੀ ਤੌਰ ‘ਤੇ ਵਿਭਿੰਨ ਭੋਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਇੱਕ ਵੱਡਾ ਕੰਮ ਹੈ।

ਅਜਿਹੀ ਸਥਿਤੀ ਵਿੱਚ, ਵਿਗਿਆਨ ਅਧਾਰਿਤ ਪਹੁੰਚ ਨਾਲ ਖੁਰਾਕ ਵਿੱਚ ਪੌਸ਼ਟਿਕ ਤੱਤਾਂ ਨੂੰ ਸੰਤੁਲਿਤ ਕਰਨਾ ਜ਼ਰੂਰੀ ਹੋ ਜਾਂਦਾ ਹੈ। ਭੋਜਨ ਨੂੰ ਪੌਸ਼ਟਿਕ ਤੱਤਾਂ ਨਾਲ ਲੈਸ ਕਰਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ। ਮਾਹਿਰ ਇਸ ਗੱਲ ਨਾਲ ਸਹਿਮਤ ਹਨ ਕਿ ਪੌਸ਼ਟਿਕ ਤੱਤਾਂ ਨਾਲ ਭੋਜਨ ਨੂੰ ਮਜ਼ਬੂਤ ਕਰਨਾ ਲੋਕਾਂ ਵਿੱਚ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਰੋਕਣ ਅਤੇ ਕਾਬੂ ਪਾਉਣ ਦਾ ਸਿਫ਼ਾਰਸ਼ ਕੀਤਾ ਤਰੀਕਾ ਹੈ। ਹੋਰ ਸਿਫ਼ਾਰਸ਼ ਕੀਤੇ ਉਪਾਅ ਹਨ – ਜੈਵਿਕ ਤੌਰ ਉੱਤੇ ਖ਼ੁਰਾਕੀ ਪਦਾਰਥਾਂ ’ਚ ਪੋਸ਼ਕ ਤੱਤਾਂ ਨੂੰ ਵਧਾਉਣਾ ਤੇ ਪੂਰਕ ਪੋਸ਼ਕ ਤੱਤ। ਭੋਜਨ ਉਤਪਾਦਾਂ ਨੂੰ ਪੌਸ਼ਟਿਕ ਤੱਤਾਂ ਨਾਲ ਭਰਪੂਰ ਕਰਨਾ ਇੱਕ ਅਜਿਹੀ ਪ੍ਰਕਰਿਆ ਹੈ, ਜਿਸ ਵਿੱਚ ਸੋਚ–ਸਮਝ ਕੇ ਵਿਟਾਮਿਨ, ਖਣਿਜ ਅਤੇ ਹੋਰ ਪੌਸ਼ਟਿਕ ਤੱਤਾਂ ਨੂੰ ਜੋੜਿਆ ਜਾਂਦਾ ਹੈ, ਤਾਂ ਜੋ ਇਸ ਦੇ ਪੋਸ਼ਣ ਮਿਆਰ ਨੂੰ ਵਧਾਇਆ ਜਾ ਸਕੇ। ਭੋਜਨ ਉਤਪਾਦਾਂ ਵਿੱਚ ਜੈਵਿਕ ਤੌਰ ‘ਤੇ ਪੌਸ਼ਟਿਕ ਤੱਤਾਂ ਨੂੰ ਵਧਾਉਣਾ ਪੌਦਿਆਂ ਦੀਆਂ ਪ੍ਰਜਣਨ ਤਕਨੀਕਾਂ ਦਾ ਇੱਕ ਉਪਯੋਗ ਹੈ, ਜਿਸ ਵਿੱਚ ਮੁੱਖ ਅਨਾਜ ਵਿੱਚ ਸੂਖਮ ਪੌਸ਼ਟਿਕ ਤੱਤਾਂ ਨੂੰ ਵਧਾਇਆ ਜਾਂਦਾ ਹੈ। ਪੌਸ਼ਟਿਕ ਤੱਤਾਂ ਨਾਲ ਭੋਜਨ ਨੂੰ ਮਜ਼ਬੂਤ ਕਰਨ ਦੀ ਪ੍ਰਕਿਰਿਆ ਦੇ ਉਲਟ, ਭੋਜਨ ਉਤਪਾਦਾਂ ਵਿੱਚ ਪੌਸ਼ਟਿਕ ਤੱਤਾਂ ਨੂੰ ਜੀਵ-ਵਿਗਿਆਨਕ ਤੌਰ ‘ਤੇ ਵਧਾਉਣਾ ਇੱਕ ਲੰਬੀ ਮਿਆਦ ਦੀ ਰਣਨੀਤੀ ਹੈ ਜਿਸ ਲਈ ਕਾਫ਼ੀ ਅਗਾਊਂ ਨਿਵੇਸ਼ ਦੀ ਲੋੜ ਹੁੰਦੀ ਹੈ। ਪੌਸ਼ਟਿਕ ਤੱਤਾਂ ਦੀ ਸੋਧ ਦੀ ਪ੍ਰਕਿਰਿਆ ਲਈ ਪ੍ਰਤੀ ਵਿਅਕਤੀ ਪ੍ਰਤੀ ਸਾਲ ਅਨੁਮਾਨਿਤ ਲਾਗਤ 0.12 ਡਾਲਰ ਪ੍ਰਤੀ ਵਿਅਕਤੀ ਹੈ, ਜਦੋਂ ਕਿ ਭਾਰਤ ਵਿੱਚ ਚਾਵਲ ਵਿੱਚ ਜੈਵਿਕ ਤੌਰ ‘ਤੇ ਵਧ ਰਹੇ ਪੌਸ਼ਟਿਕ ਤੱਤਾਂ ਦੀ ਲਾਗਤ 1,600,000 ਡਾਲਰ ਪ੍ਰਤੀ ਸਾਲ (ਰਾਸ਼ਟਰੀ ਤੌਰ ‘ਤੇ, ਕੁੱਲ ਜੋੜ) ਹੈ। ਪੂਰਕ ਪੌਸ਼ਟਿਕ ਤੱਤਾਂ ਦੀ ਪੂਰਤੀ ਦੀ ਪ੍ਰਕਿਰਿਆ ਵਿੱਚ ਜ਼ਿਆਦਾ ਖਪਤ ਦਾ ਜੋਖਮ ਹੁੰਦਾ ਹੈ, ਜਦੋਂ ਕਿ ਇੱਕ ਨਿਯੰਤ੍ਰਿਤ ਪ੍ਰਕਿਰਿਆ ਅਧੀਨ ਮੁੱਖ ਅਨਾਜ ਵਿੱਚ ਪੌਸ਼ਟਿਕ ਤੱਤਾਂ ਨੂੰ ਵਧਾਉਣ ਦੀ ਪ੍ਰਕਿਰਿਆ ਨੂੰ ਪੋਸ਼ਣ ਦਾ ਸਭ ਤੋਂ ਕੁਸ਼ਲ ਅਤੇ ਕਿਫ਼ਾਇਤੀ ਤਰੀਕਾ ਮੰਨਿਆ ਜਾਂਦਾ ਹੈ। ਯੂਰੋਪ ਅਤੇ ਅਮਰੀਕਾ ਜਿਹੇ ਵਿਕਸਿਤ ਦੇਸ਼ਾਂ ਵਿੱਚ, ਭੋਜਨ ਉਤਪਾਦਾਂ ਦੇ ਪੌਸ਼ਟਿਕ ਮੁੱਲ ਨੂੰ ਵਧਾਉਣ ਦੇ ਪ੍ਰੋਗਰਾਮਾਂ ਨੇ ਸੂਖਮ ਪੌਸ਼ਟਿਕ ਤੱਤਾਂ ਦੀ ਘਾਟ ਵਾਲੀਆਂ ਬਿਮਾਰੀਆਂ ਜਿਵੇਂ ਕਿ ਗੌਇਟਰ, ਕ੍ਰੀਟੀਨਿਜ਼ਮ, ਪੇਲਾਗਰਾ, ਰਿਕੇਟਸ ਅਤੇ ਜੇਰੋਫਥਾਲਮੀਆ ਨੂੰ ਸਫ਼ਲਤਾਪੂਰਵਕ ਖ਼ਤਮ ਕਰ ਦਿੱਤਾ ਹੈ, ਜਿਨ੍ਹਾਂ ਨੂੰ ਬੱਚਿਆਂ ਵਿੱਚ ਰੋਗਾਂ ਅਤੇ ਮੌਤ ਦਰ ਦੇ ਉੱਚ ਪੱਧਰ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਭਾਰਤ ਦੀ ਲਗਭਗ 65 ਪ੍ਰਤੀਸ਼ਤ ਆਬਾਦੀ ਚਾਵਲ ਨੂੰ ਆਪਣੇ ਮੁੱਖ ਭੋਜਨ ਵਜੋਂ ਵਰਤਦੀ ਹੈ। ਭਾਰਤ ਚਾਵਲ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ, ਅਤੇ ਚਾਵਲ ਦੀ ਪ੍ਰੋਸੈੱਸਿੰਗ ਮਿੱਲਾਂ ਪ੍ਰੋਸੈੱਸਿੰਗ ਦੌਰਾਨ ਟੁੱਟੇ ਹੋਏ ਚਾਵਲ ਦੇ ਉਪ-ਉਤਪਾਦ ਵਜੋਂ ਚਾਵਲ ਦੀ ਕੁੱਲ ਮਾਤਰਾ ਦਾ ਲਗਭਗ 10 ਤੋਂ 12 ਪ੍ਰਤੀਸ਼ਤ ਹਿੱਸਾ ਕੱਢ ਦਿੰਦੀਆਂ ਹਨ। ਚਾਵਲ ਦੀ ਮਜ਼ਬੂਤੀ ਦੀ ਪ੍ਰਕਿਰਿਆ ਬਿਨਾਂ ਕਿਸੇ ਖੁਰਾਕ ਅਤੇ ਵਿਹਾਰਕ ਤਬਦੀਲੀਆਂ ਦੇ ਵੱਡੇ ਪੱਧਰ ਉੱਤੇ ਲੋਕਾਂ, ਖਾਸ ਕਰਕੇ ਘੱਟ ਆਮਦਨੀ ਵਾਲੇ ਲੋਕਾਂ ਨੂੰ ਜ਼ਰੂਰੀ ਸੂਖਮ ਪੌਸ਼ਟਿਕ ਤੱਤ ਪ੍ਰਦਾਨ ਕਰਨ ਲਈ ਇੱਕ ਕੈਰੀਅਰ ਦੇ ਤੌਰ ਤੇ ਇਨ੍ਹਾਂ ਟੁੱਟੇ ਹੋਏ ਚਾਵਲ ਦੇ ਦਾਣਿਆਂ ਦੀ ਵਰਤੋਂ ਕਰਦੀ ਹੈ। ਟੁੱਟੇ ਹੋਏ ਚਾਵਲ ਦੇ ਦਾਣਿਆਂ ਨੂੰ ਪੀਸ ਕੇ ਆਟਾ ਬਣਾਇਆ ਜਾਂਦਾ ਹੈ, ਉਸ ਆਟੇ ਨੂੰ ਵਿਟਾਮਿਨ-ਖਣਿਜ ਪਦਾਰਥਾਂ ਦੇ ਮਿਸ਼ਰਣ (ਪ੍ਰੀਮਿਕਸ) ਨਾਲ ਮਿਲਾਇਆ ਜਾਂਦਾ ਹੈ, ਅਤੇ ਫਿਰ ਮਿਸ਼ਰਣ ਨੂੰ ਚਾਵਲ ਦੇ ਆਕਾਰ ਦੀ ਗੁਠਲੀ ਵਿੱਚ ਬਦਲਿਆ ਜਾਂਦਾ ਹੈ ਜਿਸ ਨੂੰ ਆਮ ਤੌਰ ‘ਤੇ ‘ਫੋਰਟੀਫਾਈਡ ਰਾਈਸ ਕਰਨੇਲ’ (ਐੱਫਆਰਕੇ-FRK) ਕਿਹਾ ਜਾਂਦਾ ਹੈ। ਇਸ FRK ਨੂੰ 1:100 ਦੇ ਅਨੁਪਾਤ ਵਿੱਚ ਆਮ ਚਾਵਲ ਵਿੱਚ ਮਿਲਾਇਆ ਜਾਂਦਾ ਹੈ ਤਾਂ ਜੋ ਐੱਫਐੱਸਐੱਸਏਆਈ (FSSAI) ਦੁਆਰਾ ਨਿਰਧਾਰਤ ਸੂਖਮ ਪੌਸ਼ਟਿਕ ਤੱਤ ਪ੍ਰਾਪਤ ਕੀਤੇ ਜਾ ਸਕਣ। ਆਈਆਈਟੀ ਖੜਗਪੁਰ ਨੇ ਵਿਕਸਿਤ ਸਵਦੇਸ਼ੀ ਪ੍ਰਕਿਰਿਆ ਨੇ ਦੇਸੀ ਚਾਵਲ ਦੇ ਮੁਕਾਬਲੇ ਐੱਫਆਰਕੇ ਦੇ ਰੰਗ, ਆਕਾਰ, ਘਣਤਾ, ਕਾਰਜਸ਼ੀਲ ਅਤੇ ਖਾਣਾ ਪਕਾਉਣ ਦੀਆਂ ਵਿਸ਼ੇਸ਼ਤਾਵਾਂ ਵਿੱਚ ਅੰਤਰ ਨਾਲ ਜੁੜੀਆਂ ਪਹਿਲਾਂ ਤੋਂ ਮੌਜੂਦ ਸਮੱਸਿਆਵਾਂ ਨੂੰ ਹੱਲ ਕੀਤਾ ਹੈ। ਬਾਹਰ ਕੱਢਣ (ਐਕਸਟਰੂਜ਼ਨ) ਦੀ ਪ੍ਰਕਿਰਿਆ ਸੂਖਮ ਪੌਸ਼ਟਿਕ ਤੱਤਾਂ ਨੂੰ ਬਿਹਤਰ ਢੰਗ ਨਾਲ ਬਰਕਰਾਰ ਰੱਖਦੀ ਹੈ ਅਤੇ ਸਥਿਰਤਾ ਪ੍ਰਦਾਨ ਕਰਦੀ ਹੈ। ਇਹ ਪ੍ਰਕਿਰਿਆ ਮਜ਼ਬੂਤ ਕਰਨ ਦੇ ਪ੍ਰੋਗਰਾਮ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਇੱਕ ਆਰਥਿਕ ਵਿਕਲਪ ਵੀ ਪ੍ਰਦਾਨ ਕਰਦੀ ਹੈ।
ਇਸ ਪ੍ਰੋਗਰਾਮ ਨੂੰ ਪ੍ਰਭਾਵੀ ਤੌਰ ‘ਤੇ ਲਾਗੂ ਕਰਨ ਲਈ, ਐੱਫਆਰਕੇ ਦੀ ਉਤਪਾਦਨ ਪ੍ਰਕਿਰਿਆ ਅਤੇ ਆਮ ਚਾਵਲ ਦੇ ਨਾਲ ਇਸ ਦੇ ਮਿਸ਼ਰਣ ਨੂੰ ਲਗਾਤਾਰ ਨਿਗਰਾਨੀ, ਗੁਣਵੱਤਾ ਭਰੋਸਾ ਅਤੇ ਨਿਯੰਤਰਣ ਅਤੇ ਉੱਚ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੁਧਾਰਾਤਮਕ ਉਪਾਵਾਂ ਦੇ ਅਧੀਨ ਸੰਚਾਲਿਤ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਸੂਖਮ ਪੌਸ਼ਟਿਕ ਤੱਤਾਂ ਦੀ ਵੱਧ ਜਾਂ ਘੱਟ ਖੁਰਾਕ ਤੋਂ ਬਚਣ ਲਈ ਜੀਐੱਮਪੀ, ਜੀਐੱਚਪੀ ਨਾਲ ਸਬੰਧਿਤ ਢੁਕਵੇਂ ਉਪਾਅ ਅਤੇ ਮਾਪਦੰਡ ਹੋਣੇ ਚਾਹੀਦੇ ਹਨ। ਕਿਸੇ ਵੀ ਹੋਰ ਫੂਡ ਪ੍ਰੋਸੈੱਸਿੰਗ ਉਦਯੋਗ ਵਾਂਗ, ਇਸ ਪ੍ਰੋਗਰਾਮ ਦੀ ਸਥਿਰਤਾ ਲਈ ਸਖ਼ਤ ਮਿਆਰਾਂ ਅਤੇ ਨਿਯਮਾਂ ਅਤੇ ਇਸ ਦੀ ਪ੍ਰਭਾਵਸ਼ੀਲਤਾ ਦੀ ਨਿਰੰਤਰ ਨਿਗਰਾਨੀ ਦੀ ਲੋੜ ਹੁੰਦੀ ਹੈ।

ਜ਼ਹਿਰੀਲੇ ਹਾਲਾਤ ਨੂੰ ਰੋਕਣ ਲਈ ਸੂਖਮ ਪੌਸ਼ਟਿਕ ਤੱਤਾਂ ਦੇ ਜ਼ਿਆਦਾ ਸੇਵਨ ਦੇ ਵਿਰੁੱਧ ਸੂਖਮ ਪੌਸ਼ਟਿਕ ਤੱਤਾਂ ਦੇ ਸੇਵਨ ਦਾ ਸਭ ਤੋਂ ਉੱਚਾ ਮਿਆਰ ਸੁਝਾਇਆ ਜਾਂਦਾ ਹੈ। ਉੱਪਰਲੀ ਸੀਮਾ ਤੋਂ ਥੋੜ੍ਹੀ ਜਿਹੀ ਮਾਤਰਾ ਵਿੱਚ ਸੂਖਮ ਪੌਸ਼ਟਿਕ ਤੱਤਾਂ ਦੀ ਖਪਤ ਨਾਲ ਮਾੜੇ ਪ੍ਰਭਾਵਾਂ ਦਾ ਘੱਟ ਜੋਖਮ ਦਿਖਾਇਆ ਗਿਆ ਹੈ। ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਜੀਵਨ ਬਚਾਉਣ ਵਾਲੀਆਂ ਦਵਾਈਆਂ ਵੀ ਜੇਕਰ ਸਿਫ਼ਾਰਸ਼ ਕੀਤੀ ਸੀਮਾ ਤੋਂ ਵੱਧ ਲਈਆਂ ਜਾਣ ਤਾਂ ਉਹ ਘਾਤਕ ਸਿੱਧ ਹੋ ਸਕਦੀਆਂ ਹਨ। ਇਸ ਲਈ, ਏਕੀਕਰਣ ਦੇ ਇਸ ਪ੍ਰੋਗਰਾਮ ਨੂੰ ਨਿਯੰਤ੍ਰਿਤ ਕਰਨ ਲਈ ਉਚਿਤ ਸੀਮਾਵਾਂ ਅਤੇ ਸੁਧਾਰਾਤਮਕ ਕਾਰਵਾਈਆਂ ਨੂੰ ਲਾਗੂ ਕਰਨਾ ਲਾਜ਼ਮੀ ਹੈ। 1940 ਦੇ ਦਹਾਕੇ ਤੋਂ, ਇੰਗਲੈਂਡ ਨੇ ਕਣਕ ਦੇ ਆਟੇ ਨੂੰ ਲੋਹੇ ਅਤੇ ਹੋਰ ਮਹੱਤਵਪੂਰਨ ਪੌਸ਼ਟਿਕ ਤੱਤਾਂ ਨਾਲ ਲੈਸ ਕੀਤਾ ਹੈ। ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਜਿਹੇ ਦੇਸ਼ਾਂ ਨੇ ਕਣਕ ਦੇ ਆਟੇ (FFI) ਵਿੱਚ ਪੌਸ਼ਟਿਕ ਤੱਤਾਂ ਨੂੰ ਵਧਾਉਣਾ ਲਾਜ਼ਮੀ ਕੀਤਾ ਹੈ। ਕੈਨੇਡੀਅਨ ਸਰਕਾਰ ਨੇ ਗੌਇਟਰ ਅਤੇ ਰਿਕੇਟਸ ਜਿਹੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਪੌਸ਼ਟਿਕਤਾ ਵਧਾਉਣ ਦੇ ਲਾਜ਼ਮੀ ਕਦਮ ਦੀ ਵਰਤੋਂ ਕੀਤੀ ਹੈ। ਪਿਛਲੇ ਅਨੁਭਵ ਦੇ ਮੱਦੇਨਜ਼ਰ, ਪੌਸ਼ਟਿਕ ਤੌਰ ‘ਤੇ ਵਿਸ਼ੇਸ਼ ਅਤੇ ਸੰਵੇਦਨਸ਼ੀਲ ਯਤਨਾਂ ਦੁਆਰਾ ਵੱਡੇ ਪੱਧਰ ‘ਤੇ ਭੋਜਨ ਵਿੱਚ ਪੌਸ਼ਟਿਕ ਤੱਤਾਂ ਨੂੰ ਵਧਾ ਕੇ ਸੂਖਮ ਪੌਸ਼ਟਿਕ ਤੱਤਾਂ ਦੀ ਘਾਟ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ ਅਤੇ ਨਿਯੰਤ੍ਰਿਤ ਕੀਤਾ ਜਾ ਸਕਦਾ ਹੈ।

ਸਿੱਟੇ ਵਜੋਂ, ਇਹ ਕਿਹਾ ਜਾ ਸਕਦਾ ਹੈ ਕਿ ਭੋਜਨ ਵਿੱਚ ਪੌਸ਼ਟਿਕ ਤੱਤਾਂ ਦਾ ਪ੍ਰਚਾਰ ਕੁਪੋਸ਼ਣ ਦੇ ਪ੍ਰਬੰਧ ਲਈ ਆਰਥਿਕ ਤੌਰ ‘ਤੇ ਵਿਵਹਾਰਕ ਅਤੇ ਤਕਨੀਕੀ ਤੌਰ ‘ਤੇ ਠੋਸ ਤਰੀਕਾ ਹੈ। ਚਾਵਲ ਭਾਰਤ ਵਿੱਚ ਇੱਕ ਮੁੱਖ ਭੋਜਨ ਹੈ ਅਤੇ ਸਾਰੇ ਸਮਾਜਿਕ-ਆਰਥਿਕ ਵਰਗਾਂ ਦੇ ਲੋਕ ਇਸ ਨੂੰ ਖਾਂਦੇ ਹਨ। ਆਇਰਨ, ਫੌਲਿਕ ਐਸਿਡ ਅਤੇ ਵਿਟਾਮਿਨ ਬੀ 12 ਨਾਲ ਚਾਵਲ ਨੂੰ ਮਜ਼ਬੂਤ ਕਰਨਾ ਦੇਸ਼ ਵਿੱਚ ਆਇਰਨ ਦੀ ਘਾਟ ਅਨੀਮੀਆ (ਆਈਡੀਏ) ਦੀ ਸਮੱਸਿਆ ਨੂੰ ਹੱਲ ਕਰਨ ਦਾ ਇੱਕ ਨਵਾਂ ਅਤੇ ਟਿਕਾਊ ਤਰੀਕਾ ਹੈ। ਚਾਵਲ ਵਿੱਚ ਪੌਸ਼ਟਿਕ ਤੱਤ ਵਧਾਉਣ ਅਤੇ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐੱਸ.) ਰਾਹੀਂ ਲੋਕਾਂ ਨੂੰ ਚਾਵਲ ਦੀ ਸਪਲਾਈ ਕਰਨ ਲਈ ਭਾਰਤ ਸਰਕਾਰ ਦੁਆਰਾ ਕੀਤੀ ਗਈ ਪਹਿਲ ਬਹੁਤ ਹੀ ਸ਼ਲਾਘਾਯੋਗ ਹੈ। (ਇਹ ਲੇਖਕਾਂ ਦੇ ਨਿਜੀ ਵਿਚਾਰ ਹਨ)

(ਇਸ ਲੇਖ ਦੇ ਸੰਗ੍ਰਹਿ ਕਰਤਾ ਹਨ – ਡਾ. ਐੱਚ.ਐੱਨ. ਮਿਸ਼ਰ, ਪ੍ਰੋਫ਼ੈਸਰ (ਐੱਚਏਜੀ) ਅਤੇ ਪ੍ਰਿੰਸੀਪਲ ਇਨਵੈਸਟੀਗੇਟਰ,
ਰਾਈਸ ਫ਼ੌਰਟੀਫ਼ਿਕੇਸ਼ਨ ਪ੍ਰੋਜੈਕਟ, ਐਗਰੀਕਲਚਰਲ ਐਂਡ ਇੰਜੀਨੀਅਰਿੰਗ ਡਿਪਾਰਟਮੈਂਟ, ਭਾਰਤੀ ਟੈਕਨੋਲੋਜੀ ਸੰਸਥਾਨ, ਖੜਗਪੁਰ, ਡਾ. ਸੀਜੀ ਦਲਭਗਤ, ਪ੍ਰੋਜੈਕਟ ਆਫ਼ੀਸਰ, ਰਾਈਸ ਫ਼ੌਰਟੀਫ਼ਿਕੇਸ਼ਨ ਪ੍ਰੋਜੈਕਟ, ਐਗਰੀਕਲਚਰਲ ਐਂਡ ਇੰਜੀਨੀਅਰਿੰਗ ਡਿਪਾਰਟਮੈਂਟ, ਭਾਰਤੀ ਟੈਕਨੋਲੋਜੀ ਸੰਸਥਾਨ, ਖੜਗਪੁਰ। ਸੁਸ਼੍ਰੀ ਏ. ਨਿੱਤਿਆ, ਸੀਨੀਅਰ ਰਿਸਰਚ ਫ਼ੈਲੋ, ਰਾਈਸ ਫ਼ੌਰਟੀਫ਼ਿਕੇਸ਼ਨ ਪ੍ਰੋਜੈਕਟ, ਐਗਰੀਕਲਚਰਲ ਐਂਡ ਇੰਜੀਨੀਅਰਿੰਗ ਡਿਪਾਰਟਮੈਂਟ, ਭਾਰਤੀ ਟੈਕਨੋਲੋਜੀ ਸੰਸਥਾਨ, ਖੜਗਪੁਰ)
=====

Check Also

ਗਰਭ ਅਵਸਥਾ ਦੌਰਾਨ ਨਾਰੀਅਲ ਪਾਣੀ ਪੀਣ ਦੇ ਹੁੰਦੇ ਹਨ ਇਹ 5 ਫਾਇਦੇ, ਜਾਣੋ ਰੋਜ਼ਾਨਾ ਕਿੰਨੇ ਗਲਾਸ ਪੀਣਾ ਸਹੀ

ਨਿਊਜ਼ ਡੈਸਕ- ਗਰਭ ਅਵਸਥਾ ਦੌਰਾਨ, ਔਰਤਾਂ ਨੂੰ ਆਪਣੀ ਅਤੇ ਅਣਜੰਮੇ ਬੱਚੇ ਦੀ ਸਿਹਤ ਨੂੰ ਬਣਾਈ …

Leave a Reply

Your email address will not be published.