ਵਿਸ਼ਾਲ ਸਿੱਖ ਰਾਜ ਕਾਇਮ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ‘ਤੇ ਵਿਸ਼ੇਸ਼-ਡਾ. ਗੁਰਦੇਵ ਸਿੰਘ

TeamGlobalPunjab
6 Min Read

ਵਿਸ਼ਾਲ ਸਿੱਖ ਰਾਜ ਕਾਇਮ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ

ਡਾ. ਗੁਰਦੇਵ ਸਿੰਘ

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।

ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ ਜੰਮੂ, ਕਾਂਗੜਾ, ਕੋਟ ਨਿਵਾਇ ਗਿਆ ।

ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਇ ਗਿਆ।

- Advertisement -

ਸ਼ਾਹ ਮੁਹੰਮਦ ਜਾਣ ਪਚਾਸ ਬਰਸਾ, ਅੱਛਾ ਰੱਜ ਕੇ ਰਾਜ ਕਮਾਇ ਗਿਆ।

        ਸ਼ੇਰ-ਏ-ਪੰਜਾਬ, ਬਹਾਦਰ ਸਿੱਖ ਸੂਰਮਾ, ਦਿਆਲੂ, ਦਲੇਰ, ਜੰਗਨੀਤੀ ਦਾ ਮਾਹਰ, ਦੁਨੀਆਂ ਦੇ ਅਨਮੌਲ ਹੀਰੇ ਕੋਹਿਨੂਰ ਦਾ ਮਾਲਕ, ਉਂਨਵੀਂ ਸਦੀ ਦਾ ਸਰਬੋਤਮ ਰਾਜਾ, ਪੰਜਾਬ ਦਾ ਮਹਾਂ ਨਾਇਕ ਮਹਾਰਾਜਾ ਰਣਜੀਤ ਸਿੰਘ  ਜਿਸ ਨੇ ਅਜਿਹਾ ਸਿੱਖ ਰਾਜ ਕਾਇਮ ਕੀਤਾ ਕਿ ਜਿਸ ਦੀ ਮਿਸਾਲ ਦੁਨੀਆਂ ਵਿੱਚ ਹੋਰ ਮਿਲਣੀ ਅਸੰਭਵ ਹੈ। ਨਾਨਕਸ਼ਾਹੀ ਕੈਲੰਡਰ 2021 ਅਨੁਸਾਰ ਅੱਜ 29 ਤਾਰੀਕ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ। ਸਰਕਾਰ-ਏ-ਖਾਲਸਾ ਦੇ ਇਸ ਚਮਕਦੇ ਸੂਰਜ ਨੂੰ ਅੱਜ ਅਸਤ ਹੋਏ ਨੂੰ ਲਗਭਗ 183 ਸਾਲ ਹੋ ਗਏ ਹਨ।

ਮਹਾਰਾਜਾ ਰਣਜੀਤ ਸਿੰਘ ਅਜਿਹਾ ਸਿੱਖ ਸਰਦਾਰ ਸੀ ਜੋ ਆਪਣੇ ਆਪ ਨੂੰ ਮਹਾਰਾਜਾ  ਨਹੀਂ ਸਗੋਂ ਭਾਈ ਸਾਹਿਬ, ਸਰਦਾਰ ਸਾਹਿਬ, ਸਿੰਘ ਸਾਹਿਬ ਅਖਵਾਉਂਦਾ ਸੀ। ਉਹ ਆਪਣੇ ਰਾਜ ਨੂੰ ‘ਸਰਕਾਰ ਏ ਖਾਲਸਾ’ ਅਤੇ ਦਰਬਾਰ ਨੂੰ ‘ਦਰਬਾਰ ਏ ਖਾਲਸਾ’ ਆਖਦਾ ਸੀ। ਨਿਮਰਤਾ ਇਥੋਂ ਤਕ ਕਿ ਸਰਕਾਰੀ ਸਿੱਕੇ ’ਤੇ ਆਪਣੇ ਨਾਮ ਬਜਾਇ ਅਕਾਲ ਪੁਰਖ ਜੀ ਸਹਾਯ, ਦੇਗ ਤੇਗ ਫ਼ਤਹ ਨੁਸਰਤ ਬੇਦਰੰਗ। ਯਾਫ਼ਤਜ਼ ਨਾਨਕ ਗੁਰੂ ਗੋਬਿੰਦ ਸਿੰਘ।  ਲਿਖਵਾਇਆ। ਇਸ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਗੁਰੂ ਪ੍ਰਤੀ ਸਮਰਪਣ ਭਾਵਨਾ ਦਾ ਸਹਿਜੇ ਪਤਾ ਲੱਗਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਅਜਿਹਾ ਸਿੱਖ ਰਾਜ ਕਾਇਮ ਕੀਤਾ ਜਿਸ ਦੀਆਂ ਸਰਹੱਦਾਂ ਪੱਛਮ ਵੱਲ ਅਫਗਾਨਿਸਤਾਨ ਨਾਲ, ਉੱਤਰ ਪੂਰਬ ਵੱਲ ਚੀਨ ਤੇ ਤਿੱਬਤ ਨਾਲ ਅਤੇ ਦੱਖਣ ਵੱਲ ਹਿੰਦੋਸਤਾਨ ਨਾਲ ਲੱਗਦੀਆਂ ਸਨ।

ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਿੱਚ ਸਰਹੱਦੀ ਇਲਾਕਿਆਂ ਨੂੰ ਛੱਡ ਕੇ ਕਦੇ ਕੋਈ ਵਿਦਰੋਹ ਨਹੀਂ ਹੋਇਆ। ਸਿੱਖ ਰਾਜ ਵਿੱਚ ਸਭ ਕੌਮਾਂ ਦਾ ਬਰਾਬਰ ਸਨਮਾਨ ਸੀ। ਸਿੱਖ ਰਾਜ ਵਿੱਚ ਇੱਕ ਵੀ ਵਿਆਕਤੀ ਨੂੰ ਫਾਂਸੀ ਨਹੀਂ ਦਿੱਤੀ ਗਈ। ਇੱਥੋਂ ਤਕ ਕਿ ਮੌਤ ਦੀ ਸਜਾ ਦੀ ਹੀ ਕੋਈ ਵਿਵਸਥਾ ਨਹੀਂ ਸੀ। ਇਹ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਾਨੂੰਨ ਤੇ ਅਮਨ ਦੋਵੇਂ ਕਾਇਮ ਸਨ।

ਮਹਾਰਾਜਾ ਰਣਜੀਤ ਸਿੰਘ ਦੀ ਮਹਾਨ ਸਖਸ਼ੀਅਤ ਨਾਲ ਕਈ ਕਥਾਵਾਂ ਵੀ ਪ੍ਰਚਲਿਤ ਨੇ ਜੋ ਮਹਾਰਾਜੇ ਦੀ ਦਿਆਲੂ ਪ੍ਰਵਿਰਤੀ ਤੇ ਨਿਮਰਤਾ ਨੂੰ ਦਰਸਾਉਂਦੀਆਂ ਨੇ ਜਿਵੇਂ ਪੱਥਰ ਮਾਰਨ ਵਾਲੇ ਬੱਚਿਆਂ ਨੂੰ ਮਿਠਾਈ ਦੇਣਾ, ਬਿਲਕੁਲ ਪੱਕੇ ਰੰਗ ਦੀ ਇਕ ਬਜ਼ੁਰਗ ਔਰਤ ਨੂੰ ਸੋਨਾ ਦੇਣਾ, ਇਕ ਬਜ਼ੁਰਗ ਦੇ ਘਰ ਅਨਾਜ ਦੀ ਪੰਡ ਆਪਣੇ ਸਿਰ ’ਤੇ ਚੁੱਕ ਕੇ ਉਸ ਦੇ ਘਰ ਛੱਡ ਕੇ ਆਉਂਣਾ ਆਦਿ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ 40 ਕੁ ਸਾਲਾਂ ਦੇ ਰਾਜ ਚ ਖਾਲਸਾ ਰਾਜ ਨੂੰ ਦੁਨੀਆਂ ਦੀ ਵੱਡੀ ਸ਼ਕਤੀ ਬਣਾ ਦਿੱਤਾ। ਹਵਾਲਿਆ ਮੁਤਾਬਕ ਓਸ ਵੇਲੇ ਖਾਲਸਾ ਰਾਜ ਦਾ ਇੱਕ ਰੁਪੱਈਆ ਅਮਰੀਕਾ ਦੇ ਪੌਣੇ ਦੋ ਡਾਲਰ ਦੇ ਬਰਾਬਰ ਸੀ। ਬੀ.ਬੀ.ਸੀ. ਦੇ ਇੱਕ ਸਰਵੇ ਦੀ ਰੀਪੋਰਟ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਉਨਵੀਂ ਸਦੀ ਦਾ ਸਰਬੋਤਮ ਰਾਜਾ ਵੀ ਐਲਾਨਿਆ ਗਿਆ ।

- Advertisement -

ਸਿੱਖ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਪਾਣੀ ਦੀ, ਕਮਾਲ ਦੀ  ਵਿਵਸਥਾ ਕੀਤੀ ਸੀ। ਇੱਕ ਹਵਾਲੇ ਅਨੁਸਾਰ 1838 ਈਸਵੀ ਤਕ ਖਾਲਸਾ ਰਾਜ ਵਿੱਚ ਨਹਿਰੀ ਪਾਣੀ ਨਾਲ ਦਸ ਲੱਖ ਏਕੜ ਜ਼ਮੀਨ ਦੀ ਸਿੰਚਾਈ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ। ਨਹਿਰਾਂ ਦੀ ਲੰਬਾਈ ਲਗਭਗ 700 ਕਿਲੋਮੀਟਰ ਸੀ ਜਿਸ ਦਾ ਬਾਅਦ ਵਿਚ ਹੋਰ ਵੀ ਵਿਸਥਾਰ ਹੋਇਆ। ਪਿੰਡ ਦਾਦਨ ਖਾਨ ਜੋ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ ਉਸ ਪਿੰਡ ਦੀਆਂ ਨਹਿਰਾਂ ਵਿਚ ਚੱਲਣ ਵਾਲੀਆਂ ਕਿਸ਼ਤੀਆਂ ਦੁਨੀਆਂ ਭਰ ਵਿਚ ਮਸ਼ਹੂਰ ਸਨ।

ਅੰਗਰੇਜ਼ਾਂ ਦਾ ਜਾਸੂਸ ਬਾਰਨ ਚਾਰਲਿਸ ਹੂਗਿਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕਿਆ। ਉਹ ਆਪਣੀ ਪੁਸਤਕ “ਕਸ਼ਮੀਰ ਅਤੇ ਪੰਜਾਬ” ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਅਤਿ ਅਧੁਨਿਕ ਤੋਪਾਂ, ਜੰਗੀ ਹਥਿਆਰਾਂ ਅਤੇ ਫੌਜ ਦੇ ਕਰਤਬਾਂ ਦੀ ਖੁੱਲ ਕੇ ਤਾਰੀਫ ਕਰਦਾ ਹੈ।  ਮਹਾਰਾਜਾ ਰਣਜੀਤ ਸਿੰਘ ਦੀ ਇੱਕ ਹੋਰ ਖਾਸੀਅਤ ਇਹ ਵੀ ਸੀ ਕਿ ਉਸ ਨੇ ਜੋ ਵੀ ਰਾਜ ਜਾਂ ਮਿਸਲ ਨੂੰ ਜਿੱਤਿਆ ਤਾਂ ਉਸ ਮਿਸਲ ਸਰਦਾਰ ਜਾਂ ਰਾਜੇ ਦੇ ਪਰਵਾਰ ਨੂੰ ਸੁੱਖ ਸਹੂਲਤਾਂ ਵਾਸਤੇ ਵੱਡੀਆਂ ਵੱਡੀਆਂ ਜਗੀਰਾਂ ਦਿੱਤੀਆਂ।

ਸਿੱਖ ਰਾਜ ਦੇ ਇਸ ਮਹਾਂ ਨਾਇਕ ਦਾ ਜਨਮ  2 ਨਵੰਬਰ 1780 ਈਸਵੀ ਨੂੰ ਸੁਕਰਚਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਸਰਦਾਰਨੀ ਰਾਜ ਕੌਰ ਦੀ ਕੁਖੋਂ ਹੋਇਆ। ਦਸ ਸਾਲ ਦੀ ਉਮਰੇ ਹੀ ਸਿਰ ਤੋਂ  ਪਿਤਾ ਦਾ ਸਾਇਆ ਉਠ ਗਿਆ ਪਰ ਆਪਣੀ ਦੂਰਤਰਸ਼ਤਾ, ਸ਼ੂਰਵੀਰਤਾ ਅਤੇ ਕੁਸ਼ਲਤਾ ਦੇ ਗੁਣਾਂ ਕਾਰਨ ਇਸ ਨੇ ਵੱਡਾ ਖਾਲਸਾ ਰਾਜ ਸਥਾਪਿਤ ਕੀਤਾ। 1838 ਈਸਵੀ ਤਕ ਮਹਾਰਾਜਾ ਰਣਜੀਤ ਸਿੰਘ ਨੇ ਅਨੇਕ ਇਲਾਕੇ ਖਾਲਸਾ ਰਾਜ ਅਧੀਨ ਕੀਤੇ ਅਤੇ ਬਾਹਰੀ ਹਮਲਾਵਰਾਂ ਦੇ ਰਾਹ ਬੰਦ ਕੀਤੇ। ਅਜਿਹਾ ਸਿੱਖ ਰਾਜ ਕਾਇਮ ਕੀਤਾ ਕਿ ਜਿਸ ਦੀਆਂ ਗੱਲਾਂ ਦੁਨੀਆਂ ਵਿੱਚ ਅੱਜ ਵੀ ਹੁੰਦੀਆਂ ਹਨ। ਅੰਤ 27 ਜੂਨ 1738 ਈਸਵੀ ਵਿੱਚ ਇੱਕ ਗੰਭੀਰ ਬਿਮਾਰੀ ਦੇ ਚਲਦੇ ਸਿੱਖ ਰਾਜ ਦਾ ਇਹ ਮਹਾਂ ਨਾਇਕ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਇਆ। ਮਹਾਰਾਜਾ ਰਣਜੀਤ ਸਿੰਘ ਕੇਵਲ ਸਿੱਖਾਂ ਦਾ ਹੀ ਨਾਇਕ ਨਹੀਂ ਸਗੋਂ ਉਹ ਮਜ਼ਹਬ ਦੇ ਉਨ੍ਹਾ ਸਾਰੇ ਲੋਕਾਂ ਦਾ ਨਾਇਕ ਹੈ ਜੋ ਅਮਨ, ਕਾਨੂੰਨ ਤੇ ਸੱਚ ਵਿੱਚ ਵਿਸ਼ਵਾਸ਼ ਰੱਖਦੇ ਹਨ। ਸੋ ਸਿੱਖ ਕੌਮ ਨੂੰ ਹੀ ਨਹੀਂ ਸਗੋਂ ਸਮੂਹ ਪੰਜਾਬੀਆਂ ਨੂੰ ਆਪਣੇ ਇਸ ਮਹਾਂ ਨਾਇਕ ’ਤੇ ਸਦਾ ਫ਼ਖਰ ਰਹੇਗਾ।

Share this Article
Leave a comment