ਗੁਰਦਾਸਪੁਰ: ਜ਼ਿਲ੍ਹੇ ਦੇ ਧਾਰੀਵਾਲ ਕਸਬੇ ਦੇ ਕੋਲ ਇੱਕ ਨਿੱਜੀ ਟੂਰਿਸਟ ਬੱਸ ਪਲਟਣ ਗਈ। ਜਿਸ ‘ਚ ਇੱਕ ਯਾਤਰੀ ਦੀ ਮੌਤ ਹੋ ਗਈ ਅਤੇ ਲਗਭਗ ੧੮ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਕੁੱਝ ਦੇ ਹੱਥ-ਪੈਰ ਕਟ ਗਏ ਹਨ ਜਿਨ੍ਹਾ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਅੰਮ੍ਰਿਤਸਰ ਜੀਟੀ ਰੋਡ ‘ਤੇ ਵਾਪਰਿਆ ਜਦੋਂ ਬੱਸ ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਸੀ ।
ਜਾਣਕਾਰੀ ਮੁਤਾਬਕ ਜਦੋਂ ਇਹ ਬੱਸ ਧਾਰੀਵਾਲ ਦੇ ਨੇੜੇ ਪਹੁੰਚੀ ਤਾਂ ਡਰਾਇਵਰ ਦਾ ਇਸ ਤੋਂ ਸੰਤੁਲਨ ਵਿਗੜ ਗਿਆ ਜਿਸ ਕਾਰਨ ਬੱਸ ਪਲਟ ਗਈ। ਬੱਸ ਦੇ ਡਿੱਗਦੇ ਹੀ ਉੱਥੇ ਚੀਕ-ਚਿਹਾੜਾ ਪੈ ਗਿਆ। ਆਸਪਾਸ ਦੇ ਲੋਕਾਂ ਨੇ ਬੱਸ ਨੂੰ ਪਲਟਦੇ ਹੋਏ ਵੇਖਿਆ ਤਾਂ ਸਭ ਸਹਾਇਤਾ ਲਈ ਅੱਗੇ ਆਏ।
ਲੋਕਾਂ ਨੇ ਤੁਰੰਤ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਰਾਹਤ ਬਚਾਵ ਕਾਰਜ ਵਿੱਚ ਲੱਗ ਗਏ। ਲੋਕਾਂ ਨੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਤੇ ਹਸਪਤਾਲ ਪਹੁੰਚਾਇਆ।
ਹਾਦਸੇ ਵਿੱਚ ਇੱਕ ਮਹਿਲਾ ਯਾਤਰੀ ਦੀ ਮੌਤ ਹੋ ਗਈ, ਚਾਰ ਜ਼ਖ਼ਮੀਆਂ ਨੂੰ ਧਾਰੀਵਾਲ ਭਰਤੀ ਕਰਵਾਇਆ ਗਿਆ, 12 ਜ਼ਖ਼ਮੀਆਂ ਨੂੰ ਗੁਰਦਾਸਪੁਰ ਅਤੇ ਦੋ ਨੂੰ ਅੰਮ੍ਰਿਤਸਰ ਦੇ ਹਸਪਤਾਲ ਰੈਫਰ ਕੀਤਾ ਗਿਆ ਹੈ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਰਿਜਨਲ ਟਰਾਂਸਪੋਰਟ ਅਧਿਕਾਰੀ ਬਲਦੇਵ ਰੰਧਾਵਾ, ਡੀਐੱਸਪੀ ਮੌਕੇ ‘ਤੇ ਪਹੁੰਚ ਗਏ।