Punjab News : ਜੇਕਰ ਤੁਹਾਡੀ ਗੱਡੀ ‘ਤੇ ਵੀ ਲਾਲ, ਨੀਲੀ ਜਾਂ ਰੰਗ-ਬਿਰੰਗੀਆਂ ਫਲੈਸ਼ਰ ਲਾਈਟਾਂ ਲੱਗੀਆਂ ਹੋਈਆਂ ਹਨ… ਜਾਂ ਤੁਸੀਂ ਆਪਣੀ ਨਿੱਜੀ ਗੱਡੀ ਵਿੱਚ ਹੂਟਰ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਕਿਉਂਕਿ ਹੁਣ ਅਜਿਹੀਆਂ ਲਾਈਟਾਂ ਅਤੇ ਹੂਟਰਾਂ ਦੀ ਵਰਤੋਂ ਕਰਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ ਅੰਮ੍ਰਿਤਸਰ ਵਿੱਚ ਪੁਲਿਸ ਪ੍ਰਸ਼ਾਸਨ ਨੇ ਨਿੱਜੀ ਵਾਹਨਾਂ ‘ਤੇ ਐਮਰਜੈਂਸੀ ਲਾਈਟਾਂ ਅਤੇ ਹੂਟਰਾਂ ਦੀ ਵਰਤੋਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕਰ ਦਿੱਤੇ ਹਨ। ਇਨ੍ਹਾਂ ਹੁਕਮਾਂ ਤੋਂ ਬਾਅਦ ਨਿੱਜੀ ਵਾਹਨਾਂ ‘ਤੇ ਲਾਲ, ਨੀਲੀਆਂ ਅਤੇ ਬਹੁ-ਰੰਗੀ ਫਲੈਸ਼ਰ ਲਾਈਟਾਂ ਲਗਾਉਣ ਅਤੇ ਉਨ੍ਹਾਂ ਦੀ ਵਰਤੋਂ ਕਰਨ ‘ਤੇ ਪਾਬੰਦੀ ਹੋਵੇਗੀ। ਜੇਕਰ ਕੋਈ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੌ : ਪੰਜਾਬ ਸਰਕਾਰ ਦਾ ਸਫ਼ਾਈ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ! 502 ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਫ਼ੈਸਲੇ ‘ਤੇ ਲੱਗੀ ਮੋਹਰ!
ਦੱਸ ਦਈਏ ਕਿ ਇਹ ਹੁਕਮ ਡਿਪਟੀ ਕਮਿਸ਼ਨਰ ਆਫ਼ ਪੁਲਿਸ-ਕਮ-ਕਾਰਜਕਾਰੀ ਮੈਜਿਸਟ੍ਰੇਟ ਰਵਿੰਦਰਪਾਲ ਸਿੰਘ ਸੰਧੂ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਜਾਰੀ ਕੀਤੇ ਗਏ ਹਨ। ਇਹ ਪਾਬੰਦੀ ਸਿਰਫ਼ ਕਿਸੇ ਇੱਕ ਇਲਾਕੇ ਤੱਕ ਸੀਮਤ ਨਹੀਂ ਰਹੇਗੀ, ਸਗੋਂ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਪੂਰੇ ਅਧਿਕਾਰ ਖੇਤਰ ਵਿੱਚ ਲਾਗੂ ਹੋਵੇਗੀ। ਦਰਅਸਲ, ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਸੀ ਕਿ ਸ਼ਹਿਰ ਵਿੱਚ ਕਈ ਨਿੱਜੀ ਅਤੇ ਗੈਰ-ਅਧਿਕਾਰਤ ਵਾਹਨਾਂ ‘ਤੇ ਐਮਰਜੈਂਸੀ ਸੇਵਾਵਾਂ ਵਿੱਚ ਵਰਤੀਆਂ ਜਾਣ ਵਾਲੀਆਂ ਲਾਈਟਾਂ ਅਤੇ ਹੂਟਰ ਲਗਾਏ ਜਾ ਰਹੇ ਹਨ। ਅਜਿਹੇ ਵਾਹਨ ਸੜਕਾਂ ‘ਤੇ ਆਮ ਲੋਕਾਂ ਵਿੱਚ ਭੁਲੇਖਾ ਪੈਦਾ ਕਰਦੇ ਹਨ। ਕਈ ਵਾਰ ਲੋਕ ਇਨ੍ਹਾਂ ਵਾਹਨਾਂ ਨੂੰ ਪੁਲਿਸ ਜਾਂ ਕਿਸੇ ਹੋਰ ਐਮਰਜੈਂਸੀ ਸੇਵਾ ਨਾਲ ਜੁੜਿਆ ਸਮਝ ਲੈਂਦੇ ਹਨ। ਇਸ ਨਾਲ ਨਾ ਸਿਰਫ਼ ਟ੍ਰੈਫਿਕ ਪ੍ਰਬੰਧ ਪ੍ਰਭਾਵਿਤ ਹੁੰਦਾ ਹੈ, ਬਲਕਿ ਲੋਕਾਂ ਦੀ ਸੁਰੱਖਿਆ ਲਈ ਵੀ ਖ਼ਤਰਾ ਪੈਦਾ ਹੋ ਸਕਦਾ ਹੈ।
ਇਹ ਵੀ ਪੜ੍ਹੌ : ਹਰਿਆਣਾ ‘ਚ ਸੁਖਬੀਰ ਬਾਦਲ ਨੇ ਕੀਤਾ ਨਵੀਂ ਟੀਮ ਦਾ ਐਲਾਨ! ਕਈ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ!
ਹੁਕਮਾਂ ਮੁਤਾਬਕ ਬਾਜ਼ਾਰ ਤੋਂ ਖਰੀਦ ਕੇ ਨਿੱਜੀ ਵਾਹਨਾਂ ‘ਤੇ ਲਗਵਾਈਆਂ ਜਾਣ ਵਾਲੀਆਂ ਤੇਜ਼ ਰੌਸ਼ਨੀ ਵਾਲੀਆਂ ਫਲੈਸ਼ਿੰਗ LED ਬਾਰਾਂ ਦੀ ਵਰਤੋਂ ਵੀ ਨਹੀਂ ਕੀਤੀ ਜਾ ਸਕੇਗੀ। ਇੱਥੇ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਨਿਯਮਤ ਸਰਕਾਰੀ ਡਿਊਟੀ ‘ਤੇ ਤਾਇਨਾਤ ਅਧਿਕਾਰੀਆਂ ਦੇ ਵਾਹਨਾਂ ਨੂੰ ਵੀ ਇਨ੍ਹਾਂ ਵਿਸ਼ੇਸ਼ ਲਾਈਟਾਂ ਅਤੇ ਹੂਟਰਾਂ ਦੀ ਵਰਤੋਂ ਦੀ ਆਮ ਛੋਟ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਅਧਿਕਾਰਤ ਐਮਰਜੈਂਸੀ ਸੇਵਾਵਾਂ ਨੂੰ ਇਸ ਪਾਬੰਦੀ ਤੋਂ ਬਾਹਰ ਰੱਖਿਆ ਗਿਆ ਹੈ। ਯਾਨੀ ਪੁਲਿਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਵਰਗੇ ਅਧਿਕਾਰਤ ਵਾਹਨ ਪਹਿਲਾਂ ਵਾਂਗ ਇਨ੍ਹਾਂ ਲਾਈਟਾਂ ਅਤੇ ਹੂਟਰਾਂ ਦੀ ਵਰਤੋਂ ਕਰ ਸਕਣਗੇ। ਇਸ ਤੋਂ ਇਲਾਵਾ ਸਰਕਾਰੀ ਡਿਊਟੀ ਦੌਰਾਨ ਉੱਚ ਅਧਿਕਾਰੀਆਂ ਅਤੇ ਅਤਿ ਮਹੱਤਵਪੂਰਨ ਵਿਅਕਤੀਆਂ ਯਾਨੀ VIPs ਨੂੰ ਲਿਜਾਣ ਲਈ ਨਿਰਧਾਰਤ ਵਾਹਨਾਂ ਨੂੰ ਵੀ ਛੋਟ ਦਿੱਤੀ ਗਈ ਹੈ। ਸੋ, ਜੇਕਰ ਤੁਸੀਂ ਅੰਮ੍ਰਿਤਸਰ ਵਿੱਚ ਰਹਿੰਦੇ ਹੋ ਅਤੇ ਆਪਣੀ ਨਿੱਜੀ ਗੱਡੀ ‘ਤੇ ਅਜਿਹੀਆਂ ਲਾਈਟਾਂ ਜਾਂ ਹੂਟਰ ਲਗਵਾ ਰੱਖੇ ਹਨ ਤਾਂ ਪ੍ਰਸ਼ਾਸਨ ਦੇ ਇਨ੍ਹਾਂ ਹੁਕਮਾਂ ਨੂੰ ਗੰਭੀਰਤਾ ਨਾਲ ਲਓ। ਕਿਉਂਕਿ ਇਹ ਹੁਕਮ 15 ਫਰਵਰੀ 2027 ਤੱਕ ਪ੍ਰਭਾਵੀ ਰਹਿਣਗੇ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ।

