ਨਰਾਇਣਪੁਰ: ਛੱਤੀਸਗੜ੍ਹ ਦੇ ਨਰਾਇਣਪੁਰ ਦੇ ਕਡੇਨਾਰ ਕੈਂਪ ‘ਚ ਆਈ.ਟੀ.ਬੀ.ਪੀ. ਦੇ ਜਵਾਨਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਣ ਤੋਂ ਬਾਅਦ ਇੱਕ ਜਵਾਨ ਵੱਲੋਂ ਚਲਾਈਆਂ ਗੋਲੀਆਂ ਦੌਰਾਨ 6 ਜਵਾਨਾਂ ਦੀ ਮੌਤ ਹੋ ਗਈ।
ਜਿਨ੍ਹਾਂ ‘ਚੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਾਂਗਪੁਰ ਦਾ ਨੌਜਵਾਨ ਦਲਜੀਤ ਸਿੰਘ ਵੀ ਸ਼ਾਮਲ ਹੈ ਜਿਹੜਾ 1 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਡਿਊਟੀ ‘ਤੇ ਗਿਆ ਸੀ।
ਦਲਜੀਤ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਪੀਏਯੂ ਲੁਧਿਆਣਾ ‘ਚ ਨੌਕਰੀ ਕਰਦੀ ਹੈ । ਦਲਜੀਤ ਸਿੰਘ ਦੀ ਮੌਤ ਦੀ ਖ਼ਬਰ ਪੂਰੇ ਇਲਾਕੇ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਪਿੰਡ ਜਾਂਗਪੁਰ ‘ਚ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਵਾਲਿਆਂ ਦਾ ਇਕੱਠ ਲੱਗ ਗਿਆ।
ਦੱਸਣਯੋਗ ਹੈ ਕਿ ਇਸ ਘਟਨਾ ਵਿੱਚ ਦੋ ਜਵਾਨ ਗੰਭੀਰ ਰੂਪ ਨਾਲ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਚਾਪਰ ਦੀ ਸਹਾਇਤਾ ਨਾਲ ਹਸਪਤਾਲ ਵਿੱਚ ਲਿਜਾਇਆ ਗਿਆ ਦੋਵਾਂ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ।