ਹਰਿਆਣਾ : ਬਹਾਦਰਗੜ੍ਹ ਚ ਸਰਬਜਾਤੀ ਕਿਸਾਨ ਮਜ਼ਦੂਰ ਵੱਲੋਂ ਮਹਾਪੰਚਾਇਤ ਸੱਦੀ ਗਈ। ਜਿਸ ਵਿੱਚ ਵੱਡੀ ਗਿਣਤੀ ਦੇ ਅੰਦਰ ਕਿਸਾਨ ਅਤੇ ਮਜ਼ਦੂਰ ਸ਼ਾਮਲ ਹੋਏ। ਬਹਾਦਰਗੜ੍ਹ ਵਿਖੇ ਸਜਾਈ ਗਈ ਇਸ ਮਹਾਪੰਚਾਇਤ ਦੀ ਸਟੇਜ ‘ਤੇ ਕਿਸਾਨ ਲੀਡਰ ਗੁਰਨਾਮ ਸਿੰਘ ਚਡੂਨੀ, ਡਾ. ਦਰਸ਼ਨਪਾਲ, ਰਾਜਿੰਦਰ ਸਿੰਘ ਸਮੇਤ ਰਾਕੇਸ਼ ਟਿਕੈਤ ਪਹੁੰਚੇ। ਸਟੇਜ ਤੋਂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ “ਹਲ ਚਲਾਉਣ ਵਾਲਾ ਹੱਥ ਨਹੀਂ ਜੋੜੇਗਾ।”
ਰਾਕੇਸ਼ ਟਿਕੈਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਕੇਂਦਰ ਸਰਕਾਰ ਖ਼ਿਲਾਫ਼ ਲੜਾਈ ਲੰਬੀ ਲੜਾਂਗੇ। ਸਾਡਾ ਮਕਸਦ ਹੈ 40 ਲੱਖ ਟਰੈਕਟਰ ਅੰਦੋਲਨ ਦੇ ਨਾਲ ਜੋੜਨਾ, ਇਸ ਲਈ ਸਾਰੇ ਲੋਕ ਮੋਰਚਿਆਂ ਨੂੰ ਹੋਰ ਮਜ਼ਬੂਤ ਬਣਾਉਣ। ਰਾਕੇਸ਼ ਟਿਕੈਤ ਨੇ ਕਿਹਾ ਕਿ ਖਾਪਾਂ ਦੇ ਸਹਿਯੋਗ ਦੇ ਨਾਲ ਸਾਡੀ ਜਿੱਤ ਪੱਕੀ ਹੋਵੇਗੀ। ਇਸ ਤੋਂ ਇਲਾਵਾ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ‘ਤੇ ਇਲਜ਼ਾਮ ਲਗਾਇਆ ਕਿ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਿਕੈਤ ਨੇ ਕਿਹਾ ਕਿ ਜੇਕਰ ਤਿੰਨ ਕਾਨੂੰਨ ਦੇਸ਼ ਵਿੱਚ ਲਾਗੂ ਹੋ ਜਾਂਦੇ ਹਨ ਤਾਂ ਇਸ ਦੇ ਨਾਲ ਦੇਸ਼ ਬਰਬਾਦ ਹੋ ਜਾਵੇਗਾ ਅਤੇ ਬੇਰੁਜ਼ਗਾਰੀ ਵੱਧ ਜਾਵੇਗੀ।
ਇਸ ਤੋਂ ਇਲਾਵਾ ਕਿਸਾਨ ਲੀਡਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਇਹ ਕਿਸਾਨਾਂ ਦੇ ਹੱਕ ਦੀ ਲੜਾਈ ਹੈ, ਇਸ ਨੂੰ ਪੂਰੇ ਦੇਸ਼ ਤਕ ਪਹੁੰਚਾਵਾਂਗਾ। ਗੁਜਰਾਤ ‘ਚ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਅੰਦੋਲਨ ਨੂੰ ਚੱਲਦੇ ਹੋਏ ਅੱਜ 79 ਦਿਨ ਹੋ ਗਏ ਹਨ। ਇਹ ਕਾਫਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਵਿੱਚ ਵੀ ਪਹਿਲੀ ਵਾਰ ਮਹਾਪੰਚਾਇਤ ਸੱਦੀ ਗਈ ਸੀ। ਜਿੱਥੇ ਹਜ਼ਾਰਾਂ ਦਾ ਇਕੱਠ ਦੇਖਣ ਨੂੰ ਮਿਲਿਆ ਸੀ। ਇਸੇ ਤਰ੍ਹਾਂ ਹੁਣ ਕਿਸਾਨ ਪੂਰੇ ਭਾਰਤ ਵਿੱਚ ਮਹਾਪੰਚਾਇਤ ਕਰਨ ਜਾ ਰਹੇ ਹਨ।