ਮੁੰਬਈ : ਮਹਾਰਾਸ਼ਟਰ ਵਿੱਚ ਸਰਕਾਰੀ ਬੱਸਾਂ ਦਾ ਕਿਰਾਇਆ ਵੱਧ ਗਿਆ ਹੈ। ਸਟੇਟ ਟ੍ਰਾਂਸਪੋਰਟ ਅਥਾਰਟੀ ਨੇ ਮਹਾਰਾਸ਼ਟਰ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (MSRTC) ਦੀਆਂ ਬੱਸਾਂ ਦੇ ਕਿਰਾਏ ਵਿੱਚ 13.56% ਦੇ ਵਾਧੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਫ਼ੈਸਲਾ ਕਈ ਗੱਲਾਂ ‘ਤੇ ਵਿਚਾਰ ਕਰਨ ਤੋਂ ਬਾਅਦ ਲਿਆ ਗਿਆ ਹੈ, ਜਿਵੇਂ ਕਿ ਖਾੜੀ ਦੇਸ਼ਾਂ ਵਿੱਚ ਜੰਗ ਵਰਗੇ ਹਾਲਾਤ ਕਾਰਨ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ, ਐੱਸ.ਟੀ. (ST) ਕਰਮਚਾਰੀਆਂ ਦੇ ਵੱਖ-ਵੱਖ ਭੱਤਿਆਂ ਵਿੱਚ ਵਾਧਾ ਅਤੇ ਗੱਡੀਆਂ ਦੇ ਸਪੇਅਰ ਪਾਰਟਸ, ਟਾਇਰਾਂ ਅਤੇ ਰੱਖ-ਰਖਾਅ ਦੀ ਲਾਗਤ ਵਿੱਚ ਭਾਰੀ ਵਾਧਾ।
ਖ਼ਾਸ ਗੱਲ ਇਹ ਹੈ ਕਿ ਸਰਕਾਰ ਨੇ ਸਾਫ਼ ਕੀਤਾ ਹੈ ਕਿ ਕਿਰਾਏ ਵਿੱਚ ਇਹ ਵਾਧਾ ਆਮ ਬੱਸਾਂ ਲਈ ਪਹਿਲਾਂ ਲਾਗੂ ਕੀਤੇ ਗਏ 10 ਫ਼ੀਸਦੀ ਦੇ ਸੀਜ਼ਨਲ ਕਿਰਾਏ ਦੇ ਵਾਧੇ ਦੀ ਥਾਂ ਲਵੇਗਾ। ਨਵੀਆਂ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ।
ਆਮ ਬੱਸਾਂ ਲਈ ਮੌਜੂਦਾ 10 ਫ਼ੀਸਦੀ ਦੇ ਸੀਜ਼ਨਲਕਿਰਾਏ ਦੇ ਵਾਧੇ ਨੂੰ ਵਾਪਸ ਲੈ ਲਿਆ ਗਿਆ ਹੈ। 15 ਜੁਲਾਈ ਤੋਂ ਪਹਿਲਾਂ ਜੋ ਕਿਰਾਇਆ ਸੀ, ਉਸ ਤੋਂ 13.56 ਫ਼ੀਸਦੀ ਵਧਾ ਕੇ ਕਿਰਾਇਆ ਹੁਣ ਲਿਆ ਜਾਵੇਗਾ। ਸਰਕਾਰ ਨੇ ਕਿਹਾ ਕਿ ਯਾਤਰੀਆਂ ਲਈ ਸੁਰੱਖਿਅਤ, ਵਧੀਆ ਕੁਆਲਿਟੀ ਵਾਲੀ ਅਤੇ ਬਿਨਾਂ ਰੁਕਾਵਟ ਸੇਵਾ ਯਕੀਨੀ ਬਣਾਉਣ ਅਤੇ ਨਾਲ ਹੀ ਐੱਸ.ਟੀ. ਕਾਰਪੋਰੇਸ਼ਨ ਦੀ ਆਰਥਿਕ ਸਥਿਰਤਾ ਬਣਾਈ ਰੱਖਣ ਲਈ ਕਿਰਾਏ ਵਿੱਚ ਇਹ ਵਾਧਾ ਜ਼ਰੂਰੀ ਸੀ। ਐੱਸ.ਟੀ. ਪੂਰੇ ਰਾਜ ਵਿੱਚ ਲੱਖਾਂ ਯਾਤਰੀਆਂ ਨੂੰ ਸੇਵਾਵਾਂ ਦੇ ਰਿਹਾ ਹੈ ਅਤੇ ਵਧਦੀ ਲਾਗਤ ਦਾ ਬੋਝ ਵੀ ਚੁੱਕ ਰਿਹਾ ਹੈ। ਇਸ ਲਈ ਰੋਜ਼ਾਨਾ ਦੇ ਕੰਮਕਾਜ ‘ਤੇ ਪੈਣ ਵਾਲੇ ਆਰਥਿਕ ਦਬਾਅ ਨੂੰ ਦੇਖਦੇ ਹੋਏ ਸੇਵਾਵਾਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਕਿਰਾਏ ਵਿੱਚ ਵਾਧਾ ਜ਼ਰੂਰੀ ਹੋ ਗਿਆ ਸੀ।
ਟਰਾਂਸਪੋਰਟ ਮੰਤਰੀ ਪ੍ਰਤਾਪ ਸਰਨਾਇਕ ਨੇ ਕਿਹਾ ਕਿ ਕਿਰਾਇਆ ਵਧਾਉਂਦੇ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਯਾਤਰੀਆਂ ‘ਤੇ ਘੱਟ ਤੋਂ ਘੱਟ ਆਰਥਿਕ ਬੋਝ ਪਵੇ। ਰਾਜ ਦੀ ਆਮ ਜਨਤਾ ਨੂੰ ਸੁਰੱਖਿਅਤ, ਗੁਣਵੱਤਾ ਭਰਪੂਰ ਅਤੇ ਬਿਨਾਂ ਰੁਕਾਵਟ ਟਰਾਂਸਪੋਰਟ ਸੇਵਾ ਉਪਲਬਧ ਕਰਵਾਉਣਾ ਅਤੇ ਐੱਸ.ਟੀ. ਮਹਾਮੰਡਲ ਨੂੰ ਆਰਥਿਕ ਤੌਰ ‘ਤੇ ਵਧੇਰੇ ਸਮਰੱਥ ਬਣਾਉਣਾ ਇਸ ਫ਼ੈਸਲੇ ਦਾ ਮੁੱਖ ਉਦੇਸ਼ ਹੈ। ਸਾਨੂੰ ਉਮੀਦ ਹੈ ਕਿ ਯਾਤਰੀ ਪਹਿਲਾਂ ਵਾਂਗ ਹੀ ਐੱਸ.ਟੀ. ‘ਤੇ ਆਪਣਾ ਭਰੋਸਾ ਬਣਾਈ ਰੱਖਣਗੇ।”

