ਜਗਤਾਰ ਸਿੰਘ ਸਿੱਧੂ
ਪੰਜਾਬ ਵਿਧਾਨ ਸਭਾ ਦੇ ਬਜਟ ਦੀ ਸ਼ੁਰੂਆਤ ਹੰਗਾਮਿਆਂ ਨਾਲ ਹੋਈ । ਇਕ ਪਾਸੇ ਸਦਨ ਦੇ ਅੰਦਰ ਹੰਗਾਮਾ ਅਤੇ ਦੂਜੇ ਪਾਸੇ ਸਦਨ ਦੇ ਬਾਹਰ ਪੰਜਾਬ ਦੀ ਸ਼ਕਤੀਸ਼ਾਲੀ ਧਿਰ ਕਿਸਾਨੀ ਨਾਲ ਬਣਿਆ ਸਿੱਧਾ ਟਕਰਾਅ । ਸੰਯੁਕਤ ਕਿਸਾਨ ਮੋਰਚੇ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਮਾਨ ਸਰਕਾਰ ਵੱਲੋਂ ਅੱਜ ਗੱਲਬਾਤ ਦੇ ਸੱਦੇ ਨੂੰ ਕੀਤਾ ਰੱਦ। ਇਕ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੰਡੀਗੜ ਕਿਸਾਨਾ ਦੀ ਮੀਟਿੰਗ ਵਿਚੋਂ ਇਹ ਕਹਿਕੇ ਚਲੇ ਗਏ ਸਨ ਕਿ ਗੱਲਬਾਤ ਅਤੇ ਧਰਨਾ ਨਾਲੋ ਨਾਲ ਨਹੀਂ ਚਲ ਸਕਦੇ। ਅੱਜ ਕਿਸਾਨ ਭਵਨ ਚੰਡੀਗੜ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੀਟਿੰਗ ਕਰਕੇ ਸਰਕਾਰ ਨੂੰ ਇਹ ਸੁਨੇਹਾ ਦੇਕੇ ਚਲੇ ਗਏ ਕਿ ਗੱਲਬਾਤ ਅਤੇ ਕਿਸਾਨਾਂ ਦਾ ਕੁਟਾਪਾ ਨਾਲੋ ਨਾਲ ਨਹੀਂ ਚਲ ਸਕਦੇ। ਸਰਕਾਰ ਪਹਿਲਾਂ ਗੱਲਬਾਤ ਦਾ ਮਹੌਲ ਬਣਾਏ ਤਾ ਹੀ ਗੱਲਬਾਤ ਹੋਵੇਗੀ ।ਉਂਝ ਸੰਯੁਕਤ ਕਿਸਾਨ ਮੋਰਚੇ ਨੇ 26 ਮਾਰਚ ਨੂੰ ਪੰਜਾਬ ਵਿਧਾਨ ਸਭਾ ਵੱਲ ਕੂਚ ਮੁਲਤਵੀ ਕਰ ਦਿੱਤਾ । ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਾਰੇ ਗ੍ਰਿਫ਼ਤਾਰ ਕਿਸਾਨ ਆਗੂ ਰਿਹਾਅ ਕੀਤੇ ਜਾਣ ਅਤੇ ਸਾਰਾ ਸਮਾਨ ਵਾਪਸ ਹੋਵੇ ।
ਜੇ ਕਰ ਪੰਜਾਬ ਵਿਧਾਨ ਸਭਾ ਦੀ ਗੱਲ ਹੋਵੇ ਤਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸਦਨ ਅੰਦਰ ਜਿਉਂ ਹੀ ਆਪਣਾ ਸਰਕਾਰ ਦੀਆਂ ਪ੍ਰਾਪਤੀਆਂ ਵਾਲਾ ਭਾਸ਼ਣ ਪੜਨਾ ਸ਼ੁਰੂ ਕੀਤਾ ਤਾਂ ਨਾਲ ਹੀ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜੀ ਸ਼ੁਰੂ ਕਰ ਦਿੱਤੀ । ਰਾਜਪਾਲ ਇਸ ਰੌਲੇ ਰੱਪੇ ਦੌਰਾਨ ਭਾਸ਼ਨ ਪੜਦੇ ਰਹੇ ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਸਦਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਗਏ ਹਨ ਪਰ ਅਜੇ ਵੀ ਲੋਕ ਚੋਣਾਂ ਵੇਲੇ ਕੀਤੇ ਵਾਅਦਿਆਂ ਦੀ ਪੂਰਤੀ ਨੂੰ ਉਡੀਕ ਰਹੇ ਹਨ । ਕਾਂਗਰਸ ਪਾਰਟੀ ਨੇ ਕਰਨਲ ਬਾਠ ਅਤੇ ਉਸ ਦੇ ਬੇਟੇ ਦੀ ਪੁਲਿਸ ਵਲੋ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਸਿਟਿੰਗ ਜਜ ਜਾਂ ਫਿਰ ਸੇਵਾਮੁਕਤ ਜੱਜ ਤੋਂ ਕਰਵਾਈ ਜਾਵੇ । ਉਨਾਂ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ ਕਿਉਂਕਿ ਕਥਿਤ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ । ਪੀੜਤ ਪਰਿਵਾਰ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਦੀ ਮੰਗ ਕੀਤੀ ਹੈ । ਪੀੜਤ ਪਰਿਵਾਰ ਵਲੋਂ ਭਲਕੇ ਪਟਿਆਲਾ ਡੀ ਸੀ ਦਫ਼ਤਰ ਅੱਗੇ ਨਿਆਂ ਲੈਣ ਲਈ ਪੱਕਾ ਧਰਨਾ ਦਿੱਤਾ ਜਾਵੇਗਾ ।
ਮੁੱਖ ਵਿਰੋਧੀ ਧਿਰ ਵੱਲੋਂ ਕਿਸਾਨੀ ਦੇ ਮੁੱਦੇ ਉਪਰ ਮਾਨ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਵਿਰੋਧੀ ਧਿਰ ਦੇ ਆਗੂ ਬਾਜਵਾ ਦਾ ਕਹਿਣਾ ਹੈ ਕਿ ਰਸਤੇ ਬੰਦ ਕਰਨ ਦੇ ਮਾਮਲੇ ਵਿੱਚ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜਦੋਂ ਕਿ ਰਸਤਾ ਤਾਂ ਹਰਿਆਣਾ ਸਰਕਾਰ ਨੇ ਵੱਡੇ ਵੱਡੇ ਪਥਰ ਲਾਕੇ ਰੋਕਿਆ ਹੋਇਆ ਸੀ ।ਕਾਂਗਰਸ ਨੇ ਕਿਹਾ ਕਿ ਕਿਸਾਨਾਂ ਨੂੰ ਘਰ ਬੁਲਾਕੇ ਗ੍ਰਿਫਤਾਰ ਕੀਤਾ ਗਿਆ ਹੈ ।
ਇਸੇ ਮੌਕੇ ਤੇ ਪੰਜਾਬ ਮਹਿਲਾ ਕਾਂਗਰਸ ਵਲੋਂ ਚੰਡੀਗੜ ਵਿਚ ਮਾਨ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਕੇ ਮੰਗ ਕੀਤੀ ਗਈ ਕਿ ਔਰਤਾਂ ਨੂੰ ਗਿਆਰਾਂ ਸੌ ਰੁਪਏ ਮਹੀਨਾ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇ । ਪ੍ਰਦਰਸ਼ਨ ਦੌਰਾਨ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਗੜੀ ਉਤਰ ਗਈ ।
ਰਾਜਪਾਲ ਨੇ ਵੱਖ ਵੱਖ-ਵੱਖ ਖੇਤਰਾਂ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ।ਉਨਾਂ ਨੇ ਸਿਹਤ, ਸਿੱਖਿਆ ਖੇਤਰ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ।ਉਨਾ ਨੇ ਰੁਜ਼ਗਾਰ, ਕਾਰੋਬਾਰ ਅਤੇ ਖੇਤੀ ਸੈਕਟਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ।
ਸੰਪਰਕ 9814002186