ਲੁਧਿਆਣਾ ਕੇਂਦਰੀ ਜੇਲ੍ਹ ‘ਚ ਚੱਲ ਰਹੀਆਂ ਪਾਰਟੀਆਂ, ਨਿਸ਼ਾਨੇ ‘ਤੇ ਆਈ ਪੰਜਾਬ ਸਰਕਾਰ

Global Team
3 Min Read

ਲੁਧਿਆਣਾ: ਲੁਧਿਆਣਾ ਕੇਂਦਰੀ ਜੇਲ੍ਹ ਤੋਂ ਗੈਂਗਸਟਰਾਂ ਦੀ ਜਨਮਦਿਨ ਦੀ ਪਾਰਟੀ ਕਰਦਿਆਂ ਦੀ ਵਾਇਰਲ ਵੀਡੀਓ ਤੇ ਹੁਣ ਪੁਲਿਸ ਨੇ ਐਕਸ਼ਨ ਲਿਆ ਹੈ, ਜੇਲ੍ਹ ਵਿੱਚ ਬੰਦ ਕਤਲ ਦੀ ਸਜ਼ਾ ਭੁਗਤ ਰਹੇ ਇੱਕ ਮੁਲਜ਼ਮ ਦਾ ਜਨਮਦਿਨ ਸੀ ਜਿਸ ਦੀ ਪਾਰਟੀ ਕੀਤੀ ਜਾ ਰਹੀ ਸੀ। ਅਤੇ ਇਸ ਦੀ ਵੀਡੀਓ ਨੂੰ ਇੰਟਰਨੈਟ ‘ਤੇ ਵਾਇਰਲ ਕਰ ਦਿੱਤਾ ਸੀ। ਪੁਲਿਸ ਨੇ ਵੀਡੀਓ ਦੇ ਆਧਾਰ ‘ਤੇ ਕਾਰਵਾਈ ਕੀਤੀ ਹੈ। ਵੀਡੀਓ ਵਿੱਚ ਨਜ਼ਰ ਆ ਰਹੇ 10 ਹੋਰ ਕੈਦੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇੰਟਰਨਲ ਡੀਆਈਜੀ ਨੂੰ ਵੀ ਮਾਮਲੇ ਦੀ ਜਾਂਚ ਸੌਂਪੀ ਗਈ ਹੈ।

ਏਡੀਜੀਪੀ ਜੇਲ੍ਹ ਅਰੁਣਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਪੰਜਾਬ ਸਾਈਬਰ ਸੈੱਲ ਨੂੰ ਵੀ ਪੱਤਰ ਲਿਖਿਆ ਹੈ ਕਿ ਜਿਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਜੇਲ੍ਹ ਦੀ ਇਹ ਵੀਡੀਓ ਚੱਲ ਰਹੀ ਹੈ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਵੇ। ਜੇਕਰ ਸੋਸ਼ਲ ਮੀਡੀਆ ‘ਤੇ ਜੇਲ੍ਹ ਦੇ ਕੈਦੀਆਂ ਵੱਲੋਂ ਕੋਈ ਹੋਰ ਵੀਡੀਓ ਬਣਾਈ ਗਈ ਹੈ ਤਾਂ ਉਸ ਨੂੰ ਵੀ ਹਟਾ ਦਿਓ।

ੳੱਥੇ ਹੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜਿਹਨਾਂ ਦੇ ਕੋਲ ਗ੍ਰਹਿ ਮੰਤਰਾਲਾ ਅਤੇ ਜੇਲ੍ਹ ਵਿਭਾਗ ਹੈ।

ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਉਹ 5ਜੀ ਜੈਮਰ ਕਿੱਥੇ ਹੈ, ਜਿਸ ਦੀ ਵਰਤੋਂ ਤੁਸੀਂ ਆਪਣੀ ਨਿੱਜੀ ਸੁਰੱਖਿਆ ਲਈ ਕਰਦੇ ਹੋ।

ਸਿੱਧੂ ਨੇ ਕਿਹਾ ਕਿ ਜੇਲ੍ਹ ਮੈਨੂਅਲ ਅਨੁਸਾਰ ਛੇ ਕੈਦੀਆਂ ਲਈ ਇੱਕ ਆਦਮੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਜਦੋਂ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਇੱਕ ਵਿਅਕਤੀ 26 ਵਿਅਕਤੀਆਂ ਨੂੰ ਸੰਭਾਲ ਰਿਹਾ ਹੈ। ਇੰਨੇ ਥੋੜ੍ਹੇ ਸਟਾਫ ਨਾਲ, ਤੁਸੀਂ ਇੱਕ ਅਸਫਲ ਜੇਲ੍ਹ ਮੰਤਰੀ ਹੋ। ਰੁਜ਼ਗਾਰ ਦੀ ਗੱਲ ਕਰਦੋ ਹੋ.. ਜਾਗੋ ਜਨਾਬ…

ਓਧਰ ਅਕਾਲੀ ਦਲ ਨੇ ਵੀ ਇਸ ਮੁੱਦੇ ‘ਤੇ ਸੀਐਮ ਭਗਵੰਤ ਮਾਨ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਹੈ। ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵੈਸੇ ਤਾਂ ਇਸ ਵੀਡੀਓ ‘ਤੇ ਟਿੱਪਣੀ ਕਰਨ ਦੀ ਕੋਈ ਲੋੜ ਨਹੀਂ ਹੈ। ਇਹ ਆਪਣੇ ਆਪ ਵਿੱਚ ਅਮਨ-ਕਾਨੂੰਨ ਦੀ ਪੂਰੀ ਤਰ੍ਹਾਂ ਅਸਫਲਤਾ ਅਤੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦਾ ਸਬੂਤ ਹੈ।

ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਪੰਜਾਬ ਦੀ ਭਲਾਈ ਲਈ ਕਿਸ ਤਰ੍ਹਾਂ ਕੰਮ ਕਰ ਰਹੇ ਹਨ। ਉਂਝ ਇਹ ਘਟਨਾ ਲੁਧਿਆਣਾ ਜੇਲ੍ਹ ਵਿੱਚ ਵਾਪਰੀ ਹੈ। ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਮੁੱਖ ਮੰਤਰੀ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

Share This Article
Leave a Comment