ਨਿਊਜ਼ ਡੈਸਕ: ਹਲਦਵਾਨੀ ਵਿੱਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਸਭਾ ਤੋਂ ਬਾਅਦ ਕਥਿਤ ਤੌਰ ’ਤੇ ਕੀਤੇ ਗਏ ਮੰਚ ਦੇ ਸ਼ੁੱਧੀਕਰਨ ਦਾ ਮਾਮਲਾ ਅਜੇ ਵੀ ਸਿਆਸੀ ਵਿਵਾਦ ਦਾ ਕੇਂਦਰ ਬਣਿਆ ਹੋਇਆ ਹੈ। ਹੁਣ ਕਾਂਗਰਸ ਪ੍ਰਧਾਨ ਖੜਗੇ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਜੇਪੀ ਨੱਡਾ ਨੂੰ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੱਡਾ ਨੂੰ ਰਾਜ ਸਭਾ ਵਿੱਚ ਦਿੱਤੇ ਭਰੋਸੇ ਦੀ ਯਾਦ ਦਿਵਾਉਂਦਿਆਂ ਘਟਨਾ ਨਾਲ ਜੁੜੇ ਲੋਕਾਂ ਅਤੇ ਸੰਗਠਨਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਮੁੜ ਰੱਖੀ ਹੈ।
24 ਦਿਨ ਬਾਅਦ ਵੀ ਐਫਆਈਆਰ ਨਹੀਂ
ਖੜਗੇ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਘਟਨਾ ਨੂੰ 24 ਦਿਨ ਬੀਤ ਚੁੱਕੇ ਹਨ, ਪਰ ਇਸ ਲਈ ਜ਼ਿੰਮੇਵਾਰ ਦੱਸੇ ਜਾ ਰਹੇ ਲੋਕਾਂ ਅਤੇ ਸੰਗਠਨਾਂ ਖ਼ਿਲਾਫ਼ ਅਜੇ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ। ਉਨ੍ਹਾਂ ਨੱਡਾ ਨੂੰ ਅਪੀਲ ਕੀਤੀ ਕਿ ਉਹ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੇ ਨਿਰਦੇਸ਼ ਦੇਣ।
ਖੜਗੇ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਉਨ੍ਹਾਂ ਦੀ ਨਿੱਜੀ ਗੱਲ ਜਾਂ ਕਾਂਗਰਸ ਪ੍ਰਧਾਨ ਵਜੋਂ ਉਨ੍ਹਾਂ ਦੀ ਭੂਮਿਕਾ ਤੱਕ ਸੀਮਤ ਨਹੀਂ ਹੈ। ਉਨ੍ਹਾਂ ਮੁਤਾਬਕ ਇਹ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ, ਜੋ ਹਰ ਰੋਜ਼ ਅਜਿਹੀ ਹਕੀਕਤ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੰਮ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ।
ਖੜਗੇ ਨੇ ਨੱਡਾ ਦੇ ਭਰੋਸੇ ਦੀ ਦਵਾਈ ਯਾਦ
ਕਾਂਗਰਸ ਪ੍ਰਧਾਨ ਨੇ ਆਪਣੇ ਪੱਤਰ ਵਿੱਚ ਇਹ ਵੀ ਯਾਦ ਕਰਵਾਇਆ ਕਿ ਰਾਜ ਸਭਾ ਵਿੱਚ ਨੱਡਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਸ਼ੁੱਧੀਕਰਨ ਦੀ ਘਟਨਾ ਵਿੱਚ ਸ਼ਾਮਲ ਲੋਕਾਂ ਅਤੇ ਸੰਗਠਨਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇਗੀ।
ਖੜਗੇ ਨੇ ਇਸ ਘਟਨਾ ਨੂੰ ਆਪਣੀ ਦਲਿਤ ਪਛਾਣ ਨਾਲ ਜੋੜਦਿਆਂ ਸਵਾਲ ਕੀਤਾ ਕਿ ਕੀ ਲੋਕਤੰਤਰ ਵਿੱਚ ਇਸ ਤਰ੍ਹਾਂ ਦੀਆਂ ਪ੍ਰਥਾਵਾਂ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ।
ਨੱਡਾ ਨੇ ਰਾਜ ਸਭਾ ਵਿੱਚ ਕੀ ਕਿਹਾ ਸੀ?
ਵਿਵਾਦ ਦੌਰਾਨ ਰਾਜ ਸਭਾ ਵਿੱਚ ਸਦਨ ਦੇ ਨੇਤਾ ਜੇਪੀ ਨੱਡਾ ਨੇ ਕਿਹਾ ਸੀ ਕਿ ਖੜਗੇ ਨਾਲ ਵਾਪਰੀ ਘਟਨਾ ਦੁਖਦਾਈ ਹੈ ਅਤੇ ਇਹ ਸਿਰਫ਼ ਕਾਂਗਰਸ ਲਈ ਨਹੀਂ, ਸਗੋਂ ਸਾਰਿਆਂ ਲਈ ਚਿੰਤਾ ਦੀ ਗੱਲ ਹੈ। ਉਨ੍ਹਾਂ ਕਿਹਾ ਸੀ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਭਾਜਪਾ ਅਜਿਹੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦੀ। ਨੱਡਾ ਨੇ ਇਹ ਵੀ ਕਿਹਾ ਸੀ ਕਿ ਉਹ ਇਸ ਦੀ ਨਿੰਦਾ ਕਰਦੇ ਹਨ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਵਜੋਂ ਇਸ ਮਾਮਲੇ ਨੂੰ ਦੇਖਣਗੇ।
ਭਾਜਪਾ ਨੇ ਦੋਸ਼ਾਂ ਨੂੰ ਕੀਤਾ ਖਾਰਜ
ਦੂਜੇ ਪਾਸੇ ਭਾਜਪਾ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਜਾਤੀ ਦੇ ਨਜ਼ਰੀਏ ਨਾਲ ਦੇਖਣਾ ਠੀਕ ਨਹੀਂ। ਭਾਜਪਾ ਸੰਸਦ ਮੈਂਬਰ ਨੇ ਕਾਂਗਰਸ ’ਤੇ ਹਿੰਦੂ ਸਮਾਜ ਵਿੱਚ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਗਾਇਆ ਹੈ।

